ਕੈਨੇਡਾ ਦਾ ਅਹਿਸਾਨ ਚੁਕਾਉਣ ਦਾ ਸੁਨਹਿਰਾ ਮੌਕਾ : ਢਿੱਲੋਂ
ਲੈੱਥਬ੍ਰਿੱਜ/ਬਿਊਰੋ ਨਿਊਜ਼ : ਬੌਬ ਢਿੱਲੋਂ ਨੇ ਯੂਨੀਵਰਸਿਟੀ ਆਫ ਲੈਥਬ੍ਰਿੱਜ ਨੂੰ 10 ਮਿਲੀਅਨ ਡਾਲਰ ਦਾ ਦਾਨ ਡੋਨੇਸ਼ਨ ਦੇ ਰੂਪ ਵਿਚ ਦਿੱਤਾ ਹੈ।
ਚਾਰ ਦਹਾਕੇ ਪਹਿਲਾਂ ਬੌਬ ਢਿੱਲੋਂ ਕੈਨੇਡਾ ਕੈਨੇਡਾ ਆਏ ਸਨ। ਜਪਾਨ ਵਿੱਚ ਪੈਦਾ ਹੋਏ ਇਸ ਵਿਅਕਤੀ ਨੇ ਆਪਣੇ ਸ਼ੁਰੂਆਤੀ ਸਾਲ ਲਾਈਬੇਰੀਆ ਵਿੱਚ ਬਿਤਾਏ ਤੇ ਫਿਰ ਉੱਥੇ ਮਚੀ ਉਥਲ-ਪੁਥਲ ਮੌਕੇ ਉਹ ਦੇਸ਼ ਛੱਡ ਕੇ ਕੈਨੇਡਾ ਆ ਗਿਆ। ਇਸ ਡੋਨੇਸ਼ਨ ਲਈ ਵਿਸ਼ੇਸ਼ ਸਮਾਰੋਹ ਵੀ ਕਰਵਾਇਆ ਗਿਆ।
ਢਿੱਲੋਂ ਮੇਨਸਟਰੀਟ ਇਕੁਇਟੀ ਦੇ ਚੀਫ ਐਗਜ਼ੈਕਟਿਵ ਤੇ ਬਾਨੀ ਹਨ। ਇਸ ਮੌਕੇ ਕੈਲਗਰੀ ਤੋਂ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਜੋ ਕੁੱਝ ਵੀ ਬਣਾਇਆ ਹੈ ਉਹ ਇੱਥੇ ਕੈਨੇਡਾ ਆ ਕੇ ਹੀ ਬਣਾਇਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਲਈ ਇਹ ਕੈਨੇਡਾ ਦਾ ਅਹਿਸਾਨ ਚੁਕਾਉਣ ਦਾ ਸੁਨਹਿਰਾ ਮੌਕਾ ਹੈ।ਿ ੲਹ ਰਕਮ ਯੂਨੀਵਰਸਿਟੀ ਦੀ ਫੈਕਲਟੀ ਆਫ ਮੈਨੇਜਮੈਂਟ ਲਈ ਦਿੱਤੀ ਗਈ ਹੈ ਜਿਸ ਦਾ ਨਾਂ ਬਦਲ ਕੇ ਢਿੱਲੋਂ ਸਕੂਲ ਆਫ ਬਿਜ਼ਨਸਿਜ਼ ਰੱਖਿਆ ਜਾਵੇਗਾ। ਇਹ ਸਕੂਲ ਹੁਣ ਫਾਇਨਾਂਸ, ਇਨੋਵੇਸ਼ਨ, ਐਂਟਰਪ੍ਰਿਨਿਓਰਿਜ਼ਮ ਤੇ ਇੰਟਰਨੈਸ਼ਨਲਾਈਜ਼ੇਸ਼ਨ ਉੱਤੇ ਧਿਆਨ ਕੇਂਦਰਿਤ ਕਰੇਗਾ। ਇਸ ਦੇ ਨਾਲ ਹੀ ਬਲੌਕਚੇਨ, ਕ੍ਰਿਪਟੋਕਰੰਸੀਜ਼ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਨਾਲ ਰੋਬੌਟਿਕਸ ਦੇ ਖੇਤਰ ਵਿੱਚ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ।
ਯੂਨੀਵਰਸਿਟੀ ਆਫ ਲੈੱਥਬ੍ਰਿੱਜ ਲਈ ਇਹ ਇਤਿਹਾਸ ਦਾ ਸੱਭ ਤੋਂ ਵੱਡਾ ਤੋਹਫਾ ਹੈ। ਇਹ ਢਿੱਲੋਂ, ਇਸ ਸੰਸਥਾ ਤੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਤੇ ਵਾਈਸ ਚਾਂਸਲਰ ਮਾਈਕ ਮੈਹਨ ਵਿਚਲੇ ਰਿਸ਼ਤਿਆਂ ਦੀ ਜਿਊਂਦੀ ਜਾਗਦੀ ਮਿਸਾਲ ਹੈ। 1990ਵਿਆਂ ਵਿੱਚ ਢਿੱਲੋਂ ਨੇ ਆਪਣੀ ਐਮਬੀਏ ਦੀ ਡਿਗਰੀ ਹਾਸਲ ਕਰਨ ਲਈ ਵੈਸਟਰਨ ਯੂਨੀਵਰਸਿਟੀ ਦੇ ਆਈਵੀ ਬਿਜ਼ਨਸ ਸਕੂਲ ਵਿੱਚ ਦਾਖਲਾ ਲਿਆ। ਉਨ੍ਹਾਂ ਆਖਿਆ ਕਿ ਹਰ ਕੋਈ ਇਸ ਗੱਲ ਤੋਂ ਸਹਿਮਤ ਹੋਵੇਗਾ ਕਿ ਸਾਨੂੰ ਬਿਜ਼ਨਸ ਸਕੂਲ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਤੇ ਸਾਨੂੰ ਵਿਦਿਆਰਥੀਆਂ ਨੂੰ ਅੱਜ ਤੇ ਆਉਣ ਵਾਲੇ ਸਮੇਂ ਨਾਲ ਸਬੰਧਤ ਸਿੱਖਿਆ ਦੇਣੀ ਚਾਹੀਦੀ ਹੈ।
ਟੋਰਾਂਟੋ ਦੀ ਰੀਅਲ ਅਸਟੇਟ ਇਨਵੈਸਟਮੈਂਟ ਮੈਨੇਜਮੈਂਟ ਫਰਮ-ਵਿਜ਼ਨ ਕੈਪੀਟਲ ਕਾਰਪੋਰੇਸ਼ਨ ਦੇ ਬਾਨੀ ਜੈੱਫ ਓਲਿਨ ਪਿਛਲੇ ਪੰਦਰਾਂ ਸਾਲਾਂ ਤੋਂ ਢਿੱਲੋਂ ਨਾਲ ਜਾਂ ਤਾਂ ਬੈਂਕਰ ਤੇ ਜਾਂ ਫਿਰ ਨਿਵੇਸ਼ਕ ਵਜੋਂ ਕੰਮ ਕਰ ਰਹੇ ਹਨ।
ਉਹ ਢਿੱਲੋਂ ਦੇ ਕੰਮ ਕਰਨ ਦੇ ਸਟਾਈਲ ਦੇ ਫੈਨ ਹਨ। ਢਿੱਲੋਂ ਦੇ ਦੋ ਦਹਾਕਿਆਂ ਦੇ ਟਰੈਕ ਰਿਕਾਰਡ ਦੀ ਗੱਲ ਕਰਦਿਆਂ ਓਲਿਨ ਨੇ ਆਖਿਆ ਕਿ ਕਾਰੋਬਾਰੀ ਹੋਣ ਨਾਤੇ ਬੌਬ ਕੈਨੇਡੀਅਨ ਇਤਿਹਾਸ ਦੇ ਸੱਭ ਤੋਂ ਵੱਧ ਸਫਲ ਐਂਟਰਪ੍ਰਿਨਿਓਰਜ਼ ਵਿੱਚੋਂ ਇੱਕ ਹਨ।
ਤਿੰਨ ਸਾਲ ਪਹਿਲਾਂ ਢਿੱਲੋਂ ਨੂੰ ਸੀਐਮਐਚਸੀ ਦੇ ਬੋਰਡ ਵਿੱਚ ਨਿਯੁਕਤ ਕੀਤਾ ਗਿਆ। ਇਸ ਸਾਲ ਢਿੱਲੋਂ ਨੇ ਫਰੈੱਡ ਲੈਂਗਨ ਨਾਲ ਰਲ ਕੇ ਕਾਰੋਬਾਰ ਤੇ ਰਿਟਾਇਰਮੈਂਟ ਗਾਈਡ ਵਜੋਂ ਇੱਕ ਕਿਤਾਬ ਲਿਖੀ ਹੈ। ਢਿੱਲੋਂ 2,700 ਏਕੜ ਵਿੱਚ ਟੂਰਿਜ਼ਮ ਪ੍ਰੋਜੈਕਟ ਵੀ ਵਿਕਸਤ ਕਰ ਰਹੇ ਹਨ। ਨਿੱਤ ਯੋਗਾ ਕਰਨ ਵਾਲੇ ਢਿੱਲੋਂ ਨੂੰ ਓਲਿਨ ਆਪਣੀ ਪ੍ਰੇਰਣਾ ਮੰਨਦੇ ਹਨ। ਇਸ ਤੋਂ ਪਹਿਲਾਂ ਵੀ ਢਿੱਲੋਂ ਫਰਾਖ਼ਦਿਲੀ ਵਿਖਾ ਚੁੱਕੇ ਹਨ।
2011 ਤੇ 2016 ਵਿੱਚ ਜਦੋਂ ਅਲਬਰਟਾ ਦੀ ਸਲੇਵ ਲੇਕ ਤੇ ਫੋਰਟ ਮੈਕਮਰੀ ਵਿੱਚ ਅੱਗ ਨੇ ਵੱਡਾ ਨੁਕਸਾਨ ਪਹੁੰਚਾਇਆ ਸੀ ਤਾਂ ਢਿੱਲੋਂ ਦੀ ਕੰਪਨੀ ਮੇਨਸਟਰੀਟ ਨੇ ਪ੍ਰਭਾਵਿਤ ਲੋਕਾਂ ਲਈ ਅਪਾਰਟਮੈਂਟ ਤਿਆਰ ਕਰਵਾਏ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …