ਭਗਵੰਤ ਮਾਨ ਤੇ ਕੇਜਰੀਵਾਲ ਨੇ ਨਾਲੇਜ ਸ਼ੇਅਰਿੰਗ ਐਗਰੀਮੈਂਟ ’ਤੇ ਕੀਤੇ ਸਾਈਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਸਰਕਾਰ ਅਤੇ ਦਿੱਲੀ ਸਰਕਾਰ ਦਰਮਿਆਨ ਅੱਜ ਨਾਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਤੋਂ ਬਾਅਦ ਦੋਵੇਂ ਮੁੱਖ ਮੰਤਰੀਆਂ ਨੇ ਕਿਹਾ ਕਿ ਅਸੀਂ ਇਕ-ਦੂਜੇ ਤੋਂ ਚੰਗੀਆਂ ਗੱਲਾਂ ਸਿੱਖਾਂਗੇ ਅਤੇ ਜਿਹੜੀਆਂ ਚੀਜਾਂ ਚੰਗੀਆਂ ਹੋਣਗੀਆਂ ਉਨ੍ਹਾਂ ਨੂੰ ਆਪੋ-ਆਪਣੇ ਰਾਜ ਵਿਚ ਲਾਗੂ ਕਰਾਂਗੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿੱਥੇ ਵੀ ਵਧੀਆ ਕੰਮ ਹੋਵੇਗਾ ਅਸੀਂ ਉਸ ਤੋਂ ਸਿੱਖਾਂਗੇ ਅਤੇ ਮਿਲ ਕੇ ਗਿਆਨ ਵੰਡਾਂਗੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਇੰਦੌਰ ’ਚ ਸਫਾਈ ਦੇ ਪ੍ਰਬੰਧ ਬਹੁਤ ਵਧੀਆ ਹਨ ਭਾਵੇਂ ਉਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪ੍ਰੰਤੂ ਜੇਕਰ ਅਸੀਂ ਦਿੱਲੀ ਨਗਰ ਚੋਣਾਂ ਜਿੱਤੇ ਤਾਂ ਮੈਂ ਇੰਦੌਰ ਦੇਖਣ ਜ਼ਰੂਰ ਜਾਵਾਂਗਾ। ਸਮਝੌਤੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਹਰ ਵਿਧਾਨ ਸਭਾ ਹਲਕੇ ’ਚ ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਨੂੰ ਵਧੀਆ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਹ ਕੰਮ ਕੱਲ੍ਹ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਧਰ ਵਿਰੋਧੀ ਧਿਰਾਂ ਜਿਵੇਂ ਕਾਂਗਰਸ, ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਇਸ ਸਮਝੌਤੇ ’ਤੇ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਗੁਜਰਾਤ ਮਾਡਲ ਵੇਚ ਕੇ ਭਾਰਤ ’ਤੇ ਕਬਜ਼ਾ ਕੀਤਾ ਹੈ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਵੀ ਦਿੱਲੀ ਮਾਡਲ ਵੇਚ ਕੇ ਭਾਰਤ ’ਤੇ ਕਬਜ਼ਾ ਕਰਨਾ ਦੀ ਕੋਸ਼ਿਸ਼ ਕਰ ਰਹੇ ਹਨ।