ਰਾਜ ਕੁਮਾਰ ਵੇਰਕਾ ਬੋਲੇ – ਮਾਨ ਸਰਕਾਰ ਨੇ ਦਿੱਲੀ ਨੂੰ ਪੰਜਾਬ ਠੇਕੇ ’ਤੇ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਜਿਸ ਦੇ ਚਲਦਿਆਂ ਵਿਰੋਧੀਆਂ ਵੱਲੋਂ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਨੂੰ ਪੰਜਾਬ ਠੇਕੇ ’ਤੇ ਦੇ ਦਿੱਤਾ ਹੈ। ਜਦਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 8 ਸਾਲ ਤੱਕ ਸੰਸਦ ਮੈਂਬਰ ਦੇ ਤੌਰ ’ਤੇ ਦਿੱਲੀ ’ਚ ਰਹੇ। ਉਦੋਂ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਦਿੱਲੀ ਮਾਡਲ ਨੂੰ ਉਨ੍ਹਾਂ ਆਪਣੇ ਸੰਸਦੀ ਹਲਕੇ ਸੰਗਰੂਰ ’ਚ ਲਾਗੂ ਕਿਉਂ ਨਹੀਂ ਕੀਤਾ। ਸਿੱਧੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡਾ ਦਿੱਲੀ ਦੌਰਾ ਪ੍ਰਾਪੇਗੰਡਾ ਅਤੇ ਸੂਬੇ ਦੇ ਖਜ਼ਾਨੇ ਦਾ ਨੁਕਸਾਨ ਕਰਨ ਤੋਂ ਇਲਾਵਾ ਕੁੱਝ ਨਹੀਂ। ਉਧਰ ਭਾਜਪਾ ਆਗੂਆਂ ਨੇ ਨਾਲੇਜ ਸ਼ੇਅਰਿੰਗ ਦੇ ਐਮਓਯੂ ਨੂੰ ਮੈਮੋਰੈਂਡਮ ਆਫ਼ ਸਰੈਂਡਰ ਦੱਸਿਆ ਹੈ। ਭਾਜਾਪਾ ਆਗੂ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਕਿਹਾ ਕਿ ਅਧਿਕਾਰਕ ਰੂਪ ਨਾਲ ਪੰਜਾਬ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਲੇ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨ ਲਈ ਅੱਜ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਦਰਮਿਆਨ ਐਜੂਕੇਸ਼ਨ ਅਤੇ ਸਿਹਤ ’ਤੇ ਨਾਲੇਜ ਸ਼ੇਅਰਿੰਗ ਸਮਝੌਤਾ ਹੋ ਗਿਆ।