ਰਾਜਪਾਲ ਨੇ ਸੀਐਮ ਮਾਨ ਕੋਲੋਂ ਮੰਗਿਆ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਆਟਾ-ਦਾਲ ਸਕੀਮ ਦੇ ਤਹਿਤ ਘਰ-ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸ਼ੁਰੂਆਤ ਦਾ ਬਿਗੁਲ ਵਜਾਇਆ ਹੈ। ਪਰ ਨਾਲ ਹੀ ਇਸ ਸਕੀਮ ਨੂੰ ਲੈ ਕੇ ਵਿਵਾਦ ਦੁਬਾਰਾ ਫਿਰ ਖੜ੍ਹਾ ਹੋ ਗਿਆ ਹੈ। ਕਿਉਂਕਿ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਕੀਮ ਸਬੰਧੀ ਪੱਤਰ ਦਾ ਜਵਾਬ ਅਜੇ ਤੱਕ ਨਹੀਂ ਦਿੱਤਾ ਗਿਆ ਹੈ। ਰਾਜਪਾਲ ਬੀਐਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਪੱਤਰ ਲਿਖਿਆ ਹੈ। ਇਸ ਵਿਚ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਆਟਾ-ਦਾਲ ਸਕੀਮ ਦੇ ਸਬੰਧ ਵਿਚ ਸਾਲ 2022 ਵਿਚ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ, ਪਰ ਉਸਦਾ ਜਵਾਬ ਅਜੇ ਤੱਕ ਨਹੀਂ ਮਿਲਿਆ। ਅਜਿਹੇ ਵਿਚ ਭਗਵੰਤ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਜਾਣ ਵਾਲੀ ਆਟਾ-ਦਾਲ ਸਕੀਮ ਨੂੰ ਬਰੇਕ ਲੱਗ ਸਕਦੀ ਹੈ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਚੋਣਾਂ ਦੇ ਸਮੇਂ ਆਮ ਆਦਮੀ ਪਾਰਟੀ ਨੇ ਆਟਾ-ਦਾਲ ਸਕੀਮ ਦੇ ਤਹਿਤ ਲੋਕਾਂ ਦੇ ਘਰ ਤੱਕ ਆਟਾ ਪਹੁੰਚਾਉਣ ਦੀ ਗਾਰੰਟੀ ਦਿੱਤੀ ਸੀ। ਉਨ੍ਹਾਂ ਨੇ ਇਸ ਸਕੀਮ ਦੀ ਗਾਰੰਟੀ ਨੂੰ ਕੈਬਨਿਟ ਮੀਟਿੰਗ ਵਿਚ ਮਨਜੂਰੀ ਦਿੱਤੇ ਜਾਣ ਦੀ ਗੱਲ ਵੀ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੂਬਾ ਸਰਕਾਰ ਪੰਜੀਕਰਣ ਕਰਾਉਣ ਵਾਲੇ ਵਿਅਕਤੀਆਂ ਦੇ ਘਰ-ਘਰ ਤੱਕ ਆਟਾ ਪਹੁੰਚਾਏਗੀ। ਇਸਦੇ ਲਈ ਮਾਰਕਫੈਡ ਵਲੋਂ 500 ਹੋਰ ਨਵੇਂ ਡਿਪੂ ਖੋਲ੍ਹੇ ਜਾਣ ਦੀ ਜਾਣਕਾਰੀ ਦਿੱਤੀ ਸੀ।