ਬਰੈਂਪਟਨ/ਬਿਊਰੋ ਨਿਊਜ਼ : ਵਿਸ਼ਵ ਪੱਧਰ ‘ਤੇ ਇੰਡਸਟਰੀ ਵਿੱਚ ਹੋ ਰਹੀ ਅਜੋਕੀ ਹਲਚਲ ਅਤੇ ਅਮਰੀਕਾ ਵੱਲੋਂ ਲਗਾਏ ਜਾ ਰਹੇ ਟੈਰਿਫ਼ਾਂ ਦੇ ਮੱਦੇਨਜ਼ਰ ਕੈਨੇਡਾ ਦੇ ਮਹੱਤਵਪੂਰਨ ਉਦਯੋਗਾਂ ਨੂੰ ਬਚਾਉਣ, ਇਨ੍ਹਾਂ ਨੂੰ ਹੋਰ ਅੱਗੇ ਵਧਾਉਣ ਲਈ ਫ਼ੈੱਡਰਲ ਸਰਕਾਰ ਵੱਲੋਂ ਨਵੇਂ ਬਦਲਵੇਂ ਪੈਂਤੜੇ ਲਏ ਜਾ ਰਹੇ ਹਨ। ਇਸ ਦਿਸ਼ਾ ਵਿੱਚ ਘਰੇਲੂ ਸਪਲਾਈ-ਚੇਨ ਨੂੰ ਮਜ਼ਬੂਤ ਕਰਨ, ਕੈਨੇਡਾ ਦੇ ਕਾਮਿਆਂ ਦੀ ਸਹਾਇਤਾ ਕਰਨ ਅਤੇ ਆਉਂਦੇ ਲੰਮੇਂ ਸਮੇਂ ਲਈ ਅਰਥਚਾਰੇ ਨੂੰ ਲਚਕੀਲਾ ਬਨਾਉਣ ਲਈ ਨਵੇਂ ਫ਼ੈਸਲੇ ਲਏ ਜਾ ਰਹੇ ਹਨ। ਇਨ੍ਹਾਂ ਵਿੱਚ 5 ਬਿਲੀਅਨ ਡਾਲਰਾਂ ਦਾ ‘ਸਟਰੈਟਿਜਿਕ ਰੈੱਸਪਾਂਸ ਫ਼ੰਡ’ ਕਾਇਮ ਕਰਨਾ, ਇੱਕ ਨਵੀਂ ‘ਬਾਏ ਕੈਨੇਡੀਅਨ ਪਾਲਿਸੀ’ ਬਨਾਉਣਾ, ਛੋਟੇ ਤੇ ਮੱਧ-ਵਰਗੀ ਅਦਾਰਿਆਂ ਦਾ ਵਿਕਾਸ ਕਰਨਾ ਅਤੇ ਖੇਤੀਬਾੜੀ, ਬਾਇਓਫ਼ਿਊਲ ਤੇ ਐਡਵਾਂਸਡ ਮੈਨੂੰਫ਼ੈਕਚਰਿੰਗ ਸ਼ਾਮਲ ਹਨ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਇਹ ਸਾਡੇ ਲਈ ਬੜਾ ਅਹਿਮ ਸਮਾਂ ਹੈ। ਬਰੈਂਪਟਨ ਤੇ ਸਮੁੱਚੇ ਕੈਨੇਡਾ ਵਿੱਚ ਪਰਿਵਾਰ ਅਤੇ ਬਿਜ਼ਨੈੱਸ ਅੱਜਕੱਲ੍ਹ ਵਿਸ਼ਵ-ਪੱਧਰੀ ਅਨਿਸ਼ਚਿਤਤਾ ਦਾ ਭਾਰੀ ਦਬਾਅ ਮਹਿਸੂਸ ਕਰ ਰਹੇ ਹਨ। ਸਰਕਾਰ ਵੱਲੋਂ ਚੁੱਕੇ ਜਾ ਰਹੇ ਇਹ ਨਵੇਂ ਕਦਮ ਵਰਕਰਾਂ ਦੀ ਹੌਸਲਾ-ਅਫ਼ਜ਼ਾਈ ਕਰਨਗੇ, ਬਿਜ਼ਨੈੱਸਾਂ ਨੂੰ ਅੱਗੇ ਵਧਾਉਣਗੇ ਅਤੇ ਦੇਸ਼ ਦੇ ਅਰਥਚਾਰੇ ਨੂੰ ਲਚਕੀਲਾ ਤੇ ਮਜ਼ਬੂਤ ਕਰਨਗੇ। ਜਿਨ੍ਹਾਂ ਨਾਲ ਅਸੀਂ ਕੈਨੇਡਾ ਦੇ ਭਵਿੱਖ ਨੂੰ ਉਜਲਾ ਅਤੇ ਤਕੜਾ ਕਰਾਂਗੇ। ਸੱਭ ਜਾਣਦੇ ਹਨ ਕਿ ਅਸੀਂ ਨਵੀਆਂ ਖੋਜਾਂ, ਨਵੇਂ ਮੌਕਿਆਂ ਅਤੇ ਲਚਕੀਲੇਪਨ ਨਾਲ ਦੂਸਰੇ ਦੇਸ਼ਾਂ ਦੀ ਅਗਵਾਈ ਕਰਦੇ ਹਾਂ।” ਪ੍ਰਧਾਨ ਮੰਤਰੀ ਦਾ ਇਹ ਐਲਾਨ ਕੈਨੇਡਾ ਸਰਕਾਰ ਵੱਲੋਂ ਬਰੈਂਪਟਨ ਦੇ ਸਟੀਲ ਤੇ ਲੰਬਰ ਸੌਫ਼ਟਵੁੱਡ ਖ਼ੇਤਰ ਵਿੱਚ ਪੂੰਜੀ ਨਿਵੇਸ਼ ਕਰਨ, ਬਦਲਵੇਂ ਉਦਯੋਗਾਂ ਦੀ ਸ਼ੁਰੂਆਤ ਕਰਨ ਅਤੇ ਇਨ੍ਹਾਂ ਵਿੱਚ ਤੇਜ਼ੀ ਲਿਆਉਣ ਲਈ ਸਹਾਇਤਾ ਕਰਨ ਦੀ ਪ੍ਰੋੜ੍ਹਤਾ ਕਰਦਾ ਹੈ। ਸਰਕਾਰ ਕੈਨੇਡਾ ਦੀ ਡਿਫ਼ੈਂਸ ਇੰਡਸਟਰੀ ਸਟਰੈਟਿਜੀ ਆਰੰਭ ਕਰਨ, ਨਵੀਂ ਬਦਲਵੀਂ ਟਰੇਡ ਸਟਰੈਟਿਜੀ ਲਿਆਉਣ ਅਤੇ ਕੈਨੇਡਾ ਵਿੱਚ ਹੋਰ ਨਵੇਂ ਘਰ ਬਨਾਉਣ ਲਈ ਵਚਨਬੱਧ ਹੈ ਜੋ ਕਿ ਅਗਲੇ 10 ਸਾਲਾਂ ਵਿੱਚ ਘਰਾਂ ਦੀ ਗਿਣਤੀ ਦੁਗਣੀ ਕਰਨ ਦਾ ਕੌਮੀ ਟੀਚਾ ਹੈ