ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਔਰੇਂਜਵਿਲ ਤੋਂ ਲੱਗਭੱਗ 150 ਕਿਲੋਮੀਟਰ ਦੂਰ ਬਰੂਸ ਕਾਊਂਟੀ ਵਿਚ ਪੰਜਾਬੀ ਕਮਿਊਨਿਟੀ ਵੱਲੋਂ ਹੋਰ ਕਮਿਊਨਿਟੀਆਂ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਧਾਰਮਿਕ ਸ਼ਰਧਾ ਤੇ ਲੋੜਵੰਦਾਂ ਨੂੰ ਕੀਤੇ ਦਾਨ ਦੇ ਰੂਪ ਵਿਚ ਮਨਾਇਆ ਗਿਆ। ‘ਅੰਡਰਵੁੱਡ ਕਮਿਊਨਿਟੀ ਸੈਂਟਰ’ ਵਿਚ ਐਤਵਾਰ 26 ਨਵੰਬਰ ਨੂੰ ਹੋਏ ਪ੍ਰਭਾਵਸ਼ਾਲੀ ਧਾਰਮਿਕ ਸਮਾਗ਼ਮ ਵਿਚ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਪਦੇਸ਼ਾਂ ਸਬੰਧੀ ਵਿਚਾਰਾਂ ਹੋਈਆਂ ਜਿਸ ਨੂੰ ਹਾਜ਼ਰ ਸੰਗਤਾਂ ਨੇ ਬੜੇ ਪ੍ਰੇਮ-ਪਿਆਰ ਅਤੇ ਸ਼ਰਧਾ ਨਾਲ ਮਾਣਿਆਂ।
ਇਸ ਸਮਾਗ਼ਮ ਦਾ ਮਹੱਤਵਪੂਰਨ ਪਹਿਲੂ ਇਹ ਵੀ ਸੀ ਕਿ ਇਸ ਦੌਰਾਨ ਸਥਾਨਕ ਚੈਰਿਟੀਆਂ ਦੀ ਮਦਦ ਨਾਲ ਵਾਲੰਟੀਅਰਾਂ ਵੱਲੋਂ ‘ਫ਼ੂਡ ਡੋਨੇਸ਼ਨ ਡਰਾਈਵ’ ਸਫ਼ਲਤਾ ਪੂਰਵਕ ਚਲਾਈ ਗਈ। ਫ਼ੂਡ ਬੈਂਕਾਂ ਵੱਲੋਂ ਖਾਣ ਵਾਲੀਆਂ ਜਲਦੀ ਨਾ ਖ਼ਰਾਬ ਹੋਣ ਵਾਲੀਆਂ ਰਸਦਾਂ ਤੇ ਤਾਜ਼ਾ ਵਸਤਾਂ ਇਕੱਤਰ ਕੀਤੀਆਂ ਗਈਆਂ ਅਤੇ ਇਹ ਲੋੜਵੰਦਾਂ ਨੂੰ ਵੰਡੀਆਂ ਗਈਆਂ।
ਸਮਾਗ਼ਮ ਵਿਚ ਹਾਜ਼ਰ ਲੋਕਾਂ ਵੱਲੋਂ ਇਸ ਮੰਤਵ ਲਈ ਖੁੱਲੇ ਦਿਲ ਨਾਲ ਦਾਨ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਨੂੰ ਸੇਵਾ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ਾਂ ਦੀ ਅਜੋਕੇ ਸਮੇਂ ਵਿਚ ਸਾਰਥਿਕਤਾ ਦੀ ਅਮਲੀ ਮਿਸਾਲ ਵੇਖਣ ਵਿਚ ਆਈ।
ਪੰਜਾਬੀ ਕਮਿਊਨਿਟੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਇਸ ਧਾਰਮਿਕ ਸਮਾਗ਼ਮ ਦੇ ਉਦੇਸ਼ ਅਤੇ ਇਸ ਦੀ ਭਾਵਨਾ ਨੂੰ ਹੀ ਪ੍ਰਗਟਾਅ ਰਹੀ ਸੀ, ਸਗੋਂ ਇਹ ਇੱਥੇ ਵੱਸਦੇ ਵੱਖ-ਵੱਖ ਕਮਿਊਨਿਟੀਆਂ ਵਿਚ ਆਪਸੀ ਏਕਤਾ ਅਤੇ ਅਖੰਡਤਾ ਵੀ ਨੂੰ ਦਰਸਾ ਰਿਹਾ ਸੀ।
ਪਹਿਲੀ ਵਾਰ ਬਰੂਸ ਕਾਊਂਟੀ ਵਿਚ ਮਨਾਏ ਗਏ ਇਸ ਸਮਾਗ਼ਮ ਦੀ ਸਫ਼ਲਤਾ ‘ਤੇ ਖ਼ੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਬਰੂਸ ਕਾਊਂਟੀ ਪੰਜਾਬੀ ਕਮਿਊਨਿਟੀ ਦੇ ਪ੍ਰਬੰਧਕਾਂ ਦਾ ਕਹਿਣਾ ਸੀ, ”ਇਹ ਸਮਾਗ਼ਮ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ-ਪਿਆਰ, ਬਰਾਬਰੀ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ਾਂ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ਨੂੰ ਯਾਦ ਕਰਵਾਉਂਦਾ ਹੈ ਅਤੇ ਸਾਨੂੰ ਇਨਾਂ ‘ਤੇ ਚੱਲਣ ਦੀ ਪ੍ਰੇਰਨਾ ਕਰਦਾ ਹੈ। ਬੜੀ ਖ਼ੁਸੀ ਵਾਲੀ ਗੱਲ ਹੈ ਕਿ ਇਹ ਪ੍ਰਕਾਸ਼-ਪੁਰਬ ਨੂੰ ਮਨਾਉਣ ਲਈ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਪੰਜਾਬੀ ਤੇ ਹੋਰ ਕਮਿਊਨਿਟੀਆਂ ਦੇ ਲੋਕ ਵੱਡੀ ਗਿਣਤੀ ਵਿਚ ਆਏ ਹਨ।”
73,400 ਦੀ ਆਬਾਦੀ ਵਾਲੀ ਬਰੂਸ ਕਾਉਂਟੀ ਵਿਚ ਹੋਏ ਧਾਰਮਿਕਤਾ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਭਰਪੂਰ ਹੋਏ ਇਸ ਪ੍ਰਭਾਵਸ਼ਾਲੀ ਸਮਾਗ਼ਮ ਨੇ ਸਾਬਤ ਕਰ ਦਿੱਤਾ ਕਿ ਕਿਵੇਂ ਕੋਈ ਛੋਟੀ ਜਿਹੀ ਕਾਊਂਟੀ ਵੀ ਏਨੇ ਅਸਰਦਾਰ ਤਰੀਕੇ ਨਾਲ ਲੋਕਾਂ ਵਿਚ ਮੋਹ-ਪਿਆਰ ਤੇ ਏਕਤਾਂ ਦੀਆਂ ਤੰਦਾਂ ਨੂੰ ਏਨਾ ਮਜ਼ਬੂਤ ਕਰ ਸਕਦੀ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਇਸ ਸਮਾਗ਼ਮ ਵਿਚ ਨੇੜਲੀਆਂ ਕਾਊਂਟੀਆਂ ਸੌਗੀਨ ਸ਼ੋਰਜ਼ ਦੇ ਮੇਅਰ ਲਿਊਕ ਚਾਰਬੋਨਿਊ, ਕਿਨਕਾਰਡਾਈਨ ਦੇ ਮੇਅਰ ਕੈਨੇਥ ਕਰੇਗ ਅਤੇ ਹੁਰੋਨ ਬਰੂਸ ਕਾਂਸਟੀਚੂਇੰਸੀ ਦੇ ਮੈਨੇਜਰ ਪੈਟ ਓ. ਕੌਨਰ ਨੇ ਵੀ ਆਪਣੀ ਸ਼ਮੂਲੀਅਤ ਕਰਕੇ ਇਸ ਦੀ ਰੌਣਕ ਵਿਚ ਵਾਧਾ ਕੀਤਾ।
Home / ਕੈਨੇਡਾ / ਬਰੂਸ ਕਾਊਂਟੀ ਦੀ ਪੰਜਾਬੀ ਕਮਿਊਨਿਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਧਾਰਮਿਕਤਾ ਤੇ ਦਾਨ ਦੇ ਰੂਪ ‘ਚ ਮਨਾਇਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …