Breaking News
Home / ਪੰਜਾਬ / ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ

ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ

ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਇਕ ਹਫਤੇ ‘ਚ ਮੰਗਿਆ ਜਵਾਬ
ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਅਨੁਸ਼ਾਸ਼ਨਹੀਣਤਾ ‘ਤੇ ਸਖਤ ਰੁਖ ਅਖਤਿਆਰ ਕਰਦਿਆਂ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਦਰਜ ਸ਼ਿਕਾਇਤਾਂ ‘ਤੇ ਸੋਮਵਾਰ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਸੁਣਵਾਈ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਜਾਖੜ ਕੋਲੋਂ ਇਕ ਹਫਤੇ ਦੇ ਅੰਦਰ ਅੰਦਰ ਜਵਾਬ ਵੀ ਮੰਗਿਆ ਗਿਆ ਹੈ।
ਜਾਖੜ ਦੇ ਜਵਾਬ ਤੋਂ ਬਾਅਦ ਹੀ ਹਾਈਕਮਾਨ ਉਨ੍ਹਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਵੇਗੀ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ‘ਤੇ ਆਰੋਪ ਹੈ ਕਿ ਉਨ੍ਹਾਂ ਦਲਿਤ ਭਾਈਚਾਰੇ ਖਿਲਾਫ ਹਲਕੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਸ਼ਿਕਾਇਤ ਨੂੰ ਹਾਈਕਮਾਨ ਨੇ ਗੰਭੀਰਤਾ ਨਾਲ ਲਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਹਾਈਕਮਾਨ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸੁਨੀਲ ਜਾਖੜ ਵੱਲੋਂ ਪਾਰਟੀ ਲੀਡਰਸ਼ਿਪ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ। ਬੇਸ਼ੱਕ ਸੁਨੀਲ ਜਾਖੜ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ, ਪਰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਭਰ ‘ਚ ਦਲਿਤ ਭਾਈਚਾਰੇ ਦੇ ਵਿਅਕਤੀਆਂ ਵਲੋਂ ਜਾਖੜ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਇੱਕ ਵਰ੍ਹੇ ਤੋਂ ਆਪਹੁਦਰਾਪਣ ਫੈਲਿਆ ਹੋਇਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਇਸ ਮਾਮਲੇ ਵਿਚ ਸਭ ਤੋਂ ਅੱਗੇ ਰਹੇ ਹਨ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਏਨੀ ਵਧ ਗਈ ਹੈ ਕਿ ਕਿਸੇ ਨੂੰ ਹਾਈਕਮਾਨ ਦੀ ਪ੍ਰਵਾਹ ਨਹੀਂ ਰਹੀ ਸੀ।
ਹਾਈਕਮਾਨ ਦਾ ਮੰਨਣਾ ਹੈ ਕਿ ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਨ ਉਸ ਨੇ ਪੰਜਾਬ ਨੂੰ ਹੱਥੋਂ ਗੁਆ ਲਿਆ। ਇਸ ਤੋਂ ਸਬਕ ਲੈਂਦਿਆਂ ਹਾਈਕਮਾਨ ਨੇ ਸਖ਼ਤ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਤਿੰਨ ਦਫ਼ਾ ਵਿਧਾਇਕ ਰਹੇ ਸੁਰਜੀਤ ਸਿੰਘ ਧੀਮਾਨ ਨੂੰ ਬੀਤੇ ਦਿਨੀਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਧੀਮਾਨ ਨੇ ਨਵਨਿਯੁਕਤ ਪ੍ਰਧਾਨ ਰਾਜਾ ਵੜਿੰਗ ‘ਤੇ ਸਿਆਸੀ ਵਾਰ ਕੀਤੇ ਸਨ।
ਧੀਮਾਨ ਨੇ ਵੀ ਕੀਤੀ ਦਿਲ ਦੀ ਗੱਲ
ਕਾਂਗਰਸ ‘ਚੋਂ ਕੱਢੇ ਗਏ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਵੀ ਆਪਣੇ ਸਮਰਥਕਾਂ ਵਿਚ ਲੱਡੂ ਵੰਡ ਕੇ ਆਪਣੇ ਦਿਲ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਹੁਣ ਸੱਚ ਸੁਣਨ ਦਾ ਮਾਦਾ ਨਹੀਂ ਰਿਹਾ ਹੈ ਅਤੇ ਕਾਂਗਰਸ ਨੂੰ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਪਾਰਟੀ ‘ਚੋਂ ਕੱਢ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਦ ਕਾਂਗਰਸ ਵਿਚ ਇਮਾਨਦਾਰੀ ਦੀ ਕੋਈ ਵੁੱਕਤ ਹੀ ਨਾ ਹੋਵੇ ਤਾਂ ਰਹਿਣ ਦਾ ਕੀ ਫਾਇਦਾ।

Check Also

ਪੰਜਾਬ, ਹਿਮਾਚਲ ਤੇ ਚੰਡੀਗੜ੍ਹ ’ਚ ਚੋਣ ਪ੍ਰਚਾਰ ਹੋਇਆ ਬੰਦ

7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ ਪ੍ਰਦੇਸ਼ …