ਬਰੈਂਪਟਨ/ਡਾ ਝੰਡ : ਬਰੈਂਪਟਨ ਦੀ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ (ਰਜਿ) ਵਲੋਂ ਆਪਣਾ ਮਹੀਨਾਵਾਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਾਹਿੱਤ-ਪ੍ਰੇਮੀਆਂ ਵਲੋਂ ਭਰਪੂਰ ਸ਼ਮੂਲੀਅਤ ਕੀਤੀ ਗਈ। ਸਮਾਗਮ ਨੂੰ ਦੋ ਭਾਗਾਂ ਵਿੱਚ ਪੇਸ਼ ਕੀਤਾ ਗਿਆ। ਪਹਿਲੇ ਭਾਗ ਵਿੱਚ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਪੰਜਾਬੀ ਕਵੀ ਅਵਤਾਰ ਪਾਸ਼ ਅਤੇ ਵਿਸ਼ਵ ਮਹਿਲਾ ਦਿਵਸ ਬਾਰੇ ਵਿਦਵਾਨ ਸੱਜਣਾਂ ਵਲੋਂ ਆਪਣੇ ਵਿਚਾਰ ਰੱਖੇ ਗਏ ਅਤੇ ਦੂਸਰੇ ਭਾਗ ਵਿੱਚ ਕਵੀ ਜਨਾਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਮਹਿਮਾਨਾਂ ਨੂੰ ਜੀ ਆਇਆਂ ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਵਲੋਂ ਕਿਹਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮਹਿਲਾਵਾਂ ਵਲੋਂ ਨਾਬੀਲਾ, ਨੀਟਾ ਬਲਵਿੰਦਰ, ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ ਅਤੇ ਪਰਮਜੀਤ ਗਿੱਲ ਸ਼ਾਮਲ ਸਨ। ਸਮਾਗਮ ਦੇ ਅੰਤ ਉਪਰ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਪਹਿਲੇ ਭਾਗ ਵਿੱਚ ਸਟੇਜ ਦੀ ਜਿੰਮੇਵਾਰੀ ਮਲੂਕ ਸਿੰਘ ਕਾਹਲੋਂ ਵਲੋਂ ਅਤੇ ਦੂਸਰੇ ਭਾਗ ਦੀ ਸੇਵਾ ਪਰਮਜੀਤ ਢਿੱਲੋਂ ਵਲੋਂ ਬਾ-ਖੂਬੀ ਨਿਭਾਈ ਗਈ।
ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਬੋਲਦਿਆਂ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦੇ ਆਜ਼ਮ ਵਲੋਂ ਅਜ਼ਾਦੀ ਲਈ ਪੈਦਾ ਕੀਤੇ ਗਏ ਜ਼ਜਬੇ ਨੂੰ ਅੱਜ ਵੀ ਹਿੰਦੋਸਤਾਨੀ ਅਤੇ ਖਾਸ ਕਰਕੇ ਨੌਜਵਾਨ ਵਰਗ ਵਲੋਂ ਯਾਦ ਕੀਤਾ ਜਾਂਦਾ ਹੈ। ਮਰਹੂਮ ਕਵੀ ਅਵਤਾਰ ਪਾਸ਼ ਬਾਰੇ ਗੱਲ ਕਰਦਿਆਂ ਤਲਵਿੰਦਰ ਸਿੰਘ ਮੰਡ ਵਲੋਂ ਉਸ ਦੀ ਕਵਿਤਾ ਅੰਦਰ ਪੇਸ਼ ਕਿਰਸਾਨੀ ਸਭਿਆਚਾਰ ਅਤੇ ਕਿਰਤੀ ਵਰਗ ਲਈ ਪਾਸ਼ ਦੇ ਦਰਦ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਪਹਿਲੀ ਵਾਰੀ ਉਨ੍ਹਾਂ ਸ਼ਬਦਾਂ ਨੂੰ ਸਾਰਥਕ ਬਣਾ ਕੇ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਨੂੰ ਉਚਾਰਣ ਵੇਲੇ ਲੋਕ ਇਨ੍ਹਾਂ ਨੂੰ ਗਵਾਰਾਂ ਦੀ ਭਾਸ਼ਾ ਕਹਿੰਦੇ ਸਨ।
ਮਹਿਲਾਵਾਂ ਪ੍ਰਤੀ ਪਾਕਿਸਤਾਨ ਤੋਂ ਆਈ ਮਹਿਮਾਨ ਨਾਬੀਲਾ ਵਲੋਂ ਆਪਣੀ ਕਵਿਤਾ ਰਾਹੀਂ ਔਰਤਾਂ ਦੀ ਅਜੋਕੀ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਨੀਟਾ ਬਲਵਿੰਦਰ ਵਲੋਂ ਵੀ ਔਰਤਾਂ ਨਾਲ ਸੰਸਾਰ ਪੱਧਰ ‘ਤੇ ਹੋ ਰਹੀਆਂ ਵਧੀਕੀਆਂ ਦੀ ਗੱਲ ਕੀਤੀ ਗਈ। ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਅੰਮ੍ਰਿਤ ਢਿੱਲੋਂ ਵਲੋਂ ਸ਼ਹੀਦ ਦੇ ਪਰਿਵਾਰ ਨਾਲ ਜੁੜੀਆਂ ਕਹਾਣੀਆਂ ਸੁਣਾ ਕੇ ਸਰੋਤਿਆਂ ਨੂੰ ਇਨ੍ਹਾਂ ਤੋਂ ਜਾਣੂ ਕਰਵਾਇਆ। ਟਿੱਪਣੀਕਾਰਾਂ ਵਿੱਚ ਡਾ ਜਗਮੋਹਣ ਸੰਘਾ ਅਤੇ ਹਰਜਸਪ੍ਰੀਤ ਗਿੱਲ ਵਲੋਂ ਵੀ ਆਪਣੀ ਗੱਲ ਕਹੀ ਗਈ।
ਦੂਸਰੇ ਭਾਗ ਕਵੀ ਦਰਬਾਰ ਦੌਰਾਨ ਆਏ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਸੁਣਾ ਕੇ ਸਮਾਗਮ ਦਾ ਰੰਗ ਬਨ੍ਹਿਆ ਗਿਆ।
ਰਚਨਾਵਾਂ ਸੁਣਾਉਣ ਵਾਲਿਆਂ ਮਖਸੂਦ ਚੌਧਰੀ, ਹਰਮੇਸ਼ ਜੀਂਦੋਵਾਲ, ਡਾ ਪਰਗਟ ਸਿੰਘ ਬੱਗਾ, ਹਰਜਿੰਦਰ ਸਿੰਘ ਭਸੀਨ, ਤਾਹੀਰਾ ਮਸੂਦ, ਗੁਰਦੇਵ ਸਿੰਘ ਰੱਖੜਾ, ਹਿਮਾਇਤ ਹੁਸੈਨ ਮਸੂਦ, ਪਰਮਜੀਤ ਢਿੱਲੋਂ, ਗਿਆਨ ਸਿੰਘ ਦਰਦੀ, ਬ੍ਰਹਮਜੀਤ ਸਿੰਘ ਤਬਲਾ ਵਾਦਕ, ਜੱਸੀ ਭੁੱਲਰ, ਗੁਰਦੇਵ ਚੌਹਾਨ, ਦਰਸ਼ਨ ਸਿੰਘ ਗਰੇਵਾਲ, ਪ੍ਰੋ ਜਗੀਰ ਸਿੰਘ ਕਾਹਲੋਂ, ਪੰਜਾਬ ਸਿੰਘ ਕਾਹਲੋਂ, ਜਸਪਾਲ ਸਿੰਘ ਦਸੋਵੀ ਆਦਿ ਹਾਜ਼ਰ ਸਨ। ਇੱਕਬਾਲ ਬਰਾੜ ਹੁਰਾਂ ਵਲੋਂ ਖੂਬਸੂਰਤ ਗੀਤ ਪੇਸ਼ ਕੀਤਾ ਗਿਆ।
ਇਸ ਮੌਕੇ ਸਰੋਤਿਆਂ ਵਿੱਚ ਪੁਸ਼ਪਿੰਦਰ ਕੌਰ, ਦਵਿੰਦਰ ਕੌਰ ਸੰਘਾ, ਹਰਿੰਦਰ ਹੁੰਦਲ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਹੀਰਾ ਸਿੰਘ ਹੰਸਪਾਲ, ਸਿੰਗਾਰ ਸਿੰਘ ਢਿੱਲੋਂ, ਹਰਜੀਤ ਸਿੰਘ, ਸਰਬਜੀਤ ਕੌਰ ਕਾਹਲੋਂ, ਹੁੰਨਰ ਕਾਹਲੋਂ, ਰਸ਼ਪਾਲ ਸਿੰਘ ਸਹੋਤਾ ਆਦਿ ਮੌਜੂਦ ਸਨ।