Breaking News
Home / ਪੰਜਾਬ / ਪੀਏਸੀਐਲ ਦਾ ਨਿੱਜੀਕਰਨ : ਮੈਨੇਜਰ ਰਾਤੋ-ਰਾਤ ਮਾਲਕ ਬਣਿਆ

ਪੀਏਸੀਐਲ ਦਾ ਨਿੱਜੀਕਰਨ : ਮੈਨੇਜਰ ਰਾਤੋ-ਰਾਤ ਮਾਲਕ ਬਣਿਆ

ਸਭ ਤੋਂ ਵੱਡੇ ਸ਼ੇਅਰਧਾਰਕਾਂ ਵਿਚੋਂ ਇਕ ਜਣਾ ਕੰਪਨੀ ਦੇ ਸਾਬਕਾ ਐੱਮਡੀ ਦਾ ਸਹੁਰਾ
ਚੰਡੀਗੜ੍ਹ : ਪੰਜਾਬ ਅਲਕਲੀਜ਼ ਤੇ ਕੈਮੀਕਲਜ਼ ਲਿਮਟਿਡ (ਪੀਏਸੀਐਲ) ਦਾ ਨਿੱਜੀਕਰਨ, ਪ੍ਰਬੰਧਕਾਂ (ਮੈਨੇਜਰਾਂ) ਦੇ ਰਾਤੋ-ਰਾਤ ਮਾਲਕ ਬਣਨ ਦਾ ਇਕ ਭੇਤ-ਭਰਿਆ ਮਾਮਲਾ ਬਣ ਗਿਆ ਹੈ। ਪੰਜਾਬ ਸਰਕਾਰ ਨੇ ਸਤੰਬਰ 2020 ਵਿਚ ਪੀਏਸੀਐੱਲ ‘ਚੋਂ ਆਪਣਾ 100 ਪ੍ਰਤੀਸ਼ਤ ਹਿੱਸਾ ਵੇਚ ਦਿੱਤਾ ਸੀ। ਇਸ ਤੋਂ ਜਲਦੀ ਬਾਅਦ ਕੰਪਨੀ ਦੇ ਦੋ ਚੋਟੀ ਦੇ ਅਧਿਕਾਰੀ ਸ਼ੇਅਰਾਂ ਦਾ ਵੱਡਾ ਹਿੱਸਾ ਖ਼ਰੀਦਣ ਲਈ ਆਏ ਤੇ ਹੁਣ ਪ੍ਰਾਈਵੇਟ ਹੋ ਚੁੱਕੀ ਇਸ ਕੰਪਨੀ ਵਿਚ ਸਿੱਧੇ ਤੇ ਅਸਿੱਧੇ ਤੌਰ ‘ਤੇ ਸਭ ਤੋਂ ਵੱਡੇ ਸ਼ੇਅਰਧਾਰਕ ਬਣ ਗਏ। ਦੱਸਣਯੋਗ ਹੈ ਕਿ ਇਹ ਕੰਪਨੀ ਕਾਸਟਿਕ ਸੋਡਾ, ਲਿਕੁਇਡ ਕਲੋਰੀਨ, ਹਾਈਡਰੋਕਲੋਰਿਕ ਐਸਿਡ ਤੇ ਕੈਲਸ਼ੀਅਮ ਹਾਈਪੋਕਲੋਰਾਈਟ ਬਣਾਉਂਦੀ ਹੈ। ‘ਦਿ ਟ੍ਰਿਬਿਊਨ’ ਵਿਚ ਛਪੀ ਖਬਰ ਮੁਤਾਬਕ ‘ਦੁਰਵਾ ਇਨਫਰਾਟੈੱਕ’, ਜਿਸ ਨੂੰ ਪੀਏਸੀਐੱਲ ਨੇ ਨਿੱਜੀਕਰਨ ਤੋਂ ਬਾਅਦ 75 ਲੱਖ ਸ਼ੇਅਰ ਅਲਾਟ ਕੀਤੇ ਸਨ, ਦੇ ਮਾਲਕ ਤਿੰਨ ਜਣੇ ਹਨ। ਇਨ੍ਹਾਂ ਵਿਚੋਂ ਇਕ ਸੁਰਜਾ ਰਾਮ ਮੀਲ ਹੈ ਜੋ ਕਿ ਪੀਏਸੀਐੱਲ ਦੇ ਸਾਬਕਾ ਐਮਡੀ ਅਮਿਤ ਢਾਕਾ ਦਾ ਸਹੁਰਾ ਹੈ। 2006 ਬੈਚ ਦੇ ਆਈਏਐੱਸ ਅਧਿਕਾਰੀ ਢਾਕਾ ਇਸ ਵੇਲੇ ਪੰਜਾਬ ਸਰਕਾਰ ਵਿਚ ਪ੍ਰਸ਼ਾਸਕੀ ਸਕੱਤਰ (ਪਲਾਨਿੰਗ) ਹਨ। ‘ਦੁਰਵਾ ਇਨਫਰਾਟੈੱਕ’ ਨੇ ਛੱਤੀਸਗੜ੍ਹ ਵਿਚ ਚੱਲ ਰਿਹਾ ਇਕ ਪਾਵਰ ਪਲਾਂਟ ਖਰੀਦਿਆ ਤੇ ਪੀਏਸੀਐੱਲ ਦੇ ਸਾਬਕਾ ਮੁਲਾਜ਼ਮਾਂ ਦਾ ਆਰੋਪ ਹੈ ਕਿ ਇਸ ਪਲਾਂਟ ਨੂੰ ਬਾਅਦ ਵਿਚ ਦੁਰਵਾ ਨੇ ਪੀਏਸੀਐੱਲ ਨੂੰ 75 ਲੱਖ ਸ਼ੇਅਰਾਂ ਬਦਲੇ ਵੇਚ ਦਿੱਤਾ।
