Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਵਿਲੱਖਣ ਸ਼ਖਸੀਅਤ ਸਨ ਪ੍ਰੋ. ਗੁਰਦਿਆਲ ਸਿੰਘ
ਨਿੰਦਰ ਘੁਗਿਆਣਵੀ
ਪਦਮ ਸ੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਸੰਗਤ ਮਾਣਦਿਆਂ ਸੁਖ ਮਹਿਸੂਸ ਹੁੰਦਾ ਸੀ। ਮੈਂ ਜਦ ਵੀ ਜੈਤੋ ਗਿਆ ਸਾਂ ਤਾਂ ਹੱਲਾਸ਼ੇਰੀ ਤੇ ਉਤਸ਼ਾਹ ਵਿੱਚ ਭਰਿਆ ਵਾਪਸ ਪਰਤਿਆਂ ਸਾਂ। ਬਹੁਤ ਗੱਲ ਕਰਦੇ। ਵੱਖ-ਵੱਖ ਵਿਸ਼ੇ ਹੁੰਦੇ। ਸਾਹਿਤ ਤੇ ਕਲਾ ਕੇਂਦਰ ਬਿੰਦੂ ਹੁੰਦੇ ਗੱਲਾਂ ਦਾ। ਉਨ੍ਹਾਂ ਦੇ ਕਾਫੀ ਨੁਕਤੇ ਕੰਮ ਆਏ। ਵੱਡੀ ਗੱਲ: ਸਾੜਾ ਕਰਨ ਵਾਲਿਆਂ ਨੇ ਸਿਰਫ਼ ਹੀ ਸਾੜਾ ਕਰਨਾ ਹੁੰਦੈ, ਉਹ ਕੰਮ ਕਰਨਾ ਨਹੀਂ ਜਾਣਦੇ ਹੁੰਦੇ,ਉਹਨਾਂ ਦੀ ਭੋਰਾ ਪ੍ਰਵਾਹ ਨਾ ਕਰੋ, ਆਪਣੇ ਕੰਮ ਵਿੱਚ ਧਿਆਨ ਦਿਓਗੇ ਤੇ ਉਹਨਾਂ ਨੂੰ ਇਗਨੋਰ ਕਰੋਗੇ ਫਿਰ ਹੀ ਤੁਸੀਂ ਆਪਣੇ ਕੰਮ ਵਿੱਚ ਸਫ਼ਲ ਹੋਵੋਗੇ। ਅਜਿਹੇ ਲੋਕਾਂ ਦੀ ਹਰ ਥਾਂ ਭਰਮਾਰ ਹੈ। ਉਹ ਆਖਦੇ, ”ਮੇਰੇ ਨਾਲ ਵੀ ਬਹੁਤ ਲੋਕਾਂ ਨੇ ਸਾੜਾ ਕੀਤੈ ਤੇ ਕਰਦੇ ਐ ਪਰ ਮੈਂ ਕਦੇ ਨੀ ਗੌਲਿਆ, ਜੁਆਬ ਹੀ ਨਾ ਦਿਓ ਕਿਸੇ ਦੀ ਆਖੀ ਦਾ।” ਲਗਭਗ 84 ਸਾਲ ਦੀ ਆਯੂ ਭੋਗ ਕੇ ਉਹ ਪੰਜਾਬੀ ਸਾਹਿਤ ਜਗਤ ਦਾ ਵਿਹੜਾ ਸੁੰਨਾ ਕਰ ਗਏ। ਉਹ ਅਭੁੱਲ ਹਸਤੀ ਸਨ, ਕਦੇ ਨਾ ਭੁੱਲਣਯੋਗ। ਜਿਸ ਕਿਸੇ ਨੇ ਵੀ ਉਹਨਾਂ ਦੀ ਥੋੜੀ ਜਾਂ ਬਹੁਤੀ ਸੰਗਤ ਮਾਣੀ ਹੈ, ਉਹ ਹਮੇਸ਼ਾ ਉਸਦੇ ਦਿਲ ਵਿੱਚ ਵਾਸ ਕਰੀ ਰੱਖਣਗੇ। ਪੰਜਾਬੀ ਸਾਹਿਤ ਦੀ ‘ਮੜ੍ਹੀ ਦਾ ਦੀਵਾ’ ਹੁਣ ਨਹੀਂ ਜਗੇਗਾ।ਉਹ ਆਪਣੀ ਸਾਹਿਤਕ ਲੋਅ ਪੰਜਾਬੀ ਸਾਹਿਤ ਦੇ ਧੁੰਦਲੇ ਵਿਹੜੇ ਵਿੱਚ ਨਿਰੰਤਰ ਬਿਖੇਰਦਾ ਰਿਹਾ। ‘ਅਣਹੋਏ’ ਲੋਕਾਂ ਨਾਲ  ਵਾਪਰਦੀਆਂ ਅਣਹੋਣੀਆਂ ਦੀ ਉਹ ਬੌਧਿਕ ਤੇ ਬੁਲੰਦ ਆਵਾਜ਼ ਸਨ। ਹੁਣ ਵਿਸੇਸ਼ਣ ਤੇ ਅਖਾਣ ਬਥੇਰੇ ਵਰਤੇ ਜਾ ਸਕਦੇ ਹਨ,ਪਰੰਤੂ ਪ੍ਰੋਫੈਸਰ ਗੁਰਦਿਆਲ ਸਿੰਘ ਦੀਆਂ ਕੁਝ ਅਭੁੱਲ ਅਤੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਪਾਠਕਾਂ ਨਾਲ ਸਾਂਝੇ ਕਰੇ ਬਿਨਾਂ ਰਿਹਾ ਨਹੀਂ ਜਾ ਸਕਦਾ। ਉਹ ਹਮੇਸ਼ਾ ਚੰਗੀ ਕਿਰਤ ਦੇ ਰਚੈਤਾ ਨੂੰ ਉਤਸ਼ਾਹਿਤ ਕਰਦੇ ਸਨ। ਬਾ-ਦਲੀਲ ਵੇਰਵਿਆਂ ਨਾਲ ਹਰੇਕ ਗੱਲ ਦੀ ਤੰਦੀ ਫੜਨੀ ਤੇ ਉਸ ਨੂੰ ਬੜੀ ਸਹਿਜ ਨਾਲ ਸਿਰੇ ਲਾਉਣਾ ਉਹਨਾਂ ਦੀ ਸ਼ਖਸੀਅਤ ਦਾ ਮੁੱਖ ਗੁਣ ਸੀ। ਮੇਰੀਆਂ 4 ਪੁਸਤਕਾਂ ਬਾਰੇ ਉਹਨਾਂ ਦੀਆਂ ਹੌਸਲਾ ਵਧਾਊ ਟਿੱਪਣੀਆਂ ਦਰਜ ਹਨ। ਪਹਿਲੀਆਂ ਮਿਲਣੀਆਂ ਵਿੱਚ ਮੈਂ ਬਹੁਤ ਹੈਰਾਨ ਹੋਇਆ ਸੀ ਕਿ ਇਹ ਮਿਲਣ ਵਾਲੇ ਇੱਕ-ਇੱਕ ਬੰਦੇ ਨੂੰ ਏਨੇ-ਏਨੇ ਘੰਟੇ ਦੇਈ ਜਾ ਰਹੇ ਹਨ, ਲਿਖਦੇ ਕਿਹੜੇ ਵੇਲੇ ਹੋਣਗੇ! ਬਹੁਤ ਲੋਕਾਂ ਨਾਲ ਫੋਨ ਉਤੇ ਵੀ ਲੰਬੀ ਗੱਲ ਕਰ ਲੈਂਦੇ ਸਨ। ਬਹੁਤ ਹੌਲੀ-ਹੌਲੀ ਬੋਲਦੇ। ਉਹ ਬੜੇ ਇਕਾਂਤ-ਚਿੱਤ ਤੇ ਸਹਿਜ-ਭਾਵੀ ਸਨ। ਜਦੋਂ ਉਹਨਾਂ ਦਾ ਲਿਖਣ ਵੇਲਾ ਹੁੰਦਾ, ਆਪਣੇ ਕਿਸੇ ਨਾਵਲ ਦੇ ਪਾਤਰ ਨਾਲ ਸੰਵਾਦ ਰਚਾ ਰਹੇ ਹੁੰਦੇ, ਤਾਂ ਉਦੋਂ ਚਮਚਾ ਡਿੱਗਣ ਦੀ ਆਵਾਜ਼ ਵੀ ਬਰਦਾਸ਼ਤ ਨਹੀਂ ਸਨ ਕਰਦੇ। ਉਦੋਂ ਸਿਰਫ ਤੇ ਸਿਰਫ਼ ਕਲਮ ਤੇ ਸ਼ਬਦ ਹੀ ਉਹਨਾਂ ਦੇ ਸਾਥੀ ਹੁੰਦੇ ਸਨ, ਜੋ ਆਪ-ਮੁਹਾਰੇ ਹੀ ਕਾਗਜ਼ ਦੀ ਹਿੱਕ ਉਤੇ ਪੈਰ ਪਸਾਰੀ ਜਾਂਦੇ। ਜਦ ਉਨਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ 1962 ਵਿੱਚ ਮਿਲਿਆ ਤਾਂ ਉਦੋਂ ਉਹ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਪੜਾਉਂਦੇ ਸਨ। ਸਵੇਰ ਨੂੰ ਕਾਲਜ ਆਏ ਤੇ ਕਲਾਸ-ਰੂਮ ਗਏ। ਵਿਦਿਆਰਥੀ ਉੱਚੀ-ਉੱਚੀ ਕੂਕਾਂ ਮਾਰਨ ਲੱਗੇ ਕਿ ਪਾਰਟੀ ਸਰ ਪਾਰਟੀ ਸਰ…। ਪ੍ਰੋਫੇਸਰ ਸਾਹਬ ਸੁਭਾਅ ਮੁਤਾਬਕ ਮੁਸਕ੍ਰਾ ਕੇ ਧੀਮਾ ਜਿਹਾ ਬੋਲੇ, ”ਅੱਛਾ, ਤਾਂ ਖਰਮਸਤੀ ਹੋ ਰਹੀ ਹੈ?” ਫਿਰ ਉਹਨਾਂ ਬਲੈਕ-ਬੋਰਡ ਉਤੇ ਖਰ+ਮਸਤੀ ਲਿਖਿਆ ਤੇ ਇਹਦੇ ਅਰਥ ਕਰਦਿਆਂ ਆਖਿਆ, ”ਖਰ ਤੋਂ ਮਤਲਬ ਖੋਤਾ ਤੇ ਮਸਤੀ ਤੁਸੀਂ ਜਾਣਦੇ ਈ ਓਂ।” ਸਾਰੇ ਹੱਸ ਪਏ। ਉਹਨਾਂ ਕਿਹਾ ਕਿ ਜਿਹੜਾ ਸਭ ਤੋਂ ਤਕੜਾ ਵਿਦਿਆਰਥੀ ਐ, ਉਹ ਉਠੇ। ਇੱਕ ਹੁੰਦੜਹੇਲ ਮੁੰਡਾ ਉਠ ਕੇ ਕੋਲ ਆਇਆ, ਪ੍ਰੋਫੈਸਰ ਗੁਰਦਿਆਲ ਸਿੰਘ ਬੋਲੇ, ”ਬੇਟਾ, ਮੇਰੇ ਜਿਹੜੇ ਨਾਵਲ ਨੂੰ ਇਨਾਮ ਮਿਲਿਐ, ਏਹਨੂੰ ਲਿਖਦੇ ਵਕਤ ਏਨੇ ਕਾਗਜ਼ ਨਸ਼ਟ ਹੋਏ ਕਿ ਇਹਦੀ ‘ਰੱਦੀ ਦੀ ਪੰਡ’ ਵੀ ਜੇਕਰ ਬੰਨ੍ਹ ਦੇਈਏ ਤਾਂ ਤੈਥੋਂ ਚੁੱਕ ਨਹੀਂ ਹੋਣੀ।”
ਸ੍ਰ ਬੇਅੰਤ ਸਿੰਘ ਦੀ ਹੱਤਿਆ ਬਾਅਦ ਸ੍ਰ ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ-ਮੰਤਰੀ ਬਣ ਗਏ। ਫਰੀਦਕੋਟ ਤੋਂ ਸ੍ਰ ਅਵਤਾਰ ਸਿੰਘ ਬਰਾੜ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ। ਉਹਨਾਂ ਮੁੱਖ-ਮੰਤਰੀ ਨੂੰ ਆਖਿਆ ਕਿ ਮੈਂ ਆਪਣੀ ਪਸੰਦ ਦੇ ਸ਼ਖਸ ਨੂੰ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਲਾਉਣਾ ਹੈ, ਜੋ ਜਗਤ ਪ੍ਰਸਿੱਧ ਪੰਜਾਬੀ ਸਾਹਿਤਕਾਰ ਤੇ ਬੁੱਧੀਜੀਵੀ ਹੈ। ਮੁੱਖ ਮੰਤਰੀ ਨੇ ਹਰੀ ਝੰਡੀ ਦੇ ਦਿੱਤੀ। ਸ੍ਰ ਅਵਤਾਰ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਪ੍ਰੋਫੈਸਰ ਸਾਹਬ ਕੋਲ ਪੁੱਜੇ ਤੇ ਆਖਿਆ ਕਿ ਹੁਣ ਤੁਸੀਂ ਪੰਜਾਬ ਦੇ ਸਿੱਖਿਆ ਢਾਂਚੇ ਦੀ ਕਾਇਆ ਕਲਪ ਤੇ ਢੁਕਵੇਂ ਸੁਧਾਰ ਕਰੋ ਤੇ ਚੇਅਰਮੈਨੀ ਸੰਭਾਲੋ, ਮੁੱਖ ਮੰਤਰੀ ਜੀ ਨੇ ਵੀ ਹਾਂ ਕਰ ਦਿੱਤੀ ਹੈ। ਸ੍ਰ ਬਰਾੜ ਨੁੰ ਜੱਫੀ ਵਿੱਚ ਲੈ ਕੇ ਪ੍ਰੋਫੈਸਰ ਸਾਹਬ ਹਸਦੇ ਹੋਏ ਬੋਲੇ ਕਿ ਅਵਤਾਰ ਸਿੰਘ ਤੁਹਾਡਾ ਧੰਨਵਾਦ ਕਿ ਏਹ ਮਾਣ ਦਿੱਤਾ ਐ ਤੁਸੀਂ ਪਰ ਮੈਂ ਏਹੇ ਕਦੇ ਪ੍ਰਵਾਨ ਨਹੀਂ ਕਰ ਸਕਦਾ, ਮੈਂ ਸਿਰਫ ਕਲਮ ਨਾਲ ਹੀ ਪ੍ਰਤੀਬੱਧ ਹਾਂ,ਇਹ ਜਿੰਮੇਵਰੀ ਕਿਸੇ ਹੋਰ ਸਿਆਣੇ ਸੱਜਣ ਨੂੰ ਸੌਂਪੋ। ਸੋ, ਫਿਰ ਬ੍ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਮੁਖਤਿਆਰ ਸਿੰਘ ਨੂੰ ਚੇਅਰਮੈਨ ਥਾਪਿਆ ਗਿਆ। ਸ਼ਾਇਰ ਨਵੀ ਨਵਪ੍ਰੀਤ ਦੱਸ ਰਿਹਾ ਸੀ ਕਿ ਇੱਕ ਦਿਨ ਉਸਨੇ ਦੇਰ ਪਹਿਲਾਂ ਸਰਕਾਰ ਬਦਲਣ ਸਮੇਂ ਪੁੱਛਿਆ ਸੀ ਕਿ ਪ੍ਰੋਫੈਸਰ ਸਾਹਬ, ਸਰਕਾਰ ਬਦਲ ਰਹੀ ਹੈ, ਕੀ ਰਾਜਨੀਤਕ ਪ੍ਰਬੰਧ ਵਿੱਚ ਕੁਝ ਬੁਨਿਆਦੀ ਤਬਦੀਲੀ ਹੋਊ ਕਿ ਨਹੀਂ? ਪ੍ਰੋਫੈਸਰ ਸਾਹਬ ਆਖਣ ਲੱਗੇ, ”ਬੁਨਿਆਦੀ ਤਬਦੀਲੀ ਬਾਰੇ ਤੁਸੀਂ ਆਪ ਸਮਝ ਲੈਣਾ, ਮੈਂ ਇੱਕ ਗੱਲ ਦਸਦਾ ਹਾਂ ਕਿ ਜਦੋਂ 1917 ਵਿਚ ਰੂਸ ‘ਚ ਕ੍ਰਾਂਤੀ ਹੋਈ, ਲੈਨਿਨ ਰੂਸ ਦਾ ਰਾਸ਼ਟਰਪਤੀ ਬਣਿਆ ਤਾਂ ਉਸਦੀ ਪਤਨੀ ਕਰੁਪਸਕਾਇਆ ਰਾਸ਼ਨ ਦੀ ਹੱਟੀ ਉਤੇ ਜਾ ਕੇ ਲਾਈਨ ਵਿੱਚ ਖਲੋਂਦੀ ਤੇ ਰਾਸ਼ਨ ਲੈਂਦੀ ਸੀ ਤੇ ਲੈਨਿਨ ਦੇ ਦਫਤਰ ਵਿੱਚ ਜਿਹੜੇ ਕੱਪਾਂ ਵਿੱਚ ਚਾਹ ਪੀਤੀ ਜਾਦੀ ਸੀ ਉਹ ਅਲੱਗ-ਅਲੱਗ ਰੰਗਾਂ ਦੇ ਸਨ ਕਿਉਂਕਿ ਜਦ ਕੋਈ ਕੱਪ ਟੁੱਟ ਜਾਂਦਾ ਸੀ ਤਾਂ ਉਹ ਪੂਰਾ ਸੈੱਟ ਕੱਪਾਂ ਦਾ ਨਹੀ ਸਨ ਖਰੀਦਦੇ, ਸਗੋਂ ਇੱਕ ਇੱਕ ਕੱਪ ਹੀ ਖਰੀਦਦੇ ਸਨ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਲੋਕਾਂ ਦਾ ਇੱਕ ਵੀ ਰੁਪੱਈਆ ਕਿਧਰੇ ਫਾਲਤੂ ਜਾਂ ਅਜਾਈਂ ਨਾ ਜਾਵੇ।” ਫਿਰ ਉਹ ਨਵੀ ਵੱਲ ਝਾਕ ਕੇ ਪੁੱਛਣ ਲੱਗੇ ਕਿ ਹੁਣ ਤੂੰ ਹੀ ਦੱਸ ਕਿ ਪੰਜਾਬ ਵਿੱਚ ਬੁਿਨਆਦੀ ਤਬਦੀਲੀ ਦਾ ਕੋਈ ਅਸਾਰ ਹੈ?  ਸੋ, ਉਹ ਇਕੱਲੇ ਨਾਵਲ ਜਾਂ ਕਹਾਣੀ ਲੇਖਕ ਹੀ ਨਹੀਂ ਸਗੋਂ ਦੇਸ਼ ਦੇ ਰਾਜਨੀਤਕ, ਸਮਾਜਿਕ ਸਭਿਆਚਾਰ, ਆਰਥਿਕ ਢਾਂਚੇ ਬਾਰੇ ਡੂੰਘਾਈ ਨਾਲ ਸੋਚਣ ਤੇ ਫ਼ਿਕਰ ਕਰਨ ਵਾਲੇ ਗੰਭੀਰ ਚਿੰਤਕ ਵੀ ਸਨ। ਜਦ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਹਿੰਦੀ ਸਾਹਿਤਕਾਰ ਨਿਰਮਲ ਵਰਮਾ ਨਾਲ ਸਾਂਝਾ ‘ਗਿਆਨ-ਪੀਠ ਪੁਰਸਕਾਰ’ ਮਿਲਿਆ ਤਾਂ ਜਦ ਉਹ ਪੁਰਸਕਾਰ ਪ੍ਰਾਪਤੀ ਲਈ ਮੰਚ ਉਤੇ ਜਾਣ ਲੱਗੇ, ਤਾਂ ਸ੍ਰੀ ਵਰਮਾ ਨੇ ਪੁੱਛਿਆ ਕਿ ਗੁਰਦਿਆਲ ਜੀ, ਨੀਂਦ ਆ ਜਾਤੀ ਹੈ? ਤਾਂ ਉਦੋਂ ਮੰਚ ਵੱਲ ਜਾਣ ਸਮੇਂ ਉਹਨਾਂ ਵਰਮਾ ਦੀ ਇੱਸ ਪੁੱਛ ਦਾ ਕੋਈ ਜੁਆਬ ਨਾ ਦਿੱਤਾ। ਬਾਅਦ ਵਿੱਚ ਉਹਨਾਂ ਜਦ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੋਚਿਆ ਕਿ ਉਹਨਾਂ ਨੂੰ ਵਰਮਾ ਜੀ ਦਾ ਇਹ ਸੁਆਲ ਬਹੁਤ ਅਹਿਮ ਤੇ ਵੱਡਾ ਜਾਪਿਆ ਕਿ ਉਹ ਸੱਚ ਹੀ ਪੁੱਛ ਰਹੇ ਸਨ, ਸੂਖਮ-ਭਾਵੀ ਬੰਦੇ ਨੂੰ ਅਜਿਹੇ ਹਾਲਾਤਾਂ ਵਿੱਚ ਨੀਂਦ ਕਿੱਥੇ ਪੈਂਦੀ ਹੈ? ਉਹ ਲੰਬੇ ਸਮੇਂ ਤੋਂ ਡਿਪਰੈਸ਼ਨ ਦੀ ਗੋਲੀ ਵੀ ਖਾਂਦੇ ਸਨ। ਉਹਨਾਂ ਆਪਣੀ ਜ਼ਿੰਦਗੀ ਵਿੱਚ ਹਸਪਤਾਲ ਤੇ ਡਾਕਟਰ ਬਹੁਤ ਦੇਖੇ। ਉਹਨਾਂ ਦੇ ਆਪਣੇ ਸਕੇ ਭਰਾ ਗੁਰਚਰਨ ਸਿੰਘ ਨਾਲ ਸਬੰਧਤ ਸੁਖਾਵੇਂ ਨਾ ਰਹੇ। ਰੇੜਕਾ ਥੋੜੀ ਬਹੁਤ ਘਰੇਲੂ ਜਾਇਦਾਦ  ਦਾ ਸੀ। ਕੇਸ ਵੀ ਚੱਲਿਆ। ਗੁਰਚਰਨ ਸਿੰਘ ਨੇ ਪੂਰਾ ਨਾਵਲ ਹੀ ਲਿਖ ਦਿੱਤਾ, ‘ਲੋਕ ਕਹਿਣ ਦਰਵੇਸ’। ਪ੍ਰੋਫੈਸਰ ਸਾਹਬ ਨੇ ਮਾਨਹਾਨੀ ਦਾ ਕੇਸ ਕਰ ਦਿੱਤਾ। ਲੋਕਾਂ ਖੂਬ ਚਟਖਾਰੇ ਲਏ ਤੇ ਤਮਾਸ਼ਾ ਦੇਖਿਆ। ਕੋਈ ਗੁਰਚਰਨ ਸਿੰਘ ਨੂੰ ‘ਸੱਚਾ’ ਆਖਦਾ ਤੇ ਕੋਈ ਗੁਰਦਿਆਲ ਸਿੰਘ ਨੂੰ। ਕਈ ਇਹਨਾਂ ਦੇ ਅਜਿਹੇ ਸਾਂਝੇ ਮਿੱਤਰ ਵੀ ਸਨ, ਸੋ…ਉਹ ਦੋਵਾਂ ‘ਚੋਂ ਜਿਹੜਾ ਵੀ ਮਿਲਦਾ, ਉਸੇ ਨੂੰ ਸੱਚਾ ਕਰ ਦਿੰਦੇ, ਮੂੰਹ ‘ਤੇ ਹੋਰ ਹੁੰਦੇ ਤੇ ਪਿੱਠ ਪਿੱਛੇ ਹੋਰ! ਕਈ ਥਾਈਂ ਉਸ ਨਾਵਲ ਬਾਰੇ ਟਿੱਪਣੀਆਂ ਵੀ ਛਪੀਆਂ। ਪ੍ਰੋਫੈਸਰ ਸਾਹਬ ਅੰਦਰੋਂ ਬਹੁਤ ਦੁਖੀ ਸਨ ਕਿ ਇੱਕ ਭਰਾ ਨੂੰ ਭਰਾ ਨਾਲ ਇੰਝ ਨਹੀਂ ਸੀ ਕਰਨਾ ਚਾਹੀਦਾ।
ਜੈਤੋਂ ਦੇ ਹੀ ਇੱਕ ਅਨੁਵਾਦਕ ਬੇਦੀ ਨਾਲ ਪ੍ਰੋਫੈਸਰ ਸਾਹਬ ਦਾ ਦੁਕਾਨਾਂ ਦਾ ਝਗੜਾ ਅਦਾਲਤਾਂ ਵਿੱਚ ਕਾਫੀ ਚਿਰ ਚੱਲਿਆ, ਇੱਕ ਦੁਕਾਨ ਬੇਦੀ ਜਿੱਤ ਗਿਆ। ਇੱਕ ਪ੍ਰੋਫੈਸਰ ਸਾਹਬ ਨੂੰ ਮਿਲ ਗਈ। ਬੇਦੀ ਉਹਨਾਂ ਦੇ ਪੁੱਤਾਂ ਵਰਗਾ ਸੀ। ਪ੍ਰੋਫੈਸਰ ਸਾਹਬ ਕਿਸੇ ਵਿਆਹ ‘ਤੇ ਨਹੀਂ ਸਨ ਜਾਂਦੇ ਪਰ ਉਹ ਬੇਦੀ ਦੇ ਵਿਆਹ ਗਏ ਸਨ। ਜਦ ਮੈਂ ਕਚਹਿਰੀ ਵਿੱਚ ਮੁਨਸ਼ੀ-ਅਰਦਲੀ ਸਾਂ ਤਾਂ ਸਾਹਿਤ ਰਸੀਏ, ਵਿਦਵਾਨ ਵਕੀਲ ਅਵਤਾਰ ਗੋਂਦਾਰਾ ਦੇ ਅੱਡੇ ਉਤੇ ਪ੍ਰੋਫੈਸਰ ਸਾਹਬ ਨੂੰ ਪੇਸ਼ੀ ਭੁਗਤਣ ਆਏ ਕਈ ਵਾਰ ਦੇਖਿਆ ਸੀ। ਲੋਕ ਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨਾਲ ਵੀ ਬਹੁਤਾ ਚਿਰ ‘ਦਾਲ’ ਨਾ ਗਲੀ। ਕੁਝ ਮਹੀਨੇ ਪਹਿਲਾਂ ਉਹਨਾਂ ਫੋਨ ਉਤੇ ਦੱਸਿਆ ਸੀ ਕਿ ਉਹ ਆਪਣੀਆਂ ਸਾਰੀਆਂ ਕਿਤਾਬਾਂ ਜੈਨ ਪਾਸੋਂ ਵਾਪਸ ਲੈ ਰਹੇ ਨੇ ਤੇ ਤੂੰ ਚੇਤਨਾ ਵਾਲੇ ਸਤੀਸ਼ ਗੁਲਾਟੀ ਨਾਲ ਗੱਲ ਕਰ ਲੈ। ਚੇਤਨਾ ਵੱਲੋਂ ਉਹਨਾਂ ਦਾ ਨਾਵਲ ‘ਕੁਵੇਲਾ’ ਛਾਪਿਆ ਜਾ ਚੁੱਕਾ ਸੀ ਤੇ ਪ੍ਰੋਫੈਸਰ ਸਾਹਬ ਨੇ ਬਣਦੀ ਰਾਇਲਟੀ ਲਈ ਚਿੱਠੀ ਲਿਖੀ ਹੋਈ ਸੀ। ਸਤੀਸ਼ ਗੁਲਾਟੀ ਨੇ ਬਣਦੀ ਰਕਮ ਦਾ ਚੈੱਕ ਕੱਟਿਆ ਤੇ ਮੈਨੂੰ ਦੱਸਿਆ ਕਿ ਕੋਰੀਅਰ ਕਰ ਦਿੱਤਾ ਹੈ। ਮੈਂ ਦੱਸ ਦਿੱਤਾ ਕਿ ਉਡੀਕ ਕਰੋ, ਕੋਰੀਅਰ ਮਿਲ ਜਾਏਗਾ। ਬਹੁਤ ਦਿਨ ਰੋਜ਼ ਵਾਂਗ ਫੋਨ ਆਉਂਦਾ ਰਿਹਾ ਕਿ ਹਾਲੇ ਕੋਰੀਅਰ ਨਹੀਂ ਮਿਲਿਆ ਪਤਾ ਕਰ। ਗੁਆਚਾ ਕੋਰੀਅਰ ਲੱਭਿਆ ਤਾਂ ਸਭ ਨੂੰ ‘ਸੁਖ ਦਾ ਸਾਹ’ ਆਇਆ। ਜੈਨ ਨਾਲ ਚੱਲ ਰਹੇ ਝਗੜੇ ਦਾ ਕੀ ਬਣੇਗਾ, ਇਹ ਸਮਾਂ ਹੀ ਦੱਸੇਗਾ! ਕਿਸੇ ਵੇਲੇ ਉਹ ਜੈਨ ਸਾਹਬ ਦੇ ਬਹੁਤ ‘ਗੁਣ’ ਗਾਇਆ ਕਰਦੇ ਸਨ।
ਪੰਚਕੂਲਾ ਤੋ ‘ਅਧਾਰ ਪ੍ਰਕਾਸ਼ਨ’ ਦਾ ਮਾਲਕ ਤੇ ਸਰਗਰਮ ਕਲਮਕਾਰ ਦੇਸ਼ ਨਿਰਮੋਹੀ ਪ੍ਰੋਫੈਸਰ ਸਾਹਬ ਨੂੰ ਆਪਣੇ ਬਜੁਰਗਾਂ ਜਿਹਾ ਸਤਿਕਾਰ ਦਿੰਦਾ ਰਿਹਾ। ਉਸਨੇ ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਹਿੰਦੀ ਵਿੱਚ ਪ੍ਰਕਾਸ਼ਤ ਕੀਤੀਆਂ ਤੇ ਬਣਦੀ ਰਾਇਲਟੀ ਕਦੇ ਲੇਟ ਨਾ ਹੋਣ ਦਿੱਤੀ। ਹਿੰਦੀ ਰਸਾਲੇ ‘ਪਲ-ਪ੍ਰਤਿਪਲ’ ਦਾ ਗੁਰਦਿਆਲ ਸਿੰਘ ਵਿਸ਼ੇਸ਼ ਅੰਕ ਨਿਰਮੋਹੀ ਜੀ ਨੇ ਬੜੀ ਮਿਹਨਤ ਨਾਲ ਕੱਢਿਆ, ਬਾਅਦ ਵਿੱਚ ਗਿਆਨ ਪੀਠ ਪੁਰਸਕਾਰ ਮਿਲਦਾ ਹੈ। ਉਹ ਨਿਰਮੋਹੀ ਜੀ ਬਾਰੇ ਕਹਿੰਦੇ ਸਨ ਕਿ ਇਹ ਬੰਦਾ ਹੋਰਨਾਂ ਵਾਂਗ ਲਾਲਚੀ ਪ੍ਰਕਾਸ਼ਕ ਨਹੀਂ ਹੈ ਤੇ ਹੱਕ-ਸੱਚ ‘ਤੇ ਖਲੋਣ ਵਾਲਾ ਸੁਹਿਰਦ ਇਨਸਾਨ ਹੈ। ਹੁਣ ਨਿਰਮੋਹੀ ਜੀ ਨੇ ਉਹਨਾਂ ਦਾ ਸਮੁੱਚਾ ਸਾਹਿਤ ਹਿੰਦੀ ਵਿੱਚ ਛਾਪਣਾ ਅਰੰਭ ਕੀਤਾ ਹੋਇਆ ਹੈ ਅਤੇ 31 ਅਗਸਤ ਤੱਕ ਦੀ ਬਣਦੀ ਰਾਇਲਟੀ ਵੀ ਪਰਿਵਾਰ ਨੂੰ ਅਦਾ ਕਰ ਦਿੱਤੀ ਹੈ।
ਬਹੁਤ ਸਾਰੇ ‘ਬੰਦੇ’ ਪ੍ਰੋਫੈਸਰ ਸਾਹਬ ਦੇ ਚੱਲਦੇ ਨਾਂ ਦਾ ਖਾਸਾ ‘ਲਾਹਾ’ ਖੱਟ ਗਏ ਹਨ। ਉਹਨਾਂ ਦਾ ਦਮਾਦ ਵਿਦਵਾਨ-ਪ੍ਰੋਫੈਸਰ ਜਲੌਰ ਸਿੰਘ ਖੀਵਾ(ਅੱਧੀ ਦਰਜਨ ਕਿਤਾਬਾਂ ਦੇ ਲੇਖਕ) ਅਕਸਰ ਉਹਨਾਂ ਨੂੰ ਕਿਹਾ ਕਰਦੇ ਸਨ ਕਿ ਤੁਸੀਂ ਚੰਗੇ-ਮਾੜੇ ਦੀ ਪਛਾਣ ਜ਼ਰੂਰ ਕਰਿਆ ਕਰੋ, ਤੁਹਾਡੇ ਤੋਂ ਲਾਹਾ ਲੈ ਕੇ ਬਾਅਦ ਵਿੱਚ ਇਹੀ ਬੰਦੇ ਥੋਡੀ ਬੁਰਿਆਈ ਸੋਚਦੇ ਹਨ। ਪਰੰਤੂ  ਸੁਣ ਕੇ ਉਹ ਚੁੱਪ ਕਰ ਰਹਿੰਦੇ।
ਉਹਨਾਂ ਦੇ ਘਰ ਨੂੰ ਜਾਂਦੀ ਗਲੀ ਦਾ ਨਾਂ ‘ਗਿਆਨ-ਪੀਠ ਮਾਰਗ’ ਰਖਵਾ ਗਿਆ ਉਹਨਾਂ ਦਾ ਕਦਰਦਾਨ-ਪਾਠਕ ਤੇ ਉਸ ਸਮੇਂ ਦਾ ਏ.ਡੀ.ਸੀ ਹਰਕੇਸ਼ ਸਿੰਘ ਸਿੱਧੂ। ਉਹ ਬਹੁਤ ਖੁਸ਼ ਹੋਏ ਤੇ ਕਦੇ-ਕਦੇ ਹਾਸੇ ਨਾਲ ਆਖਦੇ ਸਨ ਕਿ ਆਹ ਜਦੋਂ ਦਾ ‘ਗਿਆਨ-ਪੀਠ ਮਾਰਗ’ ਵਾਲਾ ਫੱਟਾ ਲੱਗਿਆ ਐ, ਲੋਕ ਸਮਝਦੇ ਨੇ ਕਿ ਗਿਆਨ-ਪੀੜਤ ਏਥੇ ਰਹਿੰਦੈ। ਇਸੇ ਤਰਾਂ ਡਾ.ਹਰਕੇਸ਼ ਸਿੰਘ ਸਿੱਧੂ ਤੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਏ.ਵੀਨੂੰ ਪ੍ਰਸ਼ਾਦਿ ਨੇ ਮੈਂਬਰ ਪਾਰਲੀਮੈਂਟ ਬੀਬੀ ਗੁਰਚਰਨ ਕੌਰ ਪਾਸੋਂ ਵਿਸ਼ੇਸ਼ ਗਰਾਂਟ ਲੈ ਕੇ ਜੈਤੋ ਵਿਖੇ ਇਹਨਾਂ ਦੇ ਸਤਿਕਾਰ ਵਜੋਂ ‘ਗਲਪ-ਭਵਨ’ ਅਤੇ ਉਸਤਾਦ ਦੀਪਕ ਜੈਤੋਈ ਦੇ ਸਤਿਕਾਰ ਵਿੱਚ ‘ਗਜ਼ਲ ਭਵਨ’ ਬਣਾਇਆ ਗਿਆ, ਜਿੱਥੇ ਕਬਜਾ ‘ਕੋਈ ਹੋਰ’ ਕਰ ਗਏ ਤੇ ਅਖਬਾਰਾਂ ਵਿੱਚ ਇਸ ਬਾਰੇ ਪਏ ਰੌਲੇ-ਰੱਪੇ ਦਾ ਭੋਰਾ ਵੀ ਫਾਇਦਾ ਨਾ ਹੋਇਆ। ਹੁਣ ਉਹਨਾਂ ਦੇ ਭੋਗ ਮੌਕੇ ਫਿਰ ਇੱਕ ਲੀਡਰ ਨੇ ਸਰਕਾਰ ਵਲੋਂ ਬੋਲਿਆ ਕਿ ਉਹਨਾਂ ਦੀ ਢੁਕਵੀਂ ਯਾਦਗਾਰ ਬਣਾਵਾਂਗੇ ਤਾਂ ਸੰਗਤਾਂ ਵਿਚੋਂ ਆਵਾਜ਼ਾਂ ਉੱਠੀਆਂ ਕਿ ਪਹਿਲਾਂ ਵਾਲੀ ਯਾਦਗਾਰ ਤਾਂ ਸੰਭਾਲੀ ਨਾ ਗਈ…? ਉਂਝ ਦੇਖੀਏ ਤਾਂ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਪੰਜਾਬੀ ਲੇਖਕਾਂ ਵਿੱਚ ਸਭ ਤੋਂ ਵਧੇਰੇ ਮਾਣ-ਸਨਮਾਨ ਮਿਲਿਆ,ਜੀਂਦੇ-ਜੀ ਵੀ ਤੇ ਚਲੇ ਜਾਣ ਬਾਅਦ ਵੀ। ਪਦਮ ਸ੍ਰੀ  ਤੇ ਗਿਆਨ-ਪੀਠ, ਭਾਰਤੀ ਸਾਹਿਤ ਅਕਾਦਮੀ ਸਰਵੋਤਮ ਸਨਮਾਨ ਹਨ। ਉਹਨਾਂ ਨੂੰ ਅੰਤਮ ਵਿਦਾਇਗੀ ਵੇਲੇ ਸਰਕਾਰੀ ਸਲਾਮੀ ਤੇ ਰਫਲਾਂ ਵਿੱਚੋਂ ਫਾਇਰ ਕੀਤੇ ਗਏ। ਮੁੱਖ ਮੰਤਰੀ ਵੱਲੋਂ ਡੀ.ਸੀ ਤੇ ਐੱਸ ਐੱਸ ਪੀ ਨੇ ਫੁੱਲ ਮਲਾਵਾਂ ਭੇਟ ਕੀਤੀਆਂ। ਪ੍ਰੋਫੈਸਰ ਸਾਹਬ ਦਾ ਆਰ-ਪਰਿਵਾਰ, ਸਕੇ-ਸਬੰਧੀ ਤੇ ਮਿੱਤਰ-ਬੇਲੀ ਇਸ ਗੱਲੋਂ ਸੰਤੁਸ਼ਟ ਹਨ ਕਿ ਪ੍ਰੋਫੈਸਰ ਸਾਹਬ ਹੋਰਨਾਂ ਬਹੁਤਿਆਂ ਲੇਖਕਾਂ ਨਾਲੋਂ ਬਹੁਤ ਸੌਖੇ ਗਏ ਹਨ, ਉਹਨਾਂ ਚੰਗੇ ਕਰਮ ਕੀਤੇ ਹੋਏ ਸਨ।
94174-21700

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …