Breaking News
Home / ਪੰਜਾਬ / ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਇਰਾਨ ਦੇ ਸਿੱਖਿਆ ਸ਼ਾਸਤਰੀਆਂ ਦਾ ਵਫ਼ਦ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਇਰਾਨ ਦੇ ਸਿੱਖਿਆ ਸ਼ਾਸਤਰੀਆਂ ਦਾ ਵਫ਼ਦ

ਇਰਾਨ ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਇਰਾਨ ਦੇ ਸਿੱਖਿਆ ਮਾਹਿਰਾਂ ਦਾ ਵਫ਼ਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਇਆ। ਉਨ੍ਹਾਂ ਗੁਰੂਘਰ ਮੱਥਾ ਟੇਕਿਆ ਅਤੇ ਧਾਰਮਿਕ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਅਲ-ਮੁਸਤਫ਼ਾ ਅੰਤਰਰਾਸ਼ਟਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਲੀ ਅੱਬਾਸੀ, ਯੂਨੀਵਰਸਿਟੀ ਦੇ ਭਾਰਤ ਵਿੱਚ ਮੁੱਖ ਪ੍ਰਤੀਨਿਧੀ ਡਾ. ਰਜ਼ਾ ਸ਼ੇਕਰੀ, ਡਾ. ਅੱਬਾਸੀ ਦੇ ਨਿੱਜੀ ਸਹਾਇਕ ਡਾ. ਮੁਰਤਜ਼ਾ ਸ਼ਾਨੀ, ਯੂਨੀਵਰਸਿਟੀ ਦੇ ਡਿਪਟੀ (ਅੰਤਰਰਾਸ਼ਟਰੀ) ਡਾ. ਅਥਰ ਜਾਫ਼ਰੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਡਾ. ਅਲੀ ਅਕਬਰ ਸ਼ਾਹ ਸ਼ਾਮਲ ਸਨ। ਇਸ ਵਫ਼ਦ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੁਲਾਕਾਤ ਵੀ ਕੀਤੀ। ਇਰਾਨੀ ਵਫ਼ਦ ਨੇ ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਇਰਾਨ ਆ ਕੇ ਉਥੇ ਮੌਜੂਦ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ। ਵਫ਼ਦ ਦੇ ਆਗੂ ਉਪ ਕੁਲਪਤੀ ਡਾ. ਅਲੀ ਅੱਬਾਸੀ ਨੇ ਕਿਹਾ ਕਿ ਭਾਰਤ ਦੇ ਹੋਰ ਧਰਮਾਂ ਸਮੇਤ ਸਿੱਖਾਂ ਨਾਲ ਵੀ ਇਰਾਨੀਆਂ ਦੀ ਆਪਸੀ ਸਾਂਝ ਹੈ ਇਸ ਲਈ ਕਈ ਖੇਤਰਾਂ ਜਿਵੇਂ ਕਿ ਧਰਮ ਇਤਿਹਾਸ, ਫਾਰਸੀ ਭਾਸ਼ਾ, ਸਿੱਖਿਆ, ਸੱਭਿਆਚਾਰ ਆਦਿ ਵਿਚ ਸਾਂਝੇ ਯਤਨਾਂ ਨਾਲ ਵੱਖ-ਵੱਖ ਕਾਰਜ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਇਥੇ ਦਰਸ਼ਨ ਕਰਕੇ ਬਹੁਤ ਚੰਗਾ ਮਹਿਸੂਸ ਹੋਇਆ ਹੈ।
ਧਾਮੀ ਨੇ ਕਿਹਾ ਕਿ ਇਰਾਨ ਦਾ ਇਹ ਵਫ਼ਦ ਉਥੋਂ ਦੀ ਯੂਨੀਵਰਸਿਟੀ ਦੇ ਨਾਲ ਸਬੰਧਤ ਸੀ ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿਚ ਸਾਂਝੇ ਯਤਨਾਂ ਤਹਿਤ ਕਾਰਜ ਕਰਨ ਦੀ ਗੱਲਬਾਤ ਹੋਈ ਹੈ। ਇਸ ਸਬੰਧ ਵਿੱਚ ਯੋਗ ਸੰਭਾਵਨਾਵਾਂ ‘ਤੇ ਕਾਰਜ ਕਰਨ ਲਈ ਵਿਚਾਰ ਚਰਚਾ ਅੱਗੇ ਵਧਾਈ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਵਫ਼ਦ ਦੇ ਮੈਂਬਰਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

 

 

Check Also

ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਦੇ ਦਫ਼ਤਰ ’ਚ ਵਿਜੀਲੈਂਸ ਨੇ ਚਿਪਕਾਇਆ ਨੋਟਿਸ

ਜੰਗ-ਏ-ਅਜ਼ਾਦੀ ਸਮਾਰਕ ਮਾਮਲੇ ’ਚ 7 ਦਿਨਾਂ ’ਚ ਪੇਸ਼ ਹੋਣ ਲਈ ਕਿਹਾ ਜਲੰਧਰ/ਬਿਊਰੋ ਨਿਊਜ਼ : ਜਲੰਧਰ …