100 ਤੋਂ ਵਧੇਰੇ ਮੈਂਬਰਾਂ ਨੇ ਸਮਾਗਮ ਵਿਚ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੰਸਥਾ ‘ਪੀਐੱਸਬੀ ਸੀਨੀਅਰਜ਼ ਕਲੱਬ’ ਵੱਲੋਂ ਬਰੈਂਪਟਨ ਦੇ ‘ਗੋਰ ਮੀਡੀਜ਼ ਕਮਿਊਨਿਟੀ ਸੈਂਟਰ’ ਵਿਚ ਮਲਟੀ-ਕਲਚਰਲ ਫੈੱਸਟੀਵਲ ਦਾ ਆਯੋਜਨ ਕੀਤਾ ਗਿਆ। ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਇਸ ਸਮਾਗਮ ਵਿਚ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।
ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਦੇ ਪਧਾਰਨ ‘ਤੇ ਸੱਭ ਤੋਂ ਪਹਿਲਾਂ ਸਾਰਿਆਂ ਨੇ ਮਿਲ ਕੇ ਦੁਪਹਿਰ ਦਾ ਭੋਜਨ ਛਕਿਆ। ਉਪਰੰਤ, ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਨੇ ਸਮਾਗਮ ਦਾ ਆਰੰਭ ਕਰਦਿਆਂ ਇਸ ਕਲੱਬ ਦੇ ਇਤਿਹਾਸ ਬਾਰੇ ਸੰਖੇਪ ਵਿਚ ਦੱਸਦਿਆਂ ਇਸ ਦੀਆਂ ਸਰਗਰਮੀਆਂ ਅਤੇ ਵੱਖ-ਵੱਖ ਕਮਿਊਨਿਟੀਆਂ ਵਿਚ ਮਨਾਏ ਜਾਂਦੇ ਤਿਓਹਾਰਾਂ ਦੀ ਮਹਾਨਤਾ ਬਾਰੇ ਰੌਸ਼ਨੀ ਪਾਈ।
ਉਸ ਤੋਂ ਬਾਅਦ ਬਲਜਿੰਦਰ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਵੱਲੋਂ ”ਦੀਵਾਲੀ ਦੀ ਰਾਤ ਦੀਵੇ ਬਾਲੀਅਨ” ਗਾ ਕੇ ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਗਈ। ਮਲੂਕ ਸਿੰਘ ਕਾਹਲੋਂ ਨੇ ਆਪਣੀ ਕਵਿਤਾ ‘ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ’ ਸੁਣਾਈ। ਸ਼੍ਰੀਮਤੀ ਪਾਲ ਕੈਂਥ ਅਤੇ ਸ਼੍ਰੀਮਤੀ ਪ੍ਰੇਮ ਪੁਰੀ ਵੱਲੋਂ ਵੀ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਮਾਗ਼ਮ ਦੇ ਮੁੱਖ ਮਹਿਮਾਨ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਲੱਬ ਦੀ ਸਰਗ਼ਰਮੀਆਂ ਦੀ ਸਹਾਹਨਾ ਕਰਦਿਆਂ ਕਿਹਾ ਕਿ ਇਹ ਬਰੈਂਪਟਨ ਦੀ ਇੱਕੋ ਇੱਕ ਕਲੱਬ ਹੈ ਜੋ ਕਮਿਊਨਿਟੀ ਦੇ ਮਹੱਤਵਪੂਰਨ ਤਿਓਹਾਰ ਮਨਾਉਣੋਂ ਕਦੇ ਨਹੀਂ ਖੁੰਝਦੀ ਅਤੇ ਉਨ੍ਹਾਂ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਬਰੈਂਪਟਨ ਸਿਟੀ ਕੌਂਸਲ ਅਤੇ ਓਨਟਾਰੀਓ ਸੂਬਾ ਸਰਕਾਰ ਵੱਲੋਂ ਇਸ ਸ਼ਹਿਰ ਵਿਚ ਹੋ ਰਹੇ ਵਿਕਾਸ ਕੰਮਾਂ ਬਾਰੇ ਵੀ ਜ਼ਿਕਰ ਕੀਤਾ। ਹਾਜ਼ਰੀਨ ਦੇ ਮਨੋਰੰਜਨ ਲਈ ਦਲਬੀਰ ਸਿੰਘ ਕਾਲੜਾ ਵੱਲੋਂ ਹਿੰਦੀ ਗੀਤ ਗਾਏ ਗਏ।
ਅਨੁਜ ਵਰਮਾ ਵੱਲੋਂ ਇਕ ਕਵਿਤਾ ‘ਸਰਕਾਰੀ ਨੌਕਰ’ ਪੇਸ਼ ਕੀਤੀ ਗਈ ਅਤੇ ਕਰਨੈਲ ਸਿੰਘ ਮਰਵਾਹਾ ਨੇ ਇਸ ਦੌਰਾਨ ਕਈ ਹਾਸਰਸ ਕਵਿਤਾਵਾਂ ਸੁਣਾਈਆਂ।
ਗੁਰਵਿੰਦਰ ਕੌਰ ਅਤੇ ਸੂਰੀਆ ਵਿਆਸ ਨੇ ਰਵਾਇਤੀ ਪੰਜਾਬੀ ਜੀਵਨ ਬਾਰੇ ਕਵਿਤਾਵਾਂ ਪੇਸ਼ ਕੀਤੀਆਂ।
ਬਲਜਿੰਦਰ ਪਾਲ ਸਿੰਘ ਨੇ ਕਈ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਡੀ. ਜੇ. ਉੱਪਰ ਚੱਲ ਰਹੇ ਗਾਣਿਆਂ ‘ਤੇ ਖ਼ੂਬ ਭੰਗੜਾ ਪਾਇਆ। ਸਮਾਗ਼ਮ ਦੇ ਅਖ਼ੀਰ ਵਿਚ ਗੁਰਚਰਨ ਸਿਂਘ ਖੱਖ ਵੱਲੋਂ ਅਮਰਜੋਤ ਸੰਧੂ ਦਾ ਕਲੱਬ ਦੇ ਪ੍ਰੋਗਰਾਮਾਂ ਵਿਚ ਆਉਣ ਅਤੇ ਸਮੇਂ-ਸਮੇਂ ਇਸ ਦੀ ਲੋੜੀਂਦੀ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਇਸ ਸਮਾਗ਼ਮ ਨੂੰ ਸਫ਼ਲ ਬਨਾਉਣ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕਲੱਬ ਦਾ ਅਗਲਾ ਸਮਾਗ਼ਮ ਅਗਲੇ ਸਾਲ 14 ਅਪ੍ਰੈਲ ਨੂੰ ਕੀਤਾ ਜਾਏਗਾ ਅਤੇ ਇਸ ਦੇ ਨਾਲ ਹੀ ਇਸ ਸਮਾਗ਼ਮ ਦੀ ਸਮਾਪਤੀ ਦਾ ਐਲਾਨ ਕੀਤਾ।