Breaking News
Home / ਪੰਜਾਬ / ਸਿੱਧੂ ਮੂਸੇਵਾਲਾ ਫਿਰ ਵਿਵਾਦਾਂ ‘ਚ

ਸਿੱਧੂ ਮੂਸੇਵਾਲਾ ਫਿਰ ਵਿਵਾਦਾਂ ‘ਚ

ਪੰਜਾਬੀਆਂ ਨੂੰ ਗਦਾਰ ਕਹਿਣ ‘ਤੇ ਭੜਕੀ ਆਮ ਆਦਮੀ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦਾ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਫਿਰ ਵਿਵਾਦਾਂ ਵਿਚ ਘਿਰ ਗਿਆ ਹੈ। ਇਸੇ ਦੌਰਾਨ ਸਿੱਧੂ ਮੂਸੇਵਾਲਾ ਵਲੋਂ ਗਾਏ ਇਕ ਗੀਤ ‘ਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਕੀਤਾ ਹੈ ਅਤੇ ਇਸ ਲਈ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਮਾਫੀ ਮੰਗਣ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਨੇ ਇਕ ਗੀਤ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਕਈ ਪੰਜਾਬੀਆਂ ਖਿਲਾਫ ਇਤਰਾਜ਼ਯੋਗ ਲਫਜ਼ਾਂ ਦਾ ਇਸਤੇਮਾਲ ਕੀਤਾ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਭੜਕ ਗਈ ਹੈ।
ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਪੰਜਾਬੀਆਂ ਨੂੰ ਗੱਦਾਰ ਕਹਿਣ ਵਾਲੀ ਟਿੱਪਣੀ ‘ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਹੈ। ਟਵੀਟ ਵਿਚ ਬੈਂਸ ਨੇ ਮੂਸੇਵਾਲਾ ਦੇ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਲਿਖਿਆ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ ਅਤੇ ਹਾਰ ਨੂੰ ਸਬਕ ਵਜੋਂ ਲੈਣਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਮੂਸੇਵਾਲਾ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ। ਇਸੇ ਦੌਰਾਨ ‘ਆਪ’ ਆਗੂ ਤੇ ਵਿਧਾਇਕ ਡਾ. ਜੀਵਨਜੋਤ ਨੇ ਵੀ ਮੂਸੇਵਾਲਾ ਵਲੋਂ ਪੰਜਾਬੀਆਂ ਲਈ ਵਰਤੇ ਇਤਰਾਜ਼ਯੋਗ ਸਬਦਾਂ ਪ੍ਰਤੀ ਗੁੱਸਾ ਜ਼ਾਹਰ ਕੀਤਾ ਹੈ। ਇਸੇ ਦੌਰਾਨ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਵੀ ਟਵੀਟ ਕਰਕੇ ਸਿੱਧੂ ਮੂਸੇਵਾਲਾ ਦੀ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ‘ਤੇ ਮਾਨਸਾ ਤੋਂ ਚੋਣ ਲੜੀ ਸੀ ਅਤੇ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਆਮ ਆਦਮੀ ਪਾਰਟੀ ਪੰਜਾਬ ਨੇ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ‘ਤੇ ਉਸ ਦੇ ਗੀਤ ‘ਸਕੇਪ ਗੌਟ’ ਰਾਹੀਂ ਪੰਜਾਬੀਆਂ ਨੂੰ ਗੱਦਾਰ ਸ਼ਬਦ ਨਾਲ ਸੰਬੋਧਨ ਕਰਨ ਦਾ ਆਰੋਪ ਲਾਇਆ ਹੈ। ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਿੱਧੂ ਮੂਸੇਵਾਲਾ ‘ਤੇ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਦਾ ਆਰੋਪ ਲਾਉਂਦਿਆਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ ਮੰਗਿਆ ਹੈ। ਇਸ ਸਮੇਂ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਵਨੀਤ ਵਰਮਾ ਵੀ ਮੌਜੂਦ ਸਨ। ਕੰਗ ਨੇ ਕਿਹਾ ਕਿ ਗਾਇਕ ਅਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ਤੋਂ ਮਾਨਸਾ ਹਲਕੇ ਤੋਂ ਚੋਣ ਲੜਨ ਵਾਲੇ ਸਿੱਧੂ ਮੂਸੇਵਾਲ ਨੇ ਆਪਣੇ ਗੀਤ ‘ਚ ਤਿੰਨ ਕਰੋੜ ਪੰਜਾਬੀਆਂ ਨੂੰ ਗੱਦਾਰ ਸ਼ਬਦ ਰਾਹੀਂ ਸੰਬੋਧਨ ਕੀਤਾ ਹੈ, ਜੋ ਕਾਂਗਰਸ ਦੇ ਪੰਜਾਬ ਵਿਰੋਧੀ ਰਵੱਈਏ, ਨੀਤੀ ਅਤੇ ਇਤਿਹਾਸ ਨੂੰ ਪੇਸ਼ ਕਰਦਾ ਹੈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦੀ ਬੁਖਲਾਹਟ ਵਿੱਚ ਸਿੱਧੂ ਮੂਸੇਵਾਲਾ ਨੇ ਗੀਤ ਰਾਹੀਂ ਕਾਂਗਰਸ ਦੀ ਪੰਜਾਬੀਆਂ ਪ੍ਰਤੀ ਘਟੀਆ ਸੋਚ ਨੂੰ ਹੀ ਅੱਗੇ ਵਧਾਇਆ ਹੈ।

Check Also

ਸੁਖਬੀਰ ਬਾਦਲ ਨੂੰ  ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਹੋਈ ਹੋਰ ਤੇਜ਼

ਚੰਦੂਮਾਜਰਾ ਬੋਲੇ : ਸੁਖਬੀਰ ਬਾਦਲ ਦੀ ਅਗਵਾਈ ਨੂੰ ਪਸੰਦ ਨਹੀਂ ਕਰਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ : …