Breaking News
Home / ਕੈਨੇਡਾ / ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਇੱਕ ਯਾਦਗਾਰੀ ਪਿਕਨਿਕઠਅਤੇઠਕੈਨੇਡਾ ਡੇਅ ਦਾ ਅਨੂਠਾ ਜਸ਼ਨ

ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਇੱਕ ਯਾਦਗਾਰੀ ਪਿਕਨਿਕઠਅਤੇઠਕੈਨੇਡਾ ਡੇਅ ਦਾ ਅਨੂਠਾ ਜਸ਼ਨ

ਮਿਸੀਸਾਗਾ : ਮਿਸੀਸਾਗਾ ਸੀਨੀਅਰ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਮਠੋਨ, ਦੂਜੇ ਡਾਇਰੈਕਟਰਾਂ ਅਤੇ ਵਲੰਟੀਅਰਾਂ ਦੀ ਉੱਦਮੀ ਤੇ ਐਕਟਿਵ ਪ੍ਰਬੰਧਕੀ ਟੀਮ ਨੇ ਰਲ-ਮਿਲ ਕੇ ਇਸ ਸ਼ੁਭ ਦਿਹਾੜੇ ਨੂੰ ਮਨਾਉਣ ਦਾ ਤਰੱਦਦ ਕੀਤਾ। ਸੀਨੀਅਰ ਮੈਂਬਰਾਂ, ਭੈਣਾਂ/ਭਰਾਵਾਂ ਨੇ ਇੱਕ ਮੁੱਠ ਹੋ ਲਾਸਾਨੀ ਪਿਕਨਿੱਕ ਦੇ ਪ੍ਰਬੰਧਾਂ ਨੂੰ ਸਿਰੇ ਚਾੜ੍ਹਿਆ। ਇਹ ਪਿਕਨਿਕ ਏਰਿਨਡੇਲ ਪਾਰਕ ਜਿਹੇ ਰਮਣੀਕ ਤੇ ਆਕਰਸ਼ਕ ਪਾਰਕ ਵਿੱਚ ਲੱਗਭਗ 225 ਨਾਲੋਂ ਵੱਧ ਵਿਅਕਤੀਆਂ ਵੱਲੋਂ ਚਾਵਾਂ ਤੇ ਮਲ੍ਹਾਰਾਂ ਲੱਦੀਆਂ ਭਾਵਨਾਵਾਂ ਨਾਲ ਮਨਾਈ ਗਈ। ਪਿਕਨਿਕ ਦੀ ਉਡੀਕ ਨਾਲ ਸਰਸ਼ਾਰ ਮੈਂਬਰ ਸਮੇਂ ਸਿਰ 10 ਵਜੇ ਪਾਰਕ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਯਾਦ ਰਹੇ ਅਤਿ ਦੀ ਗਰਮੀ ਦੇ ਬਾਵਜੂਦ ਇਸ ਸਾਰੇ ਪ੍ਰਬੰਧ ਨੂੰ ਸਫ਼ਲਤਾ ਦਾ ਸਿਹਰਾ ਪਵਾਉਣ ਲਈ ਹਿੰਮਤੀ ਪਰ ਸਿਰੜੀ ਤੇ ਸਰਗਰਮ ਮੈਂਬਰ ਬਹੁਤ ਸਮਾਂ ਪਹਿਲਾਂ ਉਥੇ ਪਹੁੰਚ ਕੇ ਪ੍ਰਬੰਧਾਂ ਨੂੰ ਸਰ ਅੰਜਾਮ ਦੇ ਰਹੇ ਸਨ। ਸ਼ਾਮਲ ਹੋਣ ਵਾਲੇ ਮੈਂਬਰਾਂ ਤੇ ਮਹਿਮਾਨਾਂ ਦੀ ਸਹੂਲਤ ਲਈ ਗਜ਼ੇਬੋ ਤੋਂ ਇਲਾਵਾ ਤੰਬੂ ਵੀ ਲਗਾਏ ਗਏ। ਕਈ ਮੈਂਬਰ ਆਪਣੀ ਸੌਖ ਸਹੂਲਤ ਲਈ ਆਪਣੀਆਂ ਨਿੱਜੀ ਕੁਰਸੀਆਂ ਨਾਲ ਲੈ ਕੇ ਆਏ ਤੇ ਸੰਗੀਆਂ ਸਾਥੀਆਂ ਨਾਲ ਮੌਕੇ ਨੂੰ ਮਾਣ ਰਹੇ ਸਨ। ਇਸ ਪ੍ਰਬੰਧ ਨੂੰ ਸੰਪੂਰਨਤਾ ਦਾ ਸਿਹਰਾ ਪਵਾਉਣ ਲਈ ਜ਼ਿੰਮੇਵਾਰ, ਸੁਹਿਰਦ ਤੇ ਸਾਹਸੀ ਮੈਂਬਰ ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਸਮੂਹ ਮੈਂਬਰਾਂ ਦੇ ਧੰਨਵਾਦ ਦੇ ਸਹੀ ਪਾਤਰ ਹਨ। ਇਸ ਵਾਰ ਵਿਸੇਸ਼ ਵਰਤਾਰਾ ਵੇਖਣ ਵਿੱਚ ਆਇਆ ਕਿ ਸ਼ਮੂਲੀਅਤ ਕਰਨ ਵਾਲਾ ਹਰ ਕੋਈ ਇਸ ਸਮੇਂ ਤੇ ਸਥਾਨ ਦੀ ਸੁੰਦਰਤਾ ਦਾ ਸੰਪੂਰਨ ਅਨੰਦ ਲੈ ਰਿਹਾ ਸੀ; ਚਿਹਰਿਆਂ ‘ਤੇ ਪਰਸੰਤਾ, ਦਿਲਾਂ ਅੰਦਰ ਚਾਅ ਤੇ ਬੋਲ-ਚਾਲ ਵਿੱਚ ਖੇੜਾ ਅਤੇ ਵਰਤ-ਵਿਹਾਰ ਵਿੱਚ ਇਸ ਦਿਨ ਨੂੰ ਜਸ਼ਨਮਈ ਬਣਾਉਣ ਦਾ ਜੋਸ਼। ਮੁੱਢ ਵਿੱਚ ਸਮੋਸਿਆਂ ਤੇ ਮਿਠਿਆਈਆਂ ਪੇਸਟਰੀ ਵਾਲਾ ਬਰੈਕਫਾਸਟ ਪਰੋਸਿਆ ਗਿਆ; ਅਤੇ ਬਾਅਦ ਵਿੱਚ ਲੰਚ ਸਮੇਂ ਵੈਸ਼ਨੂ ਅਤੇ ਮਾਸਾਹਾਰੀ ਸਵਾਦਿਸ਼ਟ ਭੋਜਨ ਦਾ ਆਨੰਦ ਮਾਣਿਆ ਗਿਆ। ਛੱਤੇ ਹੋਏ ਵਿਸ਼ਾਲ ਗਜ਼ੇਬੋ ਅੰਦਰ ਲੱਗੇ ਬੈਂਚਾਂ ‘ਤੇ ਸਸ਼ੋਭਤ ਮੈਂਬਰਾਂ ਲਈ ਲੇਡੀਜ਼ ਵੱਲੋਂ ਗੀਤ, ਸੰਗੀਤ ਤੇ ਗਿੱਧੇ ਭੰਗੜੇ ਦੁਆਰਾ ਮਨੋਰੰਜਨ ਪੇਸ਼ ਕੀਤਾ ਗਿਆ। ਕੈਨੇਡੀਅਨ ਫ਼ਲੈਗ ਲਹਿਰਾਉਣ ਦੀ ਰਸਮ ਐਨ ਇੱਕ ਵਜੇ ਮਾਨਯੋਗ ਐਮ.ਪੀ, ਐਮ.ਪੀ.ਪੀ. ਅਤੇ ਦੋ ਕੌਂਸਲਰਾਂ ਦੀ ਹਾਜ਼ਰੀ ਵਿੱਚ ਰਾਸ਼ਟਰੀ ਗੀਤ ਨਾਲ ਕੀਤੀ ਗਈ। ਸੁਰਜੀਤ ਸਿੰਘ ਬਾਠ ਅਤੇ ਉਂਕਾਰ ਮਠਾਰੂ ਦੀਆਂ ਸੇਵਾਵਾਂ ਵਿਸੇਸ਼ ਤੌਰ ‘ਤੇ ਸ਼ਲਾਘਾਯੋਗ ਸਨ। 34 ਦਰਜੇ ਸੈਲਸੀਅਸ ‘ਤੇ ਦੂਜੇ ਕਾਰਨਾਂ ਕਰਕੇ 40% ਤਾਪਮਾਨ ਦੇ ਬਾਵਜੂਦ ਸੀਨੀਅਰਾਂ ਦੀਆਂ ਖੇਡਾਂ ਦਾ ਇੰਤਜ਼ਾਮ ਵੀ ਸ਼ਲਾਘਾਯੋਗ ਸੀ ਜਿਸ ਕਾਰਨ ਕਈ ਹਿੰਮਤੀ ਸੀਨੀਅਰਾਂ ਨੂੰ ਆਪਣੀ ਸਰੀਰਕ ਤੇ ਖੇਡਾਂ ਦੀ ਯੋਗਤਾ ਦੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਸਮੂਹ ਮੈਂਬਰਾਂ ਤੇ ਪ੍ਰਬੰਧਕਾਂ ਦੇ ਸੰਯੁਕਤ ਯਤਨਾਂ ਨੇ ਇਸ ਦਿਨ ਦੇ ਪ੍ਰੋਗਰਾਮ ਨੂੰ ਸਹੀ ਅਰਥਾਂ ਵਿੱਚ ਇੱਕ ਯਾਦਗਾਰੀ ਦਿਹਾੜਾ ਬਣਾਉਣ ਵਿੱਚ ਕੋਈ ਵੀ ਕਸਰ ਨਾ ਛੱਡੀ ਤੇ ਅੰਤ ਨੂੰ ਇਹ ਦਿਵਸ ਯਾਦਾਂ ਦੀ ਸਲੇਟ ਉੱਤੇ ਪੱਕਾ ਉਕਰਿਆ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …