Breaking News
Home / ਪੰਜਾਬ / ਭਾਜਪਾ ਨੇ ਨਸ਼ਿਆਂ ਬਾਰੇ ਸੁਖਬੀਰ ਬਾਦਲ ਦੇ ਅੰਕੜੇ ਕੀਤੇ ਰੱਦ

ਭਾਜਪਾ ਨੇ ਨਸ਼ਿਆਂ ਬਾਰੇ ਸੁਖਬੀਰ ਬਾਦਲ ਦੇ ਅੰਕੜੇ ਕੀਤੇ ਰੱਦ

d cmਕਮਲ ਸ਼ਰਮਾ ਵਲੋਂ ਪੰਜਾਬ ਵਿਚ ਦੇਸ਼ ਨਾਲੋਂ ਸਭ ਤੋਂ ਵੱਧ ਨਸ਼ੇ ਹੋਣ ਦਾ ਦਾਅਵਾ
ਜਲੰਧਰ : ਭਾਜਪਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਬਾਰੇ ਪੇਸ਼ ਕੀਤੇ ਗਏ ਅੰਕੜਿਆਂ ਨੂੰ ਮੁੱਢੋਂ ਰੱਦ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਨਸ਼ੇ ਹਨ। ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਨਸ਼ਿਆਂ ਦਾ ਰੁਝਾਨ ਹੈ ਪ੍ਰੰਤੂ ਪੰਜਾਬ ਵਿੱਚ ਸਭ ਤੋਂ ਵੱਧ ਨਸ਼ੇ ਹਨ। ਸ਼ਰਮਾ ਇੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਵਾਪਰੇ ਘਟਨਾਕ੍ਰਮ ਵਿਰੁੱਧ ਭਾਜਪਾ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਨਸ਼ੇ ਪੰਜਾਬ ਵਿੱਚ ਸਭ ਤੋਂ ਵੱਡੀ ਚੁਣੌਤੀ ਹਨ। ਇਹ ਪੁੱਛੇ ਜਾਣ ‘ਤੇ ਕਿ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੀ 2.77 ਕਰੋੜ ਅਬਾਦੀ ਹੈ ਤੇ ਏਮਜ਼ ਵੱਲੋਂ ਕੀਤੇ ਗਏ ਸਰਵੇ ਅਨੁਸਾਰ ਇੱਥੇ 0.06 ਫੀਸਦੀ ਲੋਕ ਹੀ ਨਸ਼ਿਆਂ ਦਾ ਸੇਵਨ ਕਰਦੇ ਹਨ, ਇਸ ‘ਤੇ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਅੰਕੜਿਆਂ ਵਿੱਚ ਨਹੀਂ ਜਾਣਾ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਨੇ ਕੋਈ ਰਿਪੋਰਟ ਦੇਖੀ ਹੈ। ਨਸ਼ੇ ਸਾਰੇ ਦੇਸ਼ ਵਿੱਚ ਹੀ ਹਨ ਪ੍ਰੰਤੂ ਪੰਜਾਬ ਵਿਚ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਨਸ਼ਿਆਂ ਤੋਂ ਇਲਾਵਾ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਹੋਰ ਦਾਅਵਿਆਂ ਨੂੰ ਵੀ ਭਾਜਪਾ ਆਗੂ ਨੇ ਇੱਕ-ਇੱਕ ਕਰਕੇ ਰੱਦ ਕਰ ਦਿੱਤਾ।  ਪਠਾਨਕੋਟ ਹਮਲੇ ਬਾਰੇ ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਮੰਗੇ ਗਏ 12 ਕਰੋੜ ਰੁਪਏ ਦੇਣ ਤੋਂ ਉਪ ਮੁੱਖ ਮੰਤਰੀ ਵੱਲੋਂ ਕੀਤੀ ਗਈ ਨਾਂਹ ਬਾਰੇ ਪੁੱਛੇ ਜਾਣ ‘ਤੇ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਇਸ ਮਸਲੇ ਬਾਰੇ ਜਨਤਕ ਤੌਰ ‘ਤੇ ਬਹਿਸ ਨਹੀਂ ਕਰਨੀ ਚਾਹੀਦੀ। ਭਾਜਪਾ ਆਗੂ ਨੂੰ ਇਹ ਪੁੱਛੇ ਜਾਣ ‘ਤੇ ਕਿ ਦਿੱਲੀ ਵਿੱਚ ਹੋਈ ਪਾਰਟੀ ਦੀ ਮੀਟਿੰਗ ਦੌਰਾਨ ਇਹ ਮਾਮਲਾ ਵੀ ਉਠਿਆ ਸੀ ਕਿ ਸੂਬੇ ਵਿੱਚ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਮਾਮਲਿਆਂ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ।
ਕਾਂਗਰਸ ਵੱਲੋਂ ਸੁਖਬੀਰ ਦਾ ਦਾਅਵਾ ਝੂਠ ਕਰਾਰ
ਕਾਂਗਰਸ ਦੀ ਸੀਨੀਅਰ ਆਗੂ ਨਮਿਸ਼ਾ ਮਹਿਤਾ ਨੇ ਉਪ ਮੁੱਖ ਮੰਤਰੀ ਵੱਲੋਂ ਪੰਜਾਬ ਵਿਚ 0.06 ਫੀਸਦੀ ਨਸ਼ੇ ਹੋਣ ਦੇ ਦਾਅਵਿਆਂ ਨੂੰ ਝੂਠ ਆਖਦਿਆਂ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2014 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿਚ ਐਨਡੀਪੀਐਸ ਐਕਟ ਤਹਿਤ 46,923 ਮਾਮਲੇ ਦਰਜ ਹੋਏ ਸਨ, ਜਿਨ੍ਹਾਂ ਵਿੱਚੋਂ 14,483 ਮਾਮਲੇ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਵਿੱਚ 31 ਫੀਸਦੀ ਮਾਮਲੇ ਨਸ਼ਿਆਂ ਦੇ ਬਣਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਸੁਖਬੀਰ ਬਾਦਲ ਨੂੰ ਨਸ਼ਿਆਂ ਬਾਰੇ ਅੰਕੜੇ ਛੁਪਾਉਣ ਦੀ ਲੋੜ ਕਿਉਂ ਪੈ ਗਈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …