ਬਰਨਾਲਾ ‘ਚ ਕੱਢੀ ਗਈ ਜੇਤੂ ਰੈਲੀ, ਅਕਾਸ਼ ਗੂੰਜਾਊ ਲੱਗੇ ਨਾਅਰੇ
ਬਰਨਾਲਾ : ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਆਗੂ ਮਨਜੀਤ ਧਨੇਰ, ਜੋ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿਚ ਬੰਦ ਸਨ, ਨੂੰ ਭਾਵੇਂ ਸ਼ੁੱਕਰਵਾਰ ਸ਼ਾਮ ਨੂੂੰ ਪੰਜਾਬ ਦੇ ਰਾਜਪਾਲ ਦੇ ਹੁਕਮਾਂ ‘ਤੇ ਰਿਹਾਅ ਕਰ ਦਿੱਤਾ ਗਿਆ ਸੀ ਪ੍ਰੰਤੂ ਇਸ ਆਗੂ ਨੇ ਰਾਤ ਉਸ ਦੇ ਹੱਕ ਵਿੱਚ 46 ਦਿਨਾਂ ਤੋਂ ਜੇਲ੍ਹ ਸਾਹਮਣੇ ਲੱਗੇ ਮੋਰਚੇ ਵਿਚ ਕੱਟੀ। ਇਸ ਆਗੂ ਦੀ ਰਿਹਾਈ ‘ਤੇ ਬਰਨਾਲਾ ਜੇਤੂ ਰੈਲੀ ਕੀਤੀ ਗਈ।
ਉਪਰੰਤ ਹਜ਼ਾਰਾਂ ਲੋਕਾਂ ਦੇ ਕਾਫ਼ਲੇ ਨੇ ਸ਼ਹਿਰ ਵਿਚੋਂ ਜੇਤੂ ਮਾਰਚ ਕਰਦਿਆਂ ਢੋਲ-ਢਮੱਕੇ ਨਾਲ ਇਸ ਆਗੂ ਨੂੰ ਉਸ ਦੇ ਜੱਦੀ ਪਿੰਡ ਧਨੇਰ ਵੱਲ ਰਵਾਨਾ ਕੀਤਾ। ਆਪ-ਮੁਹਾਰੇ ਜੁੜੇ ਵੱਡੇ ਇਕੱਠ ਵਿਚ ਮਨਜੀਤ ਧਨੇਰ ਦੇ ਦਾਖ਼ਲ ਹੁੰਦਿਆਂ ਹੀ ਲੋਕਾਂ ਨੇ ਆਕਾਸ਼ ਗੂੰਜਾਊ ਨਾਅਰੇ ਲਾਏ। ਮੰਚ ਤੋਂ ਧਨੇਰ ਨੇ ਕਿਹਾ ਕਿ ਲੋਕ ਤਾਕਤ ਫ਼ੈਸਲਾਕੁਨ ਹੁੰਦੀ ਹੈ। ਆਗੂ ਨੇ ਲੋਕਾਂ ਤੋਂ ਮਿਲੇ ਸਮਰਥਨ ਨੂੰ ਸਿਜਦਾ ਕਰਦਿਆਂ ਵਾਅਦਾ ਕੀਤਾ ਕਿ ਉਹ ਲੋਕ ਹਿੱਤਾਂ ਵਿੱਚ ਸਮੇਂ ਦੀਆਂ ਵੰਗਾਰਾਂ ਮੌਕੇ ਸੰਘਰਸ਼ਾਂ ਵਿੱਚ ਮੁੜ ਮੋਹਰੀ ਭੂਮਿਕਾ ਅਦਾ ਕਰਨਗੇ। ਧਨੇਰ ਨੇ ਲੋਕ ਤਾਕਤ ਦੇ ਬਲਬੂਤੇ ਹੋਈ ਆਪਣੀ ਰਿਹਾਈ ਨੂੰ ਹਾਕਮਾਂ ਦੇ ਕਿਲ੍ਹੇ ਉਤੇ ਚਾਂਦਨੀ ਚੌਕ ਦੀ ਜਿੱਤ ਦੱਸਿਆ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਚਹਿਰੀ ਨੇ ਹਾਕਮਾਂ ਦਾ ਸੱਚ ਨੂੰ ਹਰਾਉਣ ਦਾ ਭੁਲੇਖਾ ਦੂਰ ਕਰ ਦਿੱਤਾ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਦਾਲਤ ਨੇ ਸਿਰਫ਼ ਫ਼ੈਸਲਾ ਕੀਤਾ ਸੀ ਪਰ ਨਿਆਂ ਲੋਕ ਕਚਹਿਰੀ ਨੇ ਕੀਤਾ ਹੈ, ਜੋ ਹਾਕਮਾਂ ਨੂੰ ਮੰਨਣਾ ਪਿਆ। ਇਸ ਮੌਕੇ ਅਜਮੇਰ ਅਕਲੀਲਾ ਨੇ ਲੋਕ ਪੱਖੀ ਗੀਤ ਵੀ ਪੇਸ਼ ਕੀਤੇ। ਬੁਲਾਰਿਆਂ ਵਿੱਚ ਸੰਘਰਸ਼ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਜ਼ੋਰਾ ਸਿੰਘ ਨਸਰਾਲੀ, ਕੰਵਲਜੀਤ ਖੰਨਾ, ਕੰਵਲਪ੍ਰੀਤ ਸਿੰਘ ਪੰਨੂ, ਰੁਲਦੂ ਸਿੰਘ ਮਾਨਸਾ, ਨਰੈਣ ਦੱਤ, ਕਰਮਜੀਤ ਸਿੰਘ ਬੀਹਲਾ, ਮਾ. ਪ੍ਰੇਮ ਕੁਮਾਰ, ਗੁਰਮੀਤ ਸੁਖਪੁਰ, ਪ੍ਰੇਮਪਾਲ ਕੌਰ, ਗੁਰਦੀਪ ਰਾਮਪੁਰਾ, ਸ਼ਿੰਗਾਰਾ ਸਿੰਘ ਮਾਨ, ਗੁਰਮੇਲ ਸਿੰਘ ਠੁੱਲੀਵਾਲ, ਰਾਜਿੰਦਰ ਭਦੌੜ ਆਦਿ ਸ਼ਾਮਲ ਸਨ। ਮੰਚ ‘ਤੇ ਸੰਘਰਸ਼ਸ਼ੀਲ ਆਗੂਆਂ ਵੱਲੋਂ ਧਨੇਰ ਦੇ ਗਲ ਵਿਚ ਹਾਰ ਪਾ ਕੇ ਸਵਾਗਤ ਕੀਤਾ ਗਿਆ। ਜੇਤੂ ਰੈਲੀ ਉਪਰੰਤ ਮੋਰਚੇ ਦੀ 46 ਦਿਨਾਂ ਬਾਅਦ ਸਮਾਪਤੀ ਦਾ ਐਲਾਨ ਕਰਕੇ ਮਨਜੀਤ ਧਨੇਰ ਨੂੰ ਖੁੱਲ੍ਹੀ ਜੀਪ ਵਿੱਚ ਖੜ੍ਹਾ ਕਰਕੇ ਸ਼ਹਿਰ ਵਿਚੋਂ ਜੇਤੂ ਮਾਰਚ ਕਰਦਿਆਂ ਉਨ੍ਹਾਂ ਨੂੰ ਪਿੰਡ ਧਨੇਰ ਛੱਡਣ ਲਈ ਕਾਫ਼ਲਾ ਰਵਾਨਾ ਕੀਤਾ ਗਿਆ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …