7.8 C
Toronto
Thursday, October 30, 2025
spot_img
Homeਕੈਨੇਡਾਤਨਮਨਜੀਤ ਸਿੰਘ ਢੇਸੀ ਸਬੰਧੀ 'ਆਪ' ਅਤੇ ਭਾਜਪਾ ਵਿਚਾਲੇ ਛਿੜਿਆ ਸਿਆਸੀ 'ਯੁੱਧ'

ਤਨਮਨਜੀਤ ਸਿੰਘ ਢੇਸੀ ਸਬੰਧੀ ‘ਆਪ’ ਅਤੇ ਭਾਜਪਾ ਵਿਚਾਲੇ ਛਿੜਿਆ ਸਿਆਸੀ ‘ਯੁੱਧ’

ਮੁੱਖ ਮੰਤਰੀ ਭਗਵੰਤ ਮਾਨ ਨਾਲ ਢੇਸੀ ਨੇ ਕੀਤੀ ਸੀ ਮੁਲਾਕਾਤ
ਜਲੰਧਰ/ਬਿਊਰੋ ਨਿਊਜ਼ : ਇੰਗਲੈਂਡ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਸਬੰਧੀ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਟਵਿੱਟਰ ‘ਯੁੱਧ’ ਛਿੜ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਤਨਮਨਜੀਤ ਸਿੰਘ ਢੇਸੀ ਨੂੰ ਖਾਲਿਸਤਾਨ ਪੱਖੀ ਦੱਸਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਭਾਜਪਾ ਆਗੂ ਢੇਸੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪਿਛਲੇ ਦਿਨੀਂ ਹੋਈ ਮੀਟਿੰਗ ਨੂੰ ਵੀ ਸੋਸ਼ਲ ਮੀਡੀਆ ‘ਤੇ ਉਛਾਲ ਰਹੇ ਹਨ। ਭਾਜਪਾ ਆਗੂ ਆਲੋਚਨਾ ਕਰ ਰਹੇ ਹਨ ਕਿ ਮੁੱਖ ਮੰਤਰੀ ਭਾਰਤ ਵਿਰੋਧੀ ਵਿਚਾਰਧਾਰਾ ਵਾਲੇ ਆਗੂ ਢੇਸੀ ਨਾਲ ਮੀਟਿੰਗ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ, ਮਲਵਿੰਦਰ ਸਿੰਘ ਕੰਗ ਤੇ ਅੰਮ੍ਰਿਤਸਰ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਭਾਜਪਾ ‘ਤੇ ਪਲਟ ਵਾਰ ਕਰਦਿਆਂ ਦੋ ਕੇਂਦਰੀ ਮੰਤਰੀਆਂ ਨਾਲ ਤਨਮਨਜੀਤ ਸਿੰਘ ਢੇਸੀ ਦੀਆਂ ਫੋਟੋ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਹਨ। ਇਨ੍ਹਾਂ ਆਗੂਆਂ ਨੇ ਇਲਜ਼ਾਮ ਲਾਇਆ ਗਿਆ ਕਿ ਢੇਸੀ ਦੇ ਮਾਮਲੇ ‘ਚ ਭਾਜਪਾ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇਕ ਪਾਸੇ ਢੇਸੀ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਸ ਨੂੰ ਵਿਰੋਧੀ ਵਿਚਾਰਧਾਰਾ ਵਾਲਾ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿਹੜੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ, ਉਨ੍ਹਾਂ ਵਿੱਚੋਂ ਇੱਕ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਹੈ ਤੇ ਦੂਜੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਹੈ। ‘ਆਪ’ ਦੇ ਆਗੂਆਂ ਨੇ ਢੇਸੀ ਨਾਲ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਵਿਜੈ ਸਾਂਪਲਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਭਾਜਪਾ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਪ੍ਰਵਾਹ ਕੀਤੇ ਬਿਨਾਂ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਜਲੰਧਰ ਵਿਚਲੇ ਪਿੰਡ ਰਾਏਪੁਰ ਫਰਾਲਾ ‘ਚ ਖੂਹ ‘ਤੇ ਪਰਿਵਾਰ ਨਾਲ ਦਿਨ ਬਿਤਾਇਆ। ਢੇਸੀ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਦੋਵੇਂ ਪੁੱਤਰ ਸਨ। ਢੇਸੀ ਨੇ ਆਪਣੇ ਬੱਚਿਆਂ ਨੂੰ ਖੇਤੀ ਬਾਰੇ ਵੀ ਜਾਣਕਾਰੀ ਦਿੱਤੀ। ਸੁਨਹਿਰੀ ਹੋਈ ਕਣਕ ਸਣੇ ਉਨ੍ਹਾਂ ਨੇ ਖੂਹ ‘ਤੇ ਹੋਰ ਕਈ ਥਾਵਾਂ ‘ਤੇ ਤਸਵੀਰਾਂ ਖਿੱਚੀਆਂ। ਢੇਸੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਲਗਾਤਾਰ ਇਸ ਕਰਕੇ ਲਿਆਉਂਦੇ ਹਨ ਤਾਂ ਕਿ ਉਹ ਆਪਣੀ ਮਿੱਟੀ ਨਾਲ ਜੁੜੇ ਰਹਿਣ। ਇਸ ਵਾਰ ਉਨ੍ਹਾਂ ਨੇ ਆਪਣਾ ਦੌਰਾ ਨਿੱਜੀ ਤੌਰ ‘ਤੇ ਰੱਖਿਆ ਹੋਇਆ ਸੀ ਤੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਹੀ ਜ਼ਿਆਦਾ ਸਮਾਂ ਬਤੀਤ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਉਹ ਦੋ ਸਾਲਾਂ ਬਾਅਦ ਆਪਣੇ ਪਿੰਡ ਆਏ ਹਨ।

ਪਰਵਾਸੀ ਪੰਜਾਬੀਆਂ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਚਰਚਾ: ਢੇਸੀ
ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਰਵਾਸੀ ਪੰਜਾਬੀਆਂ ਨੂੰ ਜਾਇਦਾਦਾਂ ਸਬੰਧੀ ਆਉਂਦੀਆਂ ਮੁਸ਼ਕਲਾਂ ਅਤੇ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀਆਂ ਉਡਾਣਾ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇੰਗਲੈਂਡ ਵਿਚਲੇ ਲੋਕ ਸਭਾ ਹਲਕੇ ‘ਚ 35 ਫੀਸਦੀ ਭਾਰਤੀ ਤੇ ਪਾਕਿਸਤਾਨੀ ਲੋਕ ਰਹਿੰਦੇ ਹਨ ਤੇ ਉਹ ਹਮੇਸ਼ਾ ਹੀ ਦੁਨੀਆ ਭਰ ਵਿੱਚ ਜਿਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਉਸ ਦੀ ਆਵਾਜ਼ ਬੁਲੰਦ ਕਰਦੇ ਹਨ। ਲਗਾਤਾਰ ਦੋ ਵਾਰ ਚੋਣ ਜਿੱਤੇ ਢੇਸੀ ਨੇ ਹੈਰਾਨੀ ਪ੍ਰਗਟਾਈ ਕਿ ਭਾਜਪਾ ਦੇ ਕੁਝ ਆਗੂਆਂ ਨੇ ਜਾਣ-ਬੁੱਝ ਕੇ ਮੁੱਦਿਆਂ ਨੂੰ ਉਭਾਰ ਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ।

RELATED ARTICLES

ਗ਼ਜ਼ਲ

POPULAR POSTS