Breaking News
Home / ਪੰਜਾਬ / ਗਿਆਨੀ ਹਰਪ੍ਰੀਤ ਸਿੰਘ ਵਲੋਂ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਿੱਖ ਤੇ ਪੰਜਾਬ ਪੱਖੀ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ‘ਤੇ ਕਰਵਾਈ ਵਿਸ਼ੇਸ਼ ਇਕੱਤਰਤਾ

ਗਿਆਨੀ ਹਰਪ੍ਰੀਤ ਸਿੰਘ ਵਲੋਂ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਿੱਖ ਤੇ ਪੰਜਾਬ ਪੱਖੀ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ‘ਤੇ ਕਰਵਾਈ ਵਿਸ਼ੇਸ਼ ਇਕੱਤਰਤਾ

ਸੱਚ ਦੀ ਆਵਾਜ਼ ਦਬਾਈ ਜਾ ਰਹੀ ਹੈ : ਜਥੇਦਾਰ
ਤਲਵੰਡੀ ਸਾਬੋ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਿੱਖ ਤੇ ਪੰਜਾਬ ਪੱਖੀ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਈ ਵਿਸ਼ੇਸ਼ ਇਕੱਤਰਤਾ ਵਿਚ ਪੰਜਾਬ ਭਰ ਤੋਂ ਵੱਖ-ਵੱਖ ਮੀਡੀਆ ਅਦਾਰਿਆਂ ਦੇ ਨੁਮਾਇੰਦਿਆਂ ਅਤੇ ਸੁਤੰਤਰ ਤੌਰ ‘ਤੇ ਪੱਤਰਕਾਰੀ ਕਰਨ ਵਾਲੇ ਵੱਡੀ ਗਿਣਤੀ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਨੂੰ ਸੰਬੋਧਨ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗਾ ਬੇਸ਼ੱਕ ਆਵਾਜ਼ ਦਬਾਉਣ ਵਾਲੇ ਲੋਕ ਉਸ ‘ਤੇ ਟੈਂਕ-ਤੋਪਾਂ ਚੜ੍ਹਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਅੰਦਰ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੇ ਨਾਂਅ ‘ਤੇ ਜਾਣਬੁੱਝ ਕੇ ਭੈਅ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਕੋਈ ਵੀ ਮਸਲਾ ਵਿਵਾਦ ਨਾਲ ਨਹੀਂ ਸਗੋਂ ਸੰਵਾਦ ਨਾਲ ਹੱਲ ਹੁੰਦਾ ਹੈ ਅਤੇ ਸਰਕਾਰ ਨੂੰ ਸਿੱਖਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰੀਆਂ ਨਾਲ ਗੱਲ ਹੋ ਸਕਦੀ ਹੈ, ਮਿਜ਼ੋਰਮ ਤੇ ਨਾਗਾਲੈਂਡ ਵਾਲਿਆਂ ਨਾਲ ਗੱਲ ਹੋ ਸਕਦੀ ਹੈ ਤਾਂ ਸਾਡੇ ਨਾਲ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਪਿਛਲੇ 75 ਸਾਲਾਂ ‘ਚ ਸਿੱਖਾਂ ਨਾਲ 75 ਤੋਂ ਵੱਧ ਵਾਅਦੇ ਕੀਤੇ ਪਰ ਪੂਰਾ ਇਕ ਵੀ ਨਹੀਂ ਕੀਤਾ, ਫਿਰ ਵੀ ਅਸੀਂ ਚੁੱਪ ਹਾਂ ਅਤੇ ਜੇਕਰ ਅਸੀਂ ਹੱਕਾਂ ਲਈ ਬੋਲਦੇ ਹਾਂ ਤਾਂ ਸਾਨੂੰ ਵੱਖਵਾਦੀ ਗਰਦਾਨ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਸਿੱਖਾਂ ਖ਼ਿਲਾਫ਼ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਲਈ ਵਿਸਾਖੀ ਤੋਂ ਮਗਰੋਂ ਪੱਤਰਕਾਰਾਂ ਦੇ ਸਹਿਯੋਗ ਨਾਲ ਇਕ ਕਮੇਟੀ ਬਣਾਈ ਜਾਵੇਗੀ। ਪੱਤਰਕਾਰਾਂ ਦੇ ਬੰਦ ਕਰਵਾਏ ਗਏ ਚੈਨਲਾਂ ਨੂੰ ਬਹਾਲ ਕਰਵਾਉਣ ਦੇ ਯਤਨ ਕਰਾਂਗੇ। ਸਿੰਘ ਸਾਹਿਬ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤਖ਼ਤ ਸਾਹਿਬਾਨ ਦੇ ਬਾਹਰ ਤਾਇਨਾਤ ਬੇਲੋੜੀਆਂ ਫੋਰਸਾਂ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਸ ਨਾਲ ਸਰਕਾਰ ਦਾ ਵੀ ਅਕਸ ਖ਼ਰਾਬ ਹੋ ਰਿਹਾ ਹੈ।
ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਅੱਜ ਵਿਚਾਰਾਂ ਦੀ ਆਜ਼ਾਦੀ, ਜ਼ਮਹੂਰੀਅਤ, ਪ੍ਰੈੱਸ ਦੀ ਆਜ਼ਾਦੀ ਨੂੰ ਵੱਡਾ ਖ਼ਤਰਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਵਲ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਵੀ ਜਿਥੇ-ਜਿਥੇ ਪੱਤਰਕਾਰ ਸੱਚ ਲਿਖਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਅੱਜ ਵਰਗਾ ਹੀ ਬਿਰਤਾਂਤ 1984 ‘ਚ ਸਿਰਜਿਆ ਗਿਆ ਸੀ, ਸਰਕਾਰ ਨੂੰ ਪੱਤਰਕਾਰਾਂ ਦੇ ਬੰਦ ਕੀਤੇ ਪੇਜ਼ ਤੁਰੰਤ ਚਾਲੂ ਕਰਨੇ ਚਾਹੀਦੇ ਹਨ। ਪੱਤਰਕਾਰ ਦੀਪਕ ਚਨਾਰਥਲ ਨੇ ਕਿਹਾ ਕਿ ਸਰਕਾਰ ਜੋ ਮਰਜ਼ੀ ਕਰ ਲਵੇ ਅਸੀਂ ਹੱਕਾਂ ਲਈ ਬੋਲਦੇ ਰਹਾਂਗੇ ਭਾਵੇਂ ਜੋ ਕੀਮਤ ਤਾਰਨੀ ਪਵੇ। ਇਕੱਤਰਤਾ ਨੂੰ ਹਰਪ੍ਰੀਤ ਸਿੰਘ ਸਾਹਨੀ, ਹਰਮੀਤ ਸਿੰਘ, ਬੀਬੀ ਰਮਨਦੀਪ ਕੌਰ, ਜਗਦੀਪ ਸਿੰਘ ਥਲੀ, ਜਗਤਾਰ ਭੁੱਲਰ, ਗੁਰਪ੍ਰੀਤ ਸਿੰਘ, ਗੰਗਵੀ ਸਿੰਘ ਰਾਠੌਰ, ਸੰਦੀਪ ਸਿੰਘ, ਨਵਦੀਪ ਪੂਨੀਆ, ਜਗਸੀਰ ਸਿੰਘ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਿੱਖ ਚਿੰਤਕ ਹਰਵਿੰਦਰ ਸਿੰਘ ਖ਼ਾਲਸਾ, ਕਰਨੈਲ ਸਿੰਘ ਪੀਰਮੁਹੰਮਦ, ਜਗਸੀਰ ਸਿੰਘ ਮਾਂਗੇਆਣਾ ਅਤੇ ਗੁਰਪ੍ਰੀਤ ਸਿੰਘ ਝੱਬਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਬਣਵਾਲਾ ਮੈਂਬਰ ਧਰਮ ਪ੍ਰਚਾਰ, ਜਥੇਦਾਰ ਗੁਰਤੇਜ ਸਿੰਘ ਜੋਧਪੁਰ, ਚੰਚਲ ਮਨੋਹਰ ਸਿੰਘ, ਗੁਰਸੇਵਕ ਸਿੰਘ ਧੌਲਾ, ਸਿਮਰਨਜੀਤ ਸਿੰਘ ਕੋਟਕਪੂਰਾ, ਰਤਨਦੀਪ ਸਿੰਘ ਧਾਲੀਵਾਲ, ਸੁਖਦੇਵ ਸਿੰਘ ਫਗਵਾੜਾ, ਤੇਜਿੰਦਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਢਿੱਲੋਂ, ਮਨਜਿੰਦਰ ਸਿੱਧੂ, ਬੀਬੀ ਗਗਨਦੀਪ ਕੌਰ, ਰਣਜੀਤ ਸਿੰਘ ਰਾਜੂ, ਗੁਰਇਕਬਾਲ ਸਿੰਘ, ਬੰਧਨਤੋੜ ਸਿੰਘ ਆਦਿ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।

 

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …