ਬਰੈਂਪਟਨ/ਡਾ ਝੰਡ : ਲੰਘੇ ਐਤਵਾਰ 15 ਜੁਲਾਈ ਨੂੰ ਪਹਿਲਾਂ ਤੈਅ ਹੋਏ ਪ੍ਰੋਗਰਾਮ ਅਨੁਸਾਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਐੱਫ਼.ਬੀ.ਆਈ. ਸਕੂਲ ਵਿਖੇ ‘ਸਾਵਣ ਕਵੀ-ਦਰਬਾਰ’ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਵੈਨਕੂਵਰ ਤੋਂ ਆਏ ਪ੍ਰਸਿੱਧ ਲੇਖਕ ਹਰਜੀਤ ਦੋਧਰੀਆ, ਸਭਾ ਦੇ ਚੇਅਰਪਰਸਨ ਬਲਰਾਜ ਚੀਮਾ, ਪੰਜਾਬ ਤੋਂ ਆਏ ਮਹਿਮਾਨ ਸੁਰਿੰਦਰ ਸਿੰਘ ਰਿਆੜ ਅਤੇ ਮੈਡਮ ਦਲਜੀਤ ਬਨਵੈਤ ਸ਼ਾਮਲ ਸਨ। ਸਮਾਗ਼ਮ ਨੂੰ ਸ਼ੁਰੂ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ‘ਕਲਮਾਂ ਦਾ ਕਾਫ਼ਲਾ’ ਦੇ ਸਰਗ਼ਰਮ ਮੈਂਬਰ ਹਾਸ-ਵਿਅੰਗ ਕਵੀ ਵਕੀਲ ਕਲੇਰ ਜੀ ਦੇ ਅਚਾਨਕ ਅਕਾਲ-ਚਲਾਣੇ ਦੀ ਦੁਖ਼ਦਾਈ ਖ਼ਬਰ ਹਾਜ਼ਰੀਨ ਨਾਲ ਸਾਂਝੀ ਕੀਤੀ ਅਤੇ ਇਸ ਸਬੰਧੀ ਸਭਾ ਵੱਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕਰਦਾ ਹੋਇਆ ‘ਸ਼ੋਕ-ਮਤਾ’ ਪੜ੍ਹਿਆ। ਉਪਰੰਤ, ਇਕ ਮਿੰਟ ਦਾ ਮੋਨ ਰੱਖ ਕੇ ਸਮੂਹ-ਮੈਂਬਰਾਂ ਵੱਲੋਂ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਸਮਾਗ਼ਮ ਦੇ ਪਹਿਲੇ ਸੈਸ਼ਨ ਵਿਚ ਹੋਣ ਵਾਲੇ ਨਿਸਚਿਤ ਪ੍ਰੋਗਰਾਮ ਨੂੰ ਅੱਗੇ ਪਾਉਂਦਿਆਂ ਹੋਇਆਂ ਕੇਵਲ ਸੰਖੇਪ ਕਵੀ-ਦਰਬਾਰ ਹੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਨੂੰ ਸਾਉਣ ਮਹੀਨੇ ਨਾਲ ਜੋੜ ਕੇ ‘ਸਾਵਣ ਕਵੀ-ਦਰਬਾਰ’ ਦਾ ਨਾਂ ਦਿੱਤਾ ਗਿਆ। ਇਸ ਵਿਚ ਸੱਭ ਤੋਂ ਪਹਿਲਾਂ ਦੋ ਛੋਟੇ ਬੱਚਿਆਂ ਅਵੀਰਾਜ ਸਿੰਘ ਅਤੇ ਅਵਨੀਤ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਫਿਰ ਅਵਤਾਰ ਸਿੰਘ ਅਰਸ਼ੀ, ਪ੍ਰਿੰ.ਗਿਆਨ ਸਿੰਘ ਘਈ ਤੇ ਮਕਸੂਦ ਚੌਧਰੀ ਨੇ ਸਾਵਣ ਮਹੀਨੇ ਨਾਲ ਸਬੰਧਿਤ ਆਪਣੀ ਕਵਿਤਾਵਾਂ ਸੁਣਾਈਆਂ। ਇਕਬਾਲ ਬਰਾੜ ਅਤੇ ਅਮਰਜੀਤ ਬਨਵੈਤ ਵੱਲੋਂ ਆਪਣੀਆਂ ਖ਼ੂਬਸੂਰਤ ਆਵਾਜ਼ਾਂ ਵਿਚ ਸਾਵਣ ਨਾਲ ਜੁੜੇ ਹੋਏ ਗੀਤ ਪੇਸ਼ ਕੀਤੇ। ਇਸ ਦੇ ਨਾਲ ਹੀ ਕਰਨ ਅਜਾਇਬ ਸਿੰਘ ਸੰਘਾ, ਹਰਦਿਆਲ ਝੀਤਾ, ਦਿਲਬਾਗ਼ ਸਿੰਘ ਭੰਵਰਾ, ਸੁਰਿੰਦਰ ਗਰੇਵਾਲ, ਮਲੂਕ ਸਿੰਘ ਕਾਹਲੋਂ, ਤਰਲੋਚਨ ਬੱਲ ਤੇ ਸੁਖਦੇਵ ਝੰਡ ਨੇ ਵੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਦੇ ਵਿਸ਼ੇ ਬੇਸ਼ਕ ਵੱਖੋ-ਵੱਖਰੇ ਸਨ ਪ੍ਰੰਤੂ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਵਿਚ ਮਨੁੱਖੀ ਪੀੜਾ ਦਾ ਦਰਦ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਮੌਕੇ ਵਿਚ ਹਰਮੋਹਨ ਛਿੱਬਰ ਅਤੇ ਸੁਰਿੰਦਰ ਸਿੰਘ ਰਿਆੜ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਬਲਦੇਵ ਦੂਹੜੇ ਵੱਲੋਂ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਹਰਜੀਤ ਦੋਧਰੀਆ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਨੇ ਆਪਣੇ ਸਾਹਿਤਕ ਜੀਵਨ ਬਾਰੇ ਦੱਸਦਿਆਂ ਹੋਇਆਂ ਆਪਣੀ ਬਹੁ-ਪਰਤੀ ਕਵਿਤਾ ‘ਗੱਲ’ ਪੇਸ਼ ਕੀਤੀ। ਬਲਰਾਜ ਚੀਮਾ ਨੇ ਸਮਾਗ਼ਮ ਦੀ ਸਮੁੱਚੀ ਕਾਰਵਾਈ ਨੂੰ ਖ਼ੂਬਸੂਰਤ ਸ਼ਬਦਾਂ ਵਿਚ ਸਮੇਟਦਿਆਂ ਹੋਇਆਂ ਆਏ ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਤਰ੍ਹਾਂ ਸਭਾ ਦਾ ਇਹ ਪ੍ਰੋਗਰਾਮ ਗ਼ਮੀ ਤੇ ਖੁਸ਼ੀ ਦਾ ਇਕ ਰਲਵਾਂ-ਮਿਲਵਾਂ ਸਮਾਗ਼ਮ ਹੋ ਨਿੱਬੜਿਆ ਜਿਸ ਵਿਚ ਆਪਣੇ ਵਿੱਛੜੇ ਹੋਏ ਸਾਹਿਤਕਾਰ ਸਾਥੀ ਨੂੰ ਨਿੱਘੀ ਸ਼ਰਧਾਂਜਲੀ ਅਰਪਿਤ ਕਰਦਿਆਂ ਹੋਇਆਂ ਅਲਵਿਦਾ ਕਹੀ ਗਈ ਅਤੇ ਪਹਿਲਾਂ ਤੋਂ ਤੈਅ-ਸ਼ੁਦਾ ‘ਸਾਵਣ ਕਵੀ-ਦਰਬਾਰ’ ਨੂੰ ਵੀ ਕੁਝ ਹੱਦ ਤੱਕ ਨਿਭਾਇਆ ਗਿਆ। ਸਮਾਗ਼ਮ ਦੀ ਸਮਾਪਤੀ ਵੀ ਜਲਦੀ ਕਰ ਦਿੱਤੀ ਗਈ ਕਿਉਂਕਿ ਕਈ ਮੈਂਬਰਾਂ ਨੇ ਸ਼ਾਮ ਪੰਜ ਵਜੇ ਵਕੀਲ ਕਲੇਰ ਦੇ ਅੰਤਮ-ਅਰਦਾਸ ਸਮਾਗ਼ਮ ਵਿਚ ਸ਼ਾਮਲ ਹੋਣਾ ਸੀ। ਹਾਜ਼ਰੀਨ ਵਿਚ ਡਾ. ਅਮਰਜੀਤ ਸਿੰਘ ਬਨਵੈਤ, ਪ੍ਰਿੰ. ਸੰਜੀਵ ਧਵਨ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਢਿੱਲੋਂ, ਗੁਰਕ੍ਰਿਪਾਲ ਸੰਧੂ, ਸੁਰਜੀਤ ਸਿੰਘ ਡਾਇਮੰਡ, ਉਪਿੰਦਰਜੀਤ ਕੌਰ, ਅਮਰਜੀਤ ਕੌਰ ਤੇ ਹੋਰ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …