Breaking News
Home / ਕੈਨੇਡਾ / ਕੈਨੇਡਾ ਸਰਕਾਰੀ ਬਜਟ-2023 ਕੈਨੇਡਾ-ਵਾਸੀਆਂ ਲਈ ਅਫ਼ੋਰਡੇਬਿਲਿਟੀ, ਹੈੱਲਥਕੇਅਰ ਤੇ ਹੋਰ ਨੌਕਰੀਆਂ ਵੱਲ ਵਿਸ਼ੇਸ਼ ਧਿਆਨ ਦੇਵੇਗਾ : ਸੋਨੀਆ ਸਿੱਧੂ

ਕੈਨੇਡਾ ਸਰਕਾਰੀ ਬਜਟ-2023 ਕੈਨੇਡਾ-ਵਾਸੀਆਂ ਲਈ ਅਫ਼ੋਰਡੇਬਿਲਿਟੀ, ਹੈੱਲਥਕੇਅਰ ਤੇ ਹੋਰ ਨੌਕਰੀਆਂ ਵੱਲ ਵਿਸ਼ੇਸ਼ ਧਿਆਨ ਦੇਵੇਗਾ : ਸੋਨੀਆ ਸਿੱਧੂ

ਬਰੈਂਪਟਨ : ਡਿਪਟੀ ਪ੍ਰਾਈਮ ਮਨਿਸਟਰ ਤੇ ਵਿੱਤ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ 28 ਮਾਰਚ ਨੂੰ ਕੈਨੇਡਾ ਦਾ ਸਾਲ 2023 ਲਈ ਬੱਜਟ ਪੇਸ਼ ਕੀਤਾ ਗਿਆ। ਬੱਜਟ ਵਿਚ ਸਰਕਾਰ ਵੱਲੋਂ ਦੇਸ਼ ਦੇ ਆਮ ਲੋਕਾਂ ਅਤੇ ਬਰੈਂਪਟਨ-ਵਾਸੀਆਂ ਦੀ ਬਿਹਤਰੀ ਲਈ ਵੱਖ-ਵੱਖ ਯੋਜਨਾਵਾਂ ਵਿਚ ਪੂੰਜੀ ਨਿਵੇਸ਼ ਦੀ ਗੱਲ ਕੀਤੀ ਗਈ ਹੈ।
ਵੇਖਿਆ ਜਾਏ ਤਾਂ ਕਰੋਨਾ ਮਹਾਂਮਾਰੀ ਦੌਰਾਨ ਅਰਥਚਾਰੇ ਵਿਚ ਆਈ ਗਿਰਾਵਟ ਤੋਂ ਬਾਅਦ ਸਥਿਤੀ ਨੂੰ ਸੁਧਾਰਨ ਲਈ ਕੈਨੇਡਾ ਸਰਕਾਰ ਨੇ ਵੱਡਾ ਹੰਭਲਾ ਮਾਰਿਆ ਹੈ। ਪਿਛਲੇ ਸਾਲ ਇਹ ਜੀ-7 ਦੇਸ਼ਾਂ ਵਿਚ ਸੱਭ ਤੋਂ ਮਜ਼ਬੂਤ ਸੀ ਅਤੇ ਮਹਾਂਮਾਰੀ ਤੋਂ ਬਾਅਦ ਹੁਣ ਤੱਕ 8,30,000 ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਮਹਿੰਗਾਈ ਦੀ ਦਰ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਹੇਠਾਂ ਵੱਲ ਸਰਕ ਰਹੀ ਹੈ ਅਤੇ ਬੇਰੋਜ਼ਗਾਰੀ ਦੀ ਦਰ ਵੀ ਕਾਫ਼ੀ ਹੇਠਾਂ ਚੱਲ ਰਹੀ ਹੈ। ਬੱਚਿਆਂ ਦੀ ਵਧੀਆ ਸਾਂਭ-ਸੰਭਾਲ ਅਤੇ ਉਨ੍ਹਾਂ ਦੀ ਅਗੇਤਰੀ ਸਿੱਖਿਆ ਨਾਲ ਜੁੜੇ ਕੈਨੇਡਾ-ਭਰ ਵਿਚ ਚੱਲ ਰਹੇ ਪ੍ਰੋਗਰਾਮ ਵਿਚ ਵਾਧਾ ਹੋਇਆ ਹੈ ਅਤੇ ਇਸ ਸਾਲ ਫ਼ਰਵਰੀ ਮਹੀਨੇ ਵਿਚ 25 ਤੋਂ 54 ਸਾਲ ਤੱਕ ਦੀਆਂ ਔਰਤਾਂ ਦੀ ਲੇਬਰ ਫੋਰਸ ਵਿਚ ਸ਼ਮੂਲੀਅਤ ਦੀ ਦਰ 85.7 ਫ਼ੀਸਦੀ ਤੱਕ ਪਹੁੰਚ ਗਈ ਹੈ। ਸਾਲ 2023 ਦਾ ਇਹ ਬੱਜਟ ਇਨ੍ਹਾਂ ਅਹਿਮ ਪੱਖਾਂ ਵੱਲ ਵਧੇਰੇ ਕੇਂਦ੍ਰਿਤ ਹੈ।
ਗਰੌਸਰੀ ਦੇ ਰੇਟਾਂ ਵਿਚ ਹੋਏ ਵਾਧੇ ਬਾਰੇ ਹੋਈ ਤਾਜ਼ਾ ਬਹਿਸ ਦੌਰਾਨ ਮਹਿੰਗਾਈ ਨੂੰ ਮੁੱਖ ਰੱਖਦਿਆਂ ਬੱਜਟ ਵਿਚ 11 ਮਿਲੀਅਨ ਕੈਨੇਡਾ-ਵਾਸੀਆਂ ਨੂੰ ਰਾਹਤ ਦਿੱਤੀ ਗਈ, ਜਿਨ੍ਹਾਂ ਨੂੰ ਇਸਦੀ ਅਤੀ ਜ਼ਰੂਰਤ ਹੈ। ਇਸ ਵਿਚ ਬੱਚਿਆਂ ਵਾਲੇ ਜੋੜਿਆਂ ਲਈ 467 ਡਾਲਰ, ਬੱਚਿਆਂ ਤੋਂ ਬਿਨਾਂ ਇਕੱਲੇ ਰਹਿ ਰਹੇ ਵਿਅਕਤੀਆਂ ਲਈ 234 ਡਾਲਰ ਅਤੇ ਸੀਨੀਅਰਾਂ ਲਈ ਔਸਤਨ 225 ਡਾਲਰ ਦੀ ਰਾਸ਼ੀ ਸ਼ਾਮਲ ਹੈ। ਛੋਟੇ ਬਿਜ਼ਨੈੱਸ ਅਦਾਰਿਆਂ ਲਈ ਛੁਪੀਆਂ ਹੋਈਆਂ ਫ਼ੀਸਾਂ ਲੈਣ ਵਾਲਿਆਂ ਤੇ ਕੈਨੇਡਾ ਸਰਕਾਰ ਸ਼ਿਕੰਜਾ ਕੱਸ ਰਹੀ ਹੈ ਅਤੇ ਸਮਾਂਬੱਧ ਕਰਜ਼ਿਆਂ ਤੇ ਕਰੈਡਿਟ ਕਾਰਡਾਂ ਦੀਆਂ ਵਿਆਜ ਦਰਾਂ ਨੂੰ ਘੱਟ ਕਰਨ ਲਈ ਵੀ ਕਦਮ ਚੁੱਕ ਰਹੀ ਹੈ ਤਾਂ ਜੋ ਦੇਸ਼-ਵਾਸੀਆਂ ਦਅਿਾਂ ਜੇਬਾਂ ਵਿਚ ਵੱਧ ਤੋਂ ਵੱਧ ਪੈਸੇ ਪਾਏ ਜਾ ਸਕਣ।
ਯੂਨੀਵਰਸਲ ਪਬਲਿਕ ਹੈੱਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਸਰਕਾਰ ਬੈਕਲਾਗ ਘੱਟ ਕਰਨ, ਪਰਿਵਾਰਿਕ ਸਿਹਤ ਸੇਵਾਵਾਂ ਨੂੰ ਹੋਰ ਵਧਾਉਣ ਅਤੇ ਸੂਬਾਈ ਸਰਕਾਰਾਂ ਤੇ ਟੈਰੀਟਰੀਆਂ ਦੀਆਂ ਸਰਕਾਰਾਂ ਨੂੰ ਇਹ ਸੇਵਾਵਾਂ ਯਕੀਨੀ ਬਨਾਉਣ ਲਈ 2023 ਦੇ ਬੱਜਟ ਵਿਚ 198.3 ਬਿਲੀਅਨ ਡਾਲਰ ਰੱਖੇ ਗਏ ਹਨ। ਇਸ ਦੇ ਨਾਲ ਹੀ ਇਸ ਬੱਜਟ ਵਿਚ ਕੈਨੇਡੀਅਨ ਡੈਂਟਲ ਕੇਅਰ ਪਲੈਨ ਤਹਿਤ 9 ਮਿਲੀਅਨ ਦੇਸ਼-ਵਾਸੀਆਂ ਦੇ ਦੰਦਾਂ ਦੀ ਸੰਭਾਲ ਲਈ ਵੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਮਹੀਨੇ ਦੇ ਅੰਤ ਤੇ ਇਸ ਦੇ ਲਈ ਬਿੱਲ ਭਰਨ ਦੀ ਚਿੰਤਾ ਨਾ ਰਹੇ। ਬੱਜਟ 2023 ਕੈਨੇਡਾ ਦੇ ਸਾਫ਼-ਸੁਥਰੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਪੂੰਜੀ ਨਿਵੇਸ ਕਰੇਗਾ ਅਤੇ ਕਮਿਊਨਿਟੀਆਂ ਦੇ ਵਿਕਾਸ ਤੇ ਯਥਾਯੋਗ ਸ਼ਕਤੀਕਰਨ, ਵਾਤਾਵਰਣ ਵਿਚ ਹੋ ਰਹੀ ਤਬਦੀਲੀ ਦੇ ਵਿਹੁੱਧ ਲੜਨ ਅਤੇ ਦੇਸ਼-ਵਾਸੀਆਂ ਲਈ ਵਧੀਆ ਨੌਕਰੀਆਂ ਪੈਦਾ ਕਰਨ ਵੱਲ ਵਿਸ਼ੇਸ਼ ਧਿਆਨ ਦੇਵੇਗਾ।
ਇਸ ਬੱਜਟ ਬਾਰੇ ਬੋਲਦਿਆਂ ਵਿੱਤ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੇ ਕਿਹਾ, ”ਕੈਨੇਡਾ ਦੇ ਭਵਿੱਖ ਬਾਰੇ ਇਸ ਤੋਂ ਪਹਿਲਾਂ ਮੈਂ ਕਦੇ ਵੀ ਏਨੀ ਆਸ਼ਾਵਾਦੀ ਨਹੀਂ ਸੀ ਜਿੰਨੀ ਮੈਂ ਅੱਜ ਮਹਿਸੂਸ ਕਰ ਰਹੀ ਹਾਂ। ਬੱਜਟ 2023 ਵੱਧਦੀ ਮਹਿੰਗਾਈ ਨੂੰ ਕਾਬੂ ਕਰਨ, ਕੈਨੇਡਾ ਵਾਸੀਆਂ ਦੇ ਦੰਦਾਂ ਦੀ ਸੰਭਾਲ ਸਮੇਤ ਸਿਹਤ ਸੇਵਾਵਾਂ ਨੂੰ ਹੋਰ ਵਧਾਉਣ ਅਤੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋਵੇਗਾ। ਮੁਕਾਬਲੇਬਾਜ਼ੀ ਦੀ ਇਸ ਦੁਨੀਆਂ ਵਿਚ ਅਮਨ ਸ਼ਾਂਤੀ ਨਾਲ ਰਹਿਣ ਲਈ ਕੈਨੇਡਾ ਨਾਲੋਂ ਚੰਗੇਰੀ ਹੋਰ ਕੋਈ ਵੀ ਜਗ੍ਹਾ ਨਹੀਂ ਹੈ।”
ਬੱਜਟ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਮੈਨੂੰ ਇਹ ਵੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਬੱਜਟ 2023 ਦੇਸ਼-ਵਾਸੀਆਂ ਦੇ ਨਾਲ ਨਾਲ ਬਰੈਂਪਟਨ-ਵਾਸੀਆਂ ਦਾ ਵੀ ਪੂਰਾ ਖ਼ਿਆਲ ਰੱਖ ਰਿਹਾ ਹੈ। ਇਹ ਕੈਨੇਡਾ ਸਰਕਾਰ ਦਾ ਪੂਰੀ ਆਰਥਿਕ ਜ਼ਿੰਮੇਵਾਰੀ ਵਾਲਾ ਬੱਜਟ ਹੈ ਜਿਸ ਵਿਚ ਕਰੋਨਾ ਮਹਾਂਮਾਰੀ ਤੋਂ ਬਾਅਦ ਦੇਸ਼ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਛੋਟੇ ਬਿਜ਼ਨੈੱਸ ਅਦਾਰਿਆਂ ਨੂੰ ਪ੍ਰਫੁੱਲਤ ਕਰਨ ਅਤੇ ਸਮਾਂਬੱਧ ਕਰਜ਼ਿਆਂ ਦੀਆਂ ਵਿਆਜ ਦਰਾਂ ‘ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਜਟ ਵਿਚ ਕੈਨੇਡਾ ਦੇ ਸਾਫ਼ ਸੁਥਰੇ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ, ਵਾਤਾਵਰਣ ਤਬਦੀਲੀਆਂ ਦੇ ਵਿਰੁੱਧ ਲੜਨ ਅਤੇ ਲੋਕਾਂ ਲਈ ਹੋਰ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਵਿਵਸਥਾ ਰੱਖੀ ਗਈ ਹੈ। ਇਸ ਤਰ੍ਹਾਂ ਇਹ ਬੱਜਟ ਕੈਨੇਡਾ ਨੂੰ ਹੋਰ ਮਜ਼ਬੂਤ ਤੇ ਸੁਰੱਖ਼ਿਅਤ ਬਨਾਉਣ ਅਤੇ ਦੇਸ਼-ਵਾਸੀਆਂ ਲਈ ਇਹ ਯਥਾਯੋਗ ਰਿਹਾਇਸ਼ੀ ਪਸੰਦ ਬਣਨ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗਾ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …