ਪੰਜਾਬ ਦੀ ਆਬਾਦੀ ਤਿੰਨ ਕਰੋੜ, ਪਰ ਮੋਬਾਇਲ ਕੁਨੈਕਸ਼ਨ ਚਾਰ ਕਰੋੜ ਤੋਂ ਜ਼ਿਆਦਾ
ਫ਼ਾਜ਼ਿਲਕਾ/ਬਿਊਰੋ ਨਿਊਜ਼ : ਪੰਜਾਬ ਵਿਚ ਮੋਬਾਇਲ ਫੋਨਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਪੰਜਾਬੀਆਂ ਨੂੰ ਵੀ ਚੱਕਰਾਂ ਵਿਚ ਪਾਇਆ ਹੋਇਆ ਹੈ। ਭਾਵੇਂ ਆਧੁਨਿਕ ਸੰਚਾਰ ਸਾਧਨਾਂ ਨੇ ਜੀਵਨ ਦੇ ਹਰ ਖੇਤਰ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਪਰ ਮੋਬਾਈਲਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਗ਼ਲਤ ਵਰਤੋਂ ਨੇ ਪੰਜਾਬੀ ਲੋਕਾਂ ਨੂੰ ਨਿਕੰਮਾ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਆਬਾਦੀ ਤਾਂ ਤਿੰਨ ਕਰੋੜ ਦੇ ਕਰੀਬ ਹੈ, ਪਰ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ ਸੂਬੇ ਵਿਚ 4 ਕਰੋੜ 50 ਲੱਖ ਦੇ ਆਸ ਪਾਸ ਹੈ। ਔਸਤਨ ਹਰ ਪੰਜਾਬੀ ਕੋਲ ਦੋ ਮੋਬਾਈਲ ਫ਼ੋਨ ਹਨ। ਜੇਕਰ ਪ੍ਰਤੀ ਪਰਿਵਾਰ ਦੀ ਗੱਲ ਕਰੀਏ ਤਾਂ ਚਾਰ ਪੰਜ ਫ਼ੋਨ ਹਰ ਘਰ ਵਿਚ ਮੌਜੂਦ ਹਨ। ਜਾਣਕਾਰਾਂ ਅਨੁਸਾਰ ਪੰਜਾਬ ਵਿਚ ਹਰ ਮਹੀਨੇ 500 ਕਰੋੜ ਦੇ ਲਗਪਗ ਨਵੇਂ ਫ਼ੋਨ ਵੱਖ-ਵੱਖ ਕੰਪਨੀਆਂ ਵਲੋਂ ਵੇਚੇ ਜਾਂਦੇ ਹਨ। ਇਨ੍ਹਾਂ ਨੂੰ ਰੀਚਾਰਜ ਕਰਵਾਉਣ ਲਈ ਪ੍ਰਤੀ ਸਾਲ 2500 ਕਰੋੜ ਰੁਪਈਆਂ ਪੰਜਾਬੀਆਂ ਦੀਆਂ ਜੇਬਾਂ ਵਿਚੋਂ ਨਿਕਲਦਾ ਹੈ। ਹਰ ਰੋਜ਼ ਨਵੇਂ-ਨਵੇਂ ਮਾਰ੍ਹਕਿਆਂ ਵਾਲੇ ਫ਼ੋਨ ਬਾਜ਼ਾਰਾਂ ਵਿਚ ਆ ਰਹੇ ਹਨ। ਜੋ ਨਵੀਂ ਪੀੜ੍ਹੀ ਨੂੰ ਪ੍ਰਭਾਵਿਤ ਕਰਦੇ ਹਨ। ਜਿਸ ਕਰਕੇ ਪੰਜਾਬ ਮੋਬਾਈਲ ਵਿੱਕਰੀ ਦੀ ਮੰਡੀ ਬਣ ਚੁੱਕਿਆ ਹੈ। ਟੈਕਨਾਲੋਜੀ ਦਾ ਫ਼ਾਇਦਾ ਚੁੱਕਣਾ ਦਾ ਫ਼ਾਇਦਾ ਚੁੱਕਣਾ ਬੜੀ ਚੰਗੀ ਗੱਲ ਹੈ। ਪਰ ਪੰਜਾਬੀਆਂ ਨੇ ਇਸ ਦਾ ਫ਼ਾਇਦਾ ਚੁੱਕਣ ਦੇ ਨਾਲ-ਨਾਲ ਇਸ ਦਾ ਦੁਰਉਪਯੋਗ ਸ਼ੁਰੂ ਕਰ ਦਿੱਤਾ ਹੈ। ਚਾਰ ਪੰਜ ਸਾਲ ਦੇ ਬੱਚੇ, ਸਕੂਲੀ ਵਿਦਿਆਰਥੀਆਂ, ਕਾਲਜੀਏਟ ਜਿਸ ਤਰ੍ਹਾਂ ਮੋਬਾਈਲਾਂ ਦੀ ਜਕੜ ਵਿਚ ਹਨ, ਉਸ ਨਾਲ ਉਨ੍ਹਾਂ ਦੀ ਪੜ੍ਹਾਈ ਲਗਾਤਾਰ ਪ੍ਰਭਾਵਿਤ ਹੋਈ ਹੈ। ਨੌਜਵਾਨ ਪੀੜ੍ਹੀ ਜਿਵੇਂ ਤੇਜ਼ੀ ਨਾਲ ਚਿੱਟੇ ਦੀ ਪਕੜ ‘ਚ ਆਈ। ਉਸੇ ਤਰ੍ਹਾਂ ਹਰੇ (ਵਟਸਐਪ), ਨੀਲੇ (ਫ਼ੇਸਬੁੱਕ) ਦੀ ਪਕੜ ‘ਚ ਆ ਚੁੱਕੀ ਹੈ। ਜੋ ਆਪਣੀ ਪੜ੍ਹਾਈ ਅਤੇ ਹੋਰਨਾਂ ਜ਼ਰੂਰੀ ਕੰਮਾਂ ਨੂੰ ਛੱਡ ਕੇ ਘੰਟਿਆਂ ਬੱਧੀ ਸਮਾਂ ਬਰਬਾਦ ਕਰ ਰਹੇ ਹਨ।
ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾਂਦੀਆਂ ਗੁੰਮਰਾਹਕੁੰਨ ਜਾਣਕਾਰੀਆਂ ਕਈ ਮੁਸ਼ਕਲਾਂ ਖੜ੍ਹੀਆਂ ਕਰਦੀਆਂ ਹਨ। ਵਿਦਿਆਰਥੀਆਂ ਅੰਦਰ ਮੋਬਾਈਲਾਂ ਦੀ ਹੱਦ ਤੋਂ ਵੱਧ ਵਰਤੋਂ ਬਾਰੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਉਹ ਲਗਾਤਾਰ ਵਿਦਿਆਰਥੀਆਂ ਨੂੰ ਫ਼ੋਨ ਦੀ ਘੱਟ ਵਰਤੋਂ, ਇਸ ਦੇ ਚੰਗੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹਨ। ਪਰ ਜਾਣਕਾਰੀ ਦੇਣ ਦੇ ਬਾਵਜੂਦ ਇਹ ਬਿਮਾਰੀ ਵੱਧ ਰਹੀ ਹੈ। ਜੋ ਚਿੰਤਾ ਦਾ ਵਿਸ਼ਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …