ਪੰਜਾਬ ’ਚ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ
ਦੋ ਦਿਨ ਮੀਂਹ ਦੀ ਸੰਭਾਵਨਾ ਨਹੀਂ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਵਿਚ ਮੌਸਮ ਵਿਭਾਗ ਵਲੋਂ ਦੋ ਦਿਨਾਂ ਤੱਕ ਮੀਂਹ ਨੂੰ ਲੈ ਕੇ ਅਲਰਟ ਜਾਰੀ ਨਹੀਂ ਕੀਤਾ ਗਿਆ, ਕਿਉਂਕਿ ਆਉਣ ਵਾਲੇ ਦੋ ਦਿਨ ਪੰਜਾਬ ਵਿਚ ਮੀਂਹ ਪੈਣ ਦੇ ਆਸਾਰ ਘੱਟ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਕਿਤੇ-ਕਿਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ, ਪਰ 2 ਅਤੇ 3 ਅਗਸਤ ਦੇ ਲਈ ਕੋਈ ਵੀ ਅਲਰਟ ਨਹੀਂ ਹੈ। ਉਧਰ ਦੂਜੇ ਪਾਸੇ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਤੇ ਪਾਣੀ ਦਾ ਪੱਧਰ 740 ਗੇਜ ਤੱਕ ਪਹੁੰਚ ਗਿਆ ਹੈ ਅਤੇ 90 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਚੱਲ ਰਿਹਾ ਹੈ। ਦਰਿਆ ਦੇ ਨੇੜਲੇ ਪਿੰਡਾਂ ਵਿਚ ਪ੍ਰਸ਼ਾਸਨ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਕਿਹਾ ਗਿਆ ਹੈ ਕਿ ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਦਰਿਆ ਦੇ ਨੇੜਲੇ ਇਲਾਕਿਆਂ ਵਿਚ ਮੁਸ਼ਕਲ ਵਧ ਸਕਦੀ ਹੈ। ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਅਜੇ ਵੀ ਹੜ੍ਹ ਦੀ ਲਪੇਟ ਵਿਚ ਹਨ। ਇਸ ਇਲਾਕੇ ਵਿਚ ਪਾਣੀ ਦਾ ਪੱਧਰ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇਸੇ ਤਰ੍ਹਾਂ ਪਟਿਆਲਾ ਵਿਚ ਘੱਗਰ ਦਾ ਪਾਣੀ ਅਜੇ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਹੀ ਚੱਲ ਰਿਹਾ ਹੈ। ਇਸਦੇ ਚੱਲਦਿਆਂ ਪਟਿਆਲਾ ਅਤੇ ਮਾਨਸਾ ਦੇ ਕਈ ਪਿੰਡ ਹੜ੍ਹ ਦੀ ਲਪੇਟ ਵਿਚ ਹਨ।