-3.7 C
Toronto
Thursday, January 22, 2026
spot_img
Homeਕੈਨੇਡਾਸੁਰਜੀਤ ਪਾਤਰ ਤੇ ਵਰਿਆਮ ਸਿੰਘ ਸੰਧੂ ਦੇ ਸਨਮਾਨ ਵਿਚ ਰਾਜਪਾਲ ਸਿੰਘ ਹੋਠੀ...

ਸੁਰਜੀਤ ਪਾਤਰ ਤੇ ਵਰਿਆਮ ਸਿੰਘ ਸੰਧੂ ਦੇ ਸਨਮਾਨ ਵਿਚ ਰਾਜਪਾਲ ਸਿੰਘ ਹੋਠੀ ਵੱਲੋਂ ਕੀਤਾ ਗਿਆ ਨਿੱਜੀ ਘਰੇਲੂ ਸਮਾਗਮ

ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਬਰੈਂਪਟਨ ਦੇ ਰੋਜ਼ ਥੀਏਟਰ ਵਿਚ 17 ਅਗਸਤ ਸ਼ਨੀਵਾਰ ਦੇ ਦਿਨ ਹੋਏ ਸ਼ਾਇਰੀ ਤੇ ਗਾਇਕੀ ਦੇ ਯਾਦਗਾਰੀ ਸਮਾਗ਼ਮ ‘ਇਕ ਸ਼ਾਮ ਪਾਤਰ ਦੇ ਨਾਮ’ ਤੋਂ ਬਾਅਦ ਉਸ ਤੋਂ ਅਗਲੇ ਸੋਮਵਾਰ ‘ਕਰਾਊਨ ਇਮੀਗ੍ਰੇਸ਼ਨ’ ਦੇ ਸੰਚਾਲਕ ਰਾਜਪਾਲ ਸਿੰਘ ਹੋਠੀ ਨੇ ਆਪਣੇ ਗ੍ਰਹਿ ਵਿਖੇ ਸੁਰਜੀਤ ਪਾਤਰ, ਡਾ. ਵਰਿਆਮ ਸਿੰਘ ਸੰਧੂ, ਉਪਕਾਰ ਸਿੰਘ, ਮਨਰਾਜ ਪਾਤਰ, ਮੋਹਸਿਨ ਸ਼ੌਕਤ ਅਲੀ, ਡਾ. ਬਲਵਿੰਦਰ ਅਤੇ ਡਾ. ਸੁਖਦੇਵ ਸਿੰਘ ਝੰਡ ਨੂੰ ਪਰਿਵਾਰ ਸਮੇਤ ਰਾਤ ਦੇ ਖਾਣੇ ‘ਤੇ ਆਉਣ ਲਈ ਦਾਅਵਤ ਦਿੱਤੀ। ਇਹ ਭਾਵੇਂ ਘਰੇਲੂ ਸਮਾਗਮ ਹੀ ਸੀ ਪਰ ਇਕ ਤਰ੍ਹਾਂ ਸੁਰਜੀਤ ਪਾਤਰ ਲਈ ਅਲਵਿਦਾਈ ਦਾਅਵਤ ਵੀ ਸੀ। ਇਸ ਸੱਦੇ ਨੂੰ ਸਵੀਕਾਰਦਿਆਂ ਹੋਇਆ ਸਾਰੇ ਮਹਿਮਾਨ ਸ਼ਾਮ ਸੱਤ ਕੁ ਵਜੇ ਉਨ੍ਹਾਂ ਦੇ ਘਰ ਪਹੁੰਚੇ।
ਚਾਹ-ਪਾਣੀ ਛਕਣ ਤੋਂ ਬਾਅਦ ਗੋਲ ਦਾਇਰੇ ਵਿਚ ਲੱਗੇ ਸੋਫ਼ਿਆ ਅਤੇ ਕੁਰਸੀਆਂ ‘ਤੇ ਬੈਠਣ ਤੋਂ ਬਾਅਦ ਹਾਸੇ ਭਰਪੂਰ ਨਿੱਜੀ ਘਟਨਾਵਾਂ ਦੇ ਕਈ ਬਿਆਨਾਂ, ਚੁਟਕਲਿਆਂ ਅਤੇ ਸ਼ੇਅਰੋ-ਸ਼ਾਇਰੀ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਪਾਤਰ ਸਾਹਿਬ ਦੇ ਨਾਲ ਵਰਿਆਮ ਸਿੰਘ ਸੰਧੂ, ਬਲਤੇਜ ਤੇ ਕਈ ਹੋਰਨਾਂ ਨੇ ਭਰਪੂਰ ਯੋਗਦਾਨ ਪਾਇਆ। ਖ਼ਾਸ ਤੌਰ ‘ਤੇ ਵਰਿਆਮ ਸੰਧੂ ਵੱਲੋਂ ਸੁਣਾਈ ਗਈ ਉਨ੍ਹਾਂ ਦੇ ਪਿੰਡ ਦੇ ਮਾਸਟਰ ਲਾਲ ਸਿੰਘ ਦੀਆਂ ਦਿਲਚਸਪ ਗੱਲਾਂ ਅਤੇ ਜੋਗਿੰਦਰ ਨਗਰ ਤੋਂ ਆਉਣ ਵਾਲੀ ਬਿਜਲੀ ਦੀ ਕਹਾਣੀ ਨੇ ਸਾਰਿਆਂ ਦੇ ਖ਼ੂਬ ਢਿੱਡੀਂ ਪੀੜਾਂ ਪਾਈਆਂ। ਬਲਤੇਜ ਸਿੱਧੂ ਕੜਿਆਲਵੀ ਨੇ ਖ਼ੂਬਸੂਰਤ ਗ਼ਜ਼ਲ ਤੇ ਗੀਤ ਗਾਏ। ਸੁਪਨ ਸੰਧੂ ਦਾ ਇਕ ਹਵਾਈ-ਅੱਡੇ ‘ਤੇ ਸੁੱਤਿਆਂ-ਸੁੱਤਿਆਂ ਅਗਲੀ ਫ਼ਲਾਈਟ ਦੇ ਲੰਘ ਜਾਣ ਦਾ ਜ਼ਿਕਰ ਖ਼ਾਸਾ ਰੌਚਕ ਸੀ। ਏਸੇ ਤਰ੍ਹਾਂ ਉਸ ਦੇ ਦੋਸਤ ਰਾਜਬੀਰ ਨੇ ਵੀ ਕਈ ਦਿਲਚਸਪ ਗੱਲਾਂ ਸੁਣਾਈਆਂ। ਇਸ ਦੌਰਾਨ ਖਾਣ-ਪੀਣ ਦਾ ‘ਠੰਢਾ-ਤੱਤਾ’ ਦੌਰ ਵੀ ਚੱਲਦਾ ਰਿਹਾ। ਇਸ ਘਰੇਲੂ ਮਿੰਨੀ-ਸਮਾਗ਼ਮ ਵਿਚ ਉਪਕਾਰ ਸਿੰਘ, ਮੋਹਸਿਨ ਸ਼ੌਕਤ ਅਲੀ, ਮਨਰਾਜ ਪਾਤਰ ਤੋਂ ਇਲਾਵਾ ਮਨਜੀਤ ਸਿੰਘ ਮਾਹਲ ਅਤੇ ਰਾਜਿੰਦਰ ਬੌਇਲ ਵੀ ਹਾਜ਼ਰ ਸਨ।
ਅਤੀ ਸੁਆਦਲੀ ਖਾਣਾ ਛਕਣ ਤੋਂ ਬਾਅਦ ਲਿਵਿੰਗ-ਰੂਮ ਵਿਚ ਬੈਠਿਆਂ ਫ਼ੋਟੋਗ੍ਰਾਫ਼ੀ ਦਾ ਦੌਰ ਸ਼ੁਰੂ ਹੋ ਗਿਆ ਜਿਸ ਵਿਚ ਸਾਰਿਆਂ ਨੇ ਪ੍ਰੋਗਰਾਮ ‘ਇਕ ਸ਼ਾਮ ਪਾਤਰ ਦੇ ਨਾਮ’ ਦੀ ਪ੍ਰਬੰਧਕੀ ਟੀਮ ਨਾਲ ਤਸਵੀਰਾਂ ਖਿਚਵਾਈਆਂ ਅਤੇ ਇਸ ਦੇ ਸੁਯੋਗ ਪ੍ਰਬੰਧ ਦੀ ਸਰਾਹਨਾ ਕੀਤੀ। ਸੱਭਨਾਂ ਦੀ ਇਕ-ਮੁੱਠ ਰਾਇ ਸੀ ਕਿ ਇਹ ਸਮਾਗ਼ਮ ਬੇਹੱਦ ਸਫ਼ਲ ਰਿਹਾ ਹੈ ਅਤੇ ਚਾਰ ਘੰਟੇ ਲਗਾਤਾਰ ਚੱਲੇ ਇਸ ਸਮਾਗ਼ਮ ਵਿਚੋਂ ਕਿਸੇ ਵੀ ਦਰਸ਼ਕ ਨੂੰ ਉੱਠ ਕੇ ਜਾਣ ਦਾ ਹੌਸਲਾ ਨਹੀਂ ਪਿਆ ਸਗੋਂ ਉਨ੍ਹਾਂ ਚਾਹ ਸੂਤ ਕੇ ਇਸ ਰੌਚਕ ਪ੍ਰੋਗਰਾਮ ਨੂੰ ਮਾਣਿਆਂ। ਇਸ ਦੌਰਾਨ ਰਾਜਪਾਲ ਹੋਠੀ ਨੇ ਸੁਰਜੀਤ ਪਾਤਰ, ਆਪਣੇ ਉਸਤਾਦ ਡਾ. ਵਰਿਆਮ ਸਿੰਘ ਸੰਧੂ, ਉਪਕਾਰ ਸਿੰਘ, ਮਨਰਾਜ ਪਾਤਰ, ਮੋਹਸਿਨ ਸ਼ੌਕਤ ਅਲੀ, ਪ੍ਰੋਗਰਾਮ ਦੇ ਆਯੋਜਕਾਂ ਸੁਪਨ ਸੰਧੂ, ਰਾਜਬੀਰ ਤੇ ਹੋਰਨਾਂ ਨੂੰ ਕਈ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਸੁਰਜੀਤ ਪਾਤਰ ਅਤੇ ਵਰਿਆਮ ਸੰਧੂ ਵੱਲੋਂ ਰਾਜਪਾਲ ਹੋਠੀ ਦਾ ਨਿੱਘੀ ਤੇ ਦਿਲਦਾਰ ਮੇਜ਼ਬਾਨੀ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਇਸ ਸਮਾਗ਼ਮ ਵਿਚ ਸ਼ਾਮਲ ਹੋ ਕੇ ਬਹੁਤ ਹੀ ਖੁਸ਼ੀ ਹੋਈ ਹੈ ਅਤੇ ਰਾਜਪਾਲ ਹੋਠੀ ਵੱਲੋਂ ਕੀਤਾ ਗਿਆ ਇਹ ਮਾਣ-ਸਨਮਾਨ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ।

RELATED ARTICLES
POPULAR POSTS