ਦਸਤਾਰਾਂ ਸਜਾਉਣ ਦੀ ਜਾਚ ਵੀ ਦੱਸੀ ਗਈ
ਕੈਲੇਡਨ/ਡਾ. ਝੰਡ : ‘ਜੀਪ ਲਵਰਜ਼ ਕਲੱਬ ਟੋਰਾਟੋਂ’ ਵੱਲੋਂ ਪਿਛਲੇ ਐਤਵਾਰ 28 ਅਗਸਤ ਨੂੰ 12942 ਹਾਰਟ ਲੇਕ ਰੋਡ, ਕੈਲੇਡਨ ਵਿਖੇ ਖੁੱਲ੍ਹੇ ਮੈਦਾਨ ਵਿਚ ਦਸਤਾਰ ਸਜਾਉਣ ਦੇ ਚਾਹਵਾਨਾਂ ਨੂੰ ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਫਰੀ ਵੰਡਣ ਦਾ ਸ਼ਾਨਦਾਰ ਉਪਰਾਲਾ ਕੀਤਾ ਗਿਆ। ਪ੍ਰਬੰਧਕੀ ਟੀਮ ਦੇ ਮੈਂਬਰਾਂ ਵੱਲੋਂ ਇਹ ਦਸਤਾਰਾਂ ਉਨ੍ਹਾਂ ਚਾਹਵਾਨ ਵਿਅਕਤੀਆਂ ਦੇ ਸਿਰਾਂ ‘ਤੇ ਬੜੇ ਪ੍ਰੇਮ-ਪਿਆਰ ਨਾਲ ਸਜਾਈਆਂ ਗਈਆਂ ਅਤੇ ਉਨ੍ਹਾਂ ਨੂੰ ਇਹ ਦਸਤਾਰਾਂ ਰੋਜ਼ ਸਜਾਉਣ ਲਈ ਪ੍ਰੇਰਦਿਆਂ ਹੋਇਆਂ ਇਨ੍ਹਾਂ ਨੂੰ ਬੰਨ੍ਹਣ ਦੀ ਲੋੜੀਂਦੀ ਸਿਖਲਾਈ ਵੀ ਦਿੱਤੀ ਗਈ। ਇਸ ਮੌਕੇ ਚਾਰ ਦਰਜਨ ਤੋਂ ਵਧੀਕ ਵੱਖ-ਵੱਖ ਰੰਗਾਂ ਅਤੇ ਮਾਡਲਾਂ ਦੀਆਂ ਸੱਜੀਆਂ ਹੋਈਆਂ ਬਹੁ-ਕੀਮਤੀ ਜੀਪਾਂ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਬਣੀਆਂ। ਲੋਕਾਂ ਵਿਚ ਇਨ੍ਹਾਂ ਜੀਪਾਂ ਨੂੰ ਵੇਖਣ ਲਈ ਭਾਰੀ ਉਤਸ਼ਾਹ ਪਾਇਆ ਗਿਆ।
ਖ਼ੁਸ਼ੀ ਵਿਚ ਖ਼ੀਵੇ ਹੋਏ ਉਹ ਬੜੀ ਨੀਝ ਲਾ ਕੇ ਇਨ੍ਹਾਂ ਜੀਪਾਂ ਨੂੰ ਨਿਹਾਰ ਰਹੇ ਸਨ ਅਤੇ ਇਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਸਨ। ਸ਼ਾਨਦਾਰ ਜੀਪਾਂ ਦਾ ਇਹ ਅਲੌਕਿਕ ਦ੍ਰਿਸ਼ ਵੇਖਣ ਲਈ ਲੋਕ ਵੱਡੀ ਗਿਣਤੀ ਵਿਚ ਉਮੜੇ ਅਤੇ ਇਹ ਸਿਲਸਿਲਾ ਸਾਰਾ ਦਿਨ ਹੀ ਲਗਾਤਾਰ ਚੱਲਦਾ ਰਿਹਾ। ਕਈਆਂ ਨੇ ਇਹ ਦ੍ਰਿਸ਼ ਆਪਣੇ ਸੈੱਲ-ਕੈਮਰਿਆਂ ਵਿਚ ਕੈਦ ਵੀ ਕੀਤੇ। ਇਸ ਦੌਰਾਨ ਚਾਹ, ਪਕੌੜਿਆਂ ਅਤੇ ਕਈ ਪ੍ਰਕਾਰ ਦੇ ਸਨੈਕਸ ਦਾ ਲੰਗਰ ਸਵੇਰ ਤੋਂ ਸ਼ਾਮ ਤੱਕ ਸਾਰਾ ਹੀ ਦਿਨ ਚੱਲਦਾ ਰਿਹਾ। ਟੋਰਾਂਟੋ ਦੀ ‘ਸਿੱਖ ਮੋਟਰਸਾਈਕਲ ਕਲੱਬ’ ਨੇ ਵੀ ਪੂਰੇ ਜੋਸ਼-ਓ-ਖ਼ਰੋਸ਼ ਨਾਲ ਇਸ ਮੌਕੇ ਆਪਣੀ ਭਰਪੂਰ ਹਾਜ਼ਰੀ ਲਵਾਈ। ਇਹ ਸਾਰਾ ਪ੍ਰੋਗਰਾਮ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਜੌਹਲ ਦੀ ਯੋਗ ਅਗਵਾਈ ਸਦਕਾ ਸਫ਼ਲਤਾ ਪੂਰਵਕ ਪ੍ਰਵਾਨ ਚੜ੍ਹਿਆ ਅਤੇ ਹਰੇਕ ਵੱਲੋਂ ਇਸ ਦੀ ਭਰਪੂਰ ਸਰਾਹਨਾ ਕੀਤੀ ਗਈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀਆਂ ਗੁਰਪ੍ਰੀਤ ਸਿੰਘ ਅਟਵਾਲ, ਬਲਬੀਰ ਸਿੰਘ ਰੰਧਾਵਾ, ਜਗਤਾਰ ਸਿੰਘ ਸਿੱਧੂ, ਦਵਿੰਦਰ ਸਿੰਘ ਬਾਜਵਾ ਅਤੇ ਜੌਲੀ ਹੁਰਾਂ ਵੱਲੋਂ ਹਰ ਪ੍ਰਕਾਰ ਦਾ ਮਿਲਵਰਤਣ ਅਤੇ ਸਹਿਯੋਗ ਦਿੱਤਾ ਗਿਆ।