ਦੁਰਵਾ ਇਨਫਰਾਟੈੱਕ ਇਕ ‘ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ’ ਹੈ ਜੋ ਕਿ ਮਾਰਚ 2021 ਵਿਚ ਹੋਂਦ ‘ਚ ਆਈ ਸੀ। ਇਸ ਤਰ੍ਹਾਂ ਸਾਬਕਾ ਮੁਲਾਜ਼ਮਾਂ ਦੇ ਉਨ੍ਹਾਂ ਆਰੋਪਾਂ ਨੂੰ ਬਲ ਮਿਲਦਾ ਹੈ ਕਿ ਸੁਰਜਾ ਰਾਮ ਮੀਲ ਤੇ ਉਨ੍ਹਾਂ ਦੇ ਭਾਈਵਾਲਾਂ ਨੂੰ 75 ਲੱਖ ਅਣਵੰਡੇ ਸ਼ੇਅਰ ਅਲਾਟ ਕਰਨ ਲਈ ਫ਼ਰਜ਼ੀ ਕੰਪਨੀ ਬਣਾਈ ਗਈ। ਸਾਬਕਾ ਮੁਲਾਜ਼ਮਾਂ ਨੇ ਪੀਏਸੀਐੱਲ ਦੇ ਨਿੱਜੀਕਰਨ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ਼ ਵੀ ਕੀਤਾ ਹੈ। ਉਨ੍ਹਾਂ ਦਸੰਬਰ 2022 ਵਿਚ ‘ਪ੍ਰਾਈਮੋ ਕੈਮੀਕਲਜ਼’ ਬਣ ਚੁੱਕੀ ਕੰਪਨੀ ਦੇ ਇਸ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਕੋਲੋਂ ‘ਨਿਰਪੱਖ’ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਆਰੋਪ ਹੈ ਕਿ ਸਰਕਾਰ ਦਾ ਹਿੱਸਾ 42 ਕਰੋੜ ਰੁਪਏ ਵਿਚ ਵੇਚਿਆ ਗਿਆ, ਜੋ ਕਿ ਕੰਪਨੀ ਦੇ ਮਿੱਥੇ ਹੋਏ ਅਸਾਸਿਆਂ ਦੇ ਮੁੱਲ ਜਾਂ ਇਸ ਦੇ ਸ਼ੇਅਰਾਂ ਦੇ ਅਸਲੀ ਮੁੱਲ ਦੇ ਖਿਲਾਫ ਗਿਆ, ਕੰਪਨੀ ਨੇ 2018-19 ਵਿਚ 55.8 ਕਰੋੜ ਦਾ ਮੁਨਾਫਾ ਕਮਾਇਆ ਸੀ। ਮੁਲਾਜ਼ਮਾਂ ਨੇ ਕੰਪਨੀ ਦੇ 85 ਲੱਖ ਸ਼ੇਅਰ ਪੀਏਸੀਐੱਲ ਦੇ ਸਾਬਕਾ ਮਾਰਕੀਟਿੰਗ ਹੈੱਡ ਨਵੀਨ ਚੋਪੜਾ ਨੂੰ ਅਲਾਟ ਕਰਨ ਉਤੇ ਵੀ ਸਵਾਲ ਚੁੱਕੇ ਹਨ ਜਿਨ੍ਹਾਂ 1997 ਵਿਚ ਟਰੇਨੀ ਇੰਜਨੀਅਰ ਵਜੋਂ ਕੰਪਨੀ ‘ਚ ਨੌਕਰੀ ਸ਼ੁਰੂ ਕੀਤੀ ਸੀ।
ਜਾਣਕਾਰੀ ਮੁਤਾਬਕ 26 ਅਕਤੂਬਰ, 2020 ਨੂੰ ਅਪਨਿਵੇਸ਼ ਤੋਂ ਬਾਅਦ ਚੋਪੜਾ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸੇ ਦਿਨ ਉਸ ਨੂੰ ਐੱਮਡੀ ਲਾਇਆ ਗਿਆ ਸੀ। ਚੋਪੜਾ ਨੂੰ 40 ਲੱਖ ਸ਼ੇਅਰ ਅਲਾਟ ਕੀਤੇ ਗਏ ਤੇ ਨਾਲ ਹੀ ਕੁਝ ਹੋਰ ਰਿਆਇਤਾਂ ਵੀ ਦਿੱਤੀਆਂ ਗਈਆਂ। ਫਰਵਰੀ, 2021 ਵਿਚ ਉਸ ਨੂੰ 45 ਲੱਖ ਸ਼ੇਅਰ ਹੋਰ ਅਲਾਟ ਹੋਏ। ਸਾਬਕਾ ਮੁਲਾਜ਼ਮਾਂ ਨੇ ਕਿਹਾ ਕਿ ਕੰਪਨੀ ਲਾਭ ਕਮਾ ਰਹੀ ਸੀ। ਇਸ ਕੋਲ 88.86 ਏਕੜ ਫੈਕਟਰੀ ਦੀ ਜ਼ਮੀਨ, ਚੰਡੀਗੜ੍ਹ ‘ਚ 772 ਸਕੁਏਅਰ ਯਾਰਡ ਦਾ ਪਲਾਟ, 2.5 ਏਕੜ ਦੀ ਰਿਹਾਇਸ਼ੀ ਕਲੋਨੀ ਤੇ 8.61 ਏਕੜ ਦੀ ਨਵੀਂ ਕਲੋਨੀ ਅਤੇ ਰੋਪੜ ਵਿਚ ਮਸ਼ੀਨਰੀ ਸੀ। ਕੰਪਨੀ ਨੇ 2018-19 ਵਿਚ 55.8 ਕਰੋੜ, 2019-20 ਵਿਚ 8.8 ਕਰੋੜ ਤੇ 2020-21 ਵਿਚ 8.24 ਕਰੋੜ ਦਾ ਮੁਨਾਫਾ ਕਮਾਇਆ। ਉਨ੍ਹਾਂ ਕਿਹਾ ਕਿ ਕੰਪਨੀ ਘਾਟੇ ਵਿਚ ਨਹੀਂ ਚੱਲ ਰਹੀ ਸੀ, ਫਿਰ ਵੀ ਇਸ ਨੂੰ ਘੱਟ ਕੀਮਤ ਉਤੇ ਵੇਚਿਆ ਗਿਆ। ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ, ‘ਅਸੀਂ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਵਿਸ਼ੇਸ਼ ਕਮੇਟੀ ‘ਚ ਅਪਨਿਵੇਸ਼ ਬਾਰੇ ਚਰਚਾ ਕੀਤੀ ਸੀ। ਸਾਨੂੰ ਦਿਖਾਇਆ ਗਿਆ ਕਿ ਕੰਪਨੀ ਘਾਟੇ ਵਿਚ ਚੱਲ ਰਹੀ ਹੈ। ਅਸੀਂ ਇਹ ਰਿਪੋਰਟ ਕੈਬਨਿਟ ਨੂੰ ਦਿੱਤੀ, ਜਿਨ੍ਹਾਂ ਅਪਨਿਵੇਸ਼ ਦਾ ਫੈਸਲਾ ਲਿਆ।’ ਇਕ ਪਟੀਸ਼ਨਕਰਤਾ ਨੇ ਕਿਹਾ, ‘ਅਸੀਂ ਪ੍ਰਾਈਵੇਟ ਕੰਪਨੀ ਰਿਸਰਜੈਂਟ ਇੰਡੀਆ ਰਾਹੀਂ ਸ਼ੇਅਰ ਵੇਚੇ ਜਾਣ ਨੂੰ ਵੀ ਚੁਣੌਤੀ ਦਿੱਤੀ ਹੈ, ਜਦਕਿ ਨੇਮਾਂ ਵਿਚ ਸਪੱਸ਼ਟ ਹੈ ਕਿ ਇਹ ਪਬਲਿਕ ਐਂਟਰਪ੍ਰਾਇਜ਼ਿਜ਼ ਤੇ ਅਪਨਿਵੇਸ਼ ਡਾਇਰੈਕਟੋਰੇਟ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ।’ ਵਿਜੀਲੈਂਸ ਬਿਊਰੋ ਇਸ ਕੇਸ ਦੀ ਜਾਂਚ ਕਰ ਰਹੀ ਹੈ ਤੇ ਇਹ ਦੇਖਿਆ ਜਾ ਰਿਹਾ ਹੈ ਕਿ ਕੀ ਅਪਨਿਵੇਸ਼ ਤੋਂ ਪਹਿਲਾਂ ਪੀਏਸੀਐੱਲ ਵੱਲੋਂ ਰਿਸਰਜੈਂਟ ਇੰਡੀਆ ਨੂੰ ਅੱਗੇ ਕਰਨਾ ਸਹੀ ਸੀ। ਬਿਊਰੋ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਹਾਲੇ ਸਾਰੇ ਕਾਗਜ਼ਾਤ ਨਹੀਂ ਹਨ। ਹੋਰ ਜਾਣਕਾਰੀ ਮਿਲਣ ‘ਤੇ ਹੋਰ ਤੱਥ ਸਾਹਮਣੇ ਆਉਣਗੇ।
ਸਰਕਾਰ ਵੱਲੋਂ ਨਿਯੁਕਤ ਅਧਿਕਾਰੀਆਂ ਵੱਲੋਂ ਕੰਪਨੀ ਵਿਚ ਸਿੱਧੇ-ਅਸਿੱਧੇ ਤੌਰ ‘ਤੇ ਸ਼ੇਅਰਾਂ ਦਾ ਵੱਡਾ ਹਿੱਸਾ ਖ਼ਰੀਦਣ ਬਾਰੇ ਸਵਾਲ ਢਾਕਾ ਤੇ ਚੋਪੜਾ ਨੂੰ ਭੇਜੇ ਗਏ ਸਨ, ਜਿਨ੍ਹਾਂ ਦਾ ਢਾਕਾ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ। ਜਦਕਿ ਨਵੀਨ ਚੋਪੜਾ ਨੇ ਕਿਹਾ, ‘ਅਪਨਿਵੇਸ਼ ਤੋਂ ਬਾਅਦ, ਕੰਪਨੀ ‘ਚ ਮੇਰੇ ਤਜਰਬੇ ਕਰ ਕੇ ਮੈਨੂੰ ਐਮਡੀ ਬਣਾਇਆ ਗਿਆ।
ਮੈਂ ਮਾਰਕੀਟ ਰੇਟ ਦੇ ਬਰਾਬਰ ਤਨਖਾਹ ਮੰਗੀ ਕਿਉਂਕਿ ਮੈਨੂੰ ਬਹੁਤ ਘੱਟ ਤਨਖਾਹ ਮਿਲ ਰਹੀ ਸੀ। ਪੂਰੀ ਤਨਖਾਹ ਦੀ ਥਾਂ ਮੈਨੂੰ ਸ਼ੇਅਰ ਦਿੱਤੇ ਗਏ, ਪਰ ਇਨ੍ਹਾਂ ‘ਤੇ ਸ਼ਰਤਾਂ ਲਾਗੂ ਸਨ।’ ਚੋਪੜਾ ਨੇ ਕਿਹਾ, ‘ਇਹ ਸਪੱਸ਼ਟ ਲਿਖਿਆ ਹੋਇਆ ਹੈ ਕਿ ਇਕੁਇਟੀ ਵਜੋਂ ਕੁੱਲ ਅਲਾਟ ਸ਼ੇਅਰਾਂ ਦਾ 25 ਪ੍ਰਤੀਸ਼ਤ 31 ਮਾਰਚ, 2024 ਨੂੰ ਰਿਲੀਜ਼ ਕੀਤਾ ਜਾਵੇਗਾ। ਹੋਰ 25 ਪ੍ਰਤੀਸ਼ਤ ਉਦੋਂ ਰਿਲੀਜ਼ ਕੀਤੇ ਜਾਣੇ ਸਨ ਜਦ ਕੰਪਨੀ 31 ਮਾਰਚ, 2021 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੀ ਟਰਨਓਵਰ ਨਾਲੋਂ 1.5 ਗੁਣਾ ਵੱਧ ਟੀਚਾ ਹਾਸਲ ਕਰਦੀ। ਇਸ ਤੋਂ ਇਲਾਵਾ ਹੋਰ ਸ਼ਰਤਾਂ ਵੀ ਸਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …