ਕਿਹਾ : ਭਗਵੰਤ ਮਾਨ ਨੇ ਪੰਜਾਬ ਨੂੰ ਕੇਜਰੀਵਾਲ ਕੋਲ ਰੱਖਿਆ ਗਿਰਵੀ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਸਮਝੌਤੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਸਾਰੇ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਕੋਲ ਗਿਰਵੀ ਰੱਖ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਬੰਦੀ ਬਣਾ ਲਿਆ ਹੈ, ਇਸੇ ਲਈ ਰਾਜਪਾਲ ਨੂੰ ਮੀਟਿੰਗ ਲਈ ਮਨ੍ਹਾਂ ਕਰਕੇ ਮੁੱਖ ਮੰਤਰੀ ਦਿੱਲੀ ਚਲੇ ਗਏ। ਉਨ੍ਹਾਂ ਕਿਹਾ ਅੱਜ ਜਿਹੜਾ ਸਮਝੌਤਾ ਹੋਇਆ ਹੈ, ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਜਦੋਂ ਚਾਹੇ ਕਿਸੇ ਵੀ ਮਹਿਕਮੇ ਦੇ ਕਿਸੇ ਵੀ ਅਫ਼ਸਰ ਨੂੰ ਕੋਈ ਵੀ ਹੁਕਮ ਦੇ ਸਕਦਾ ਹੈ ਅਤੇ ਪੰਜਾਬ ਅੰਦਰ ਹੁਣ ਦਿੱਲੀ ਦੀਆਂ ਨੀਤੀਆਂ ਚੱਲਣਗੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ ਕਿ ਉਹ ਆਪਣੇ ਸੂਬੇ ਦੇ ਹੱਕ ਕਿਸੇ ਹੋਰ ਸੂਬੇ ਨੂੰ ਦੇ ਦੇਵੇ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਪੰਜਾਬ ਦੀ ਜਨਤਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।