ਬਰੈਂਪਟਨ : ਅਪ੍ਰੈਲ 2019 ਦੇ ‘ਲੇਬਰ ਫ਼ੋਰਸ ਸਰਵੇ’ ਨੇ ਇਹ ਪੱਕਾ ਕਰ ਦਿੱਤਾ ਹੈ ਕਿ 2015 ਵਿਚ ਜਦੋਂ ਤੋਂ ਫ਼ੈੱਡਰਲ ਸਰਕਾਰ ਹੋਂਦ ਵਿਚ ਆਈ ਹੈ, ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਪਿਛਲੇ ਅਪ੍ਰੈਲ ਮਹੀਨੇ ਵਿਚ ਹੀ 100,000 ਨਵੀਆਂ ਨੌਕਰੀਆਂ ਬਣੀਆਂ ਹਨ ਜਿਸ ਨਾਲ ਇਹ ਮਹੀਨੇਵਾਰ ਰੋਜ਼ਗਾਰ ਪੈਦਾ ਕਰਨ ਵਾਲਾ ਸੱਭ ਤੋਂ ਵਧੀਆ ਤੇ ਵਡੇਰਾ ਮਹੀਨਾ ਸਾਬਤ ਹੋਇਆ ਹੈ। ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਮੈਨੂੰ ਬੜੀ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਰੇ ਹੀ ਕੈਨੇਡਾ-ਵਾਸੀਆਂ ਦੀ ਮਦਦ ਕਰਨ ਲਈ ਸਾਡੀ ਪਲੈਨ ਸਫ਼ਲਤਾ ਨਾਲ ਕੰਮ ਕਰ ਰਹੀ ਹੈ। ਨੌਕਰੀਆਂ ਵਿਚ ਇਹ ਵਾਧਾ ਕੰਸਰਵੇਟਿਵਾਂ ਦੀ ਹਰ ਕੀਮਤ ‘ਤੇ ਬੱਜਟ ਨੂੰ ਬੈਲੈਂਸ ਕਰਨ ਵਾਲੀ ਪਲੈਨ ਨਾਲ ਸੰਭਵ ਨਹੀਂ ਸੀ। ਸਿਆਸਤ ਵਿਚ ਇਕ ਦੂਸਰੇ ‘ਤੇ ਚਿੱਕੜ ਸੁੱਟਣਾ ਅਤੇ ਮਾੜਾ-ਚੰਗਾ ਬੋਲਣਾ ਬੜਾ ਆਸਾਨ ਹੈ, ਪ੍ਰੰਤੂ ਅਸੀਂ ਦੂਸਰਿਆਂ ਦੇ ਹਮਲਿਆਂ ਨੂੰ ਦੇਸ਼-ਵਾਸੀਆਂ ਲਈ ਨੌਕਰੀਆਂ ਦੇ ਰਾਹ ਵਿਚ ਰੋੜਾ ਅਟਕਾਉਣ ਦੀ ਆਗਿਆ ਨਹੀਂ ਦੇਵਾਂਗੇ ਜਿਹੜੀਆਂ ਕਿ ਕੈਨੇਡਾ-ਵਾਸੀਆਂ ਲਈ ਅਤੀ ਜ਼ਰੂਰੀ ਹਨ। ਇਹ ਕੰਮ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਅਸੀਂ ਇਸ ਨੂੰ ਆਪਣੇ ਪਿਆਰੇ ਦੇਸ਼-ਵਾਸੀਆਂ ਲਈ ਜਾਰੀ ਰੱਖਾਂਗੇ।” 2015 ਵਿਚ ਟਰੂਡੋ ਸਰਕਾਰ ਦੇਸ਼ ਦੇ ਅਰਥਚਾਰੇ ਵਿਚ ਵਾਧੇ ਲਈ ਕੰਸਰਵੇਟਿਵਾਂ ਦੇ ਅਮੀਰਾਂ ਦੇ ਟੈਕਸ ਨੂੰ 1 ਫੀਸਦੀ ਘੱਟ ਕਰਨ ਦੇ ਵਾਅਦੇ ਦੇ ਮੁਕਾਬਲੇ ਮਿਡਲ ਕਲਾਸ ਵਿਚ ਪੂੰਜੀ ਨਿਵੇਸ਼ ਕਰਨ ਦੇ ਵਾਅਦੇ ਨਾਲ ਚੁਣੀ ਗਈ ਸੀ। ਇਹ ਖ਼ਬਰ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਪਲੈਨ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਹੁਣ ਜਦ ਕਿ ਐਂਡਰਿਊ ਸ਼ੀਅਰ ਤੇ ਉਸ ਦੇ ਕੰਸਰਵੇਟਿਵ ਸਾਥੀ ਉਨ੍ਹਾਂ ਨੀਤੀਆਂ ਦੇ ਵਿਰੁੱਧ ਵੋਟਾਂ ਪਾਉਣ ਵਿਚ ਲੱਗੇ ਹੋਏ ਹਨ ਜਿਹੜੀਆਂ ਮਿਡਲ ਕਲਾਸ ਵਿਚ ਵਾਧਾ ਕਰਨ ‘ਚ ਸਹਾਈ ਹੁੰਦੀਆਂ ਹਨ ਅਤੇ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਸੁਖਾਲਾ ਬਣਾਉਂਦੀਆਂ ਹਨ, ਅਸੀਂ ਆਪਣੀ ਨੌਕਰੀਆਂ ਅਤੇ ਦੇਸ਼ ਦੇ ਅਰਥਚਾਰੇ ਨੂੰ ਹੋਰ ਵਧਾਉਣ ਵਾਲੀ ਆਪਣੀ ਪਲੈਨ ਨੂੰ ਜਾਰੀ ਰੱਖ ਰਹੇ ਹਾਂ। ਖ਼ੁਸ਼ੀ ਵਾਲੀ ਗੱਲ ਹੈ ਕਿ ਇਸ ਦੇ ਨਤੀਜੇ ਵੀ ਸਾਫ਼ ਨਜ਼ਰ ਆ ਰਹੇ ਹਨ।
Home / ਕੈਨੇਡਾ / ਲਿਬਰਲ ਸਰਕਾਰ ਬਣਨ ਤੋਂ ਬਾਅਦ ਕੈਨੇਡਾ ‘ਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …