ਯੂਟੀ ਪ੍ਰਸ਼ਾਸਨ ਨੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਚੰਡੀਗੜ੍ਹ ਵਿਚ ਵਪਾਰੀ ਕਈ ਦਿਨਾਂ ਤੋਂ ਇਸਦੀ ਮੰਗ ਕਰ ਰਹੇ ਸਨ। ਹੁਣ 24 ਘੰਟੇ ਦੁਕਾਨਾਂ ਖੋਲ੍ਹਣ ਲਈ ਸਭ ਤੋਂ ਪਹਿਲਾਂ ਕਿਰਤ ਵਿਭਾਗ ਦੀ ਵੈਬਸਾਈਟ ’ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ। ਯੂਟੀ ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੋਲ੍ਹਣ ਦੇ ਲਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ 24 ਘੰਟੇ ਦੁਕਾਨਾਂ ਖੋਲ੍ਹਣ ਦਾ ਫੈਸਲਾ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਲਿਆ ਹੈ। ਪਰ ਇਹ ਨਿਰਦੇਸ਼ ਸ਼ਰਾਬ ਦੀਆਂ ਦੁਕਾਨਾਂ, ਪੱਬ, ਬਾਰ ਅਤੇ ਕਲੱਬਾਂ ’ਤੇ ਲਾਗੂ ਨਹੀਂ ਹੋਣਗੇ। ਇਨ੍ਹਾਂ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਵੀ ਕਰਮਚਾਰੀ ਕੋਲੋਂ ਇਕ ਦਿਨ ਵਿਚ 9 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਲਿਆ ਜਾ ਸਕਦਾ ਅਤੇ ਉਸ ਨੂੰ ਹਫਤੇ ਵਿਚ ਇਕ ਛੁੱਟੀ ਦੇਣੀ ਵੀ ਜ਼ਰੂਰੀ ਹੋਵੇਗੀ। ਜਿਸਦੇ ਲਈ ਉਸ ਕਰਮਚਾਰੀ ਦੀ ਤਨਖਾਹ ਵਿਚ ਕੋਈ ਕਟੌਤੀ ਨਹੀਂ ਕੀਤੀ ਜਾ ਸਕਦੀ। ਹਰੇਕ ਕਰਮਚਾਰੀ ਨੂੰ 5 ਘੰਟੇ ਦੇ ਕੰਮ ਤੋਂ ਬਾਅਦ ਅੱਧਾ ਘੰਟਾ ਅਰਾਮ ਕਰਨ ਲਈ ਵੀ ਦੇਣਾ ਹੋਵੇਗਾ। ਇਸੇ ਦੌਰਾਨ ਦੁਕਾਨਾਂ ਵਿਚ ਸੀਸੀ ਟੀਵੀ ਕੈਮਰੇ ਵੀ ਜ਼ਰੂਰੀ ਕੀਤੇ ਗਏ ਹਨ।