ਧਿਆਨ ਸਿੰਘ ਸੋਹਲ, ਕਰਮਜੀਤ ਖੰਗੂਰਾ, ਕੁਲਦੀਪ ਗਰੇਵਾਲ, ਮਨਜੀਤ ਨੋਟਾ ਤੇ ਨਿਰਮਲ ਗਿੱਲ ਦੌੜੇ ਹਾਫ਼-ਮੈਰਾਥਨ
ਟੋਰਾਂਟੋ/ਡਾ. ਝੰਡ : ਲੰਘੇ ਐਤਵਾਰ 16 ਅਕਤੂਬਰ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਇਸ ਵਾਰ ਟਾਟਾ ਕਨਸਲਟੈਂਸੀ ਸਰਵਿਸਿਜ਼ ਵੱਲੋਂ ਸਪਾਂਸਰ ਕੀਤੀ ਗਈ ਟੀ.ਸੀ.ਐੱਸ. ਵਾਟਰਫਰੰਟ ਮੈਰਾਥਨ ਵਿਚ ਬਰੈਂਪਟਨ ਦੀ ਟੀ.ਪੀ.ਏ.ਆਰ. ਕਲੱਬ ਦੇ ਕਈ ਮੈਂਬਰਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲਾਂ ਦੌਰਾਨ ਟੋਰਾਂਟੋ ਡਾਊਨ ਵਿਚ ਇਹ ਮੈਰਾਥਨ ਦੌੜ ਹਰ ਸਾਲ ਅਕਤੂਬਰ ਮਹੀਨੇ ਸਕੋਸ਼ੀਆ ਬੈਂਕ ਵੱਲੋਂ ਕਰਵਾਈ ਜਾਂਦੀ ਰਹੀ ਹੈ ਜਿਸ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਵੱਡੀ ਗਿਣਤੀ ਵਿਚ ਭਾਗ ਲੈਂਦੇ ਰਹੇ ਹਨ ਅਤੇ ਉਹ ਸਮੂਹਿਕ ਰੂਪ ਵਿਚ ਬੱਸ ਵਿਚ ਸਵਾਰ ਹੋ ਕੇ ਟੋਰਾਂਟੋ ਡਾਊਨ ਟਾਊਨ ਜਾਂਦੇ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਦੌੜਾਕ ਇਸ ਦੌੜ ਵਿਚ ਹਿੱਸਾ ਲੈਂਦੇ ਰਹੇ ਹਨ ਅਤੇ ਦਰਸ਼ਕ ਇਸ ਨੂੰ ਖ਼ੂਬ ਮਾਣਦੇ ਰਹੇ ਹਨ। 2019 ਵਿਚ ਇਸ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 30,000 ਦੇ ਲੱਗਭੱਗ ਦੱਸੀ ਗਈ ਸੀ। ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਦੇ ਫ਼ੈਲਣ ਕਾਰਨ ਪਿਛਲੇ ਦੋ ਸਾਲ 2020 ਅਤੇ 2021 ਵਿਚ ਅੰਤਰਰਾਸ਼ਟਰੀ ਪੱਧਰ ਦੀ ਇਹ ਵੱਕਾਰੀ ਦੌੜ ਨਹੀਂ ਕਰਵਾਈ ਜਾ ਸਕੀ।
ਇਸ ਸਾਲ ਇਹ ਮੈਰਾਥਨ ਦੌੜ ਕੰਪਿਊਟਰ ਦੇ ਆਈ.ਟੀ. ਖ਼ੇਤਰ ਵਿਚ ਨਾਮਵਰ ਕੰਪਨੀ ਟਾਟਾ ਕਨਸਲਟੈਂਸੀ ਸਰਵਿਸਿਜ਼ ਵੱਲੋਂ ਕਰਵਾਈ ਗਈ। ਦੌੜ ਦੀ ਸ਼ੁਰੂਆਤ ਟੋਰਾਂਟੋ ਡਾਊਨ ਟਾਊਨ ਵਿਚ ਯੂਨੀਵਰਸਿਟੀ ਐਵੀਨਿਊ ਤੋਂ ਹੋਈ ਅਤੇ ਇਸ ਦੀ ਸੰਪੂਰਨਤਾ ਨੇਥਨ ਫਿਲਿਪਸ ਪਾਰਕ ਨੇੜੇ ਬਣੇ ‘ਫ਼ਿਨਿਸ਼-ਪੋਆਇੰਟ’ ਉਤੇ ਹੋਈ। ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਧਿਆਨ ਸਿੰਘ ਸੋਹਨ, ਕਰਮਜੀਤ ਖੰਗੂਰਾ, ਕੁਲਦੀਪ ਗਰੇਵਾਲ, ਨਿਰਮਲ ਗਿੱਲ ਅਤੇ ਮਨਜੀਤ ਨੋਟਾ ਵੱਲੋਂ ਇਸ ਦੌਰਾਨ ਹਾਫ਼-ਮੈਰਾਥਨ ਵਿਚ ਭਾਗ ਲਿਆ ਗਿਆ। ਬਰੈਂਪਟਨ ਤੋਂ ਮਨਜੀਤ ਨੋਟਾ ਦੇ ਦੋਸਤ ਜਸਵਿੰਦਰ ਧਾਲੀਵਾਲ ਵੀ ਇਸ ਹਾਫ਼-ਮੈਰਾਥਨ ਈਵੈਂਟ ਵਿਚ ਸ਼ਾਮਲ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਖੰਗੂਰਾ ਨੇ ਹਾਫ ਮੈਰਾਥਨ ਇਕ ਘੰਟਾ 48 ਮਿੰਟ 10 ਸਕਿੰਟ, ਧਿਆਨ ਸਿੰਘ ਸੋਹਲ ਨੇ ਇਕ ਘੰਟਾ 48 ਮਿੰਟ 26 ਸਕਿੰਟ, ਜਸਵਿੰਦਰ ਧਾਲੀਵਾਲ ਨੇ ਇਕ ਘੰਟਾ 59 ਮਿੰਟ 44 ਸਕਿੰਟ, ਨਿਰਮਲ ਗਿੱਲ ਨੇ 2 ਘੰਟੇ 6 ਮਿੰਟ 15 ਸਕਿੰਟ, ਮਨਜੀਤ ਨੋਟਾ ਨੇ 2 ਘੰਟੇ 18 ਮਿੰਟ 36 ਸਕਿੰਟ ਅਤੇ ਕੁਲਦੀਪ ਗਰੇਵਾਲ ਨੇ 2 ਘੰਟੇ 20 ਮਿੰਟ 29 ਸਕਿੰਟ ਵਿਚ ਸਫ਼ਲਤਾ ਪੂਰਵਕ ਸੰਪੰਨ ਕੀਤੀ।
ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਮੈਂਬਰਾਂ ਵੱਲੋਂ ਇਨ੍ਹਾਂ ਦੌੜਾਕਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਗਈ।
Check Also
ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ
ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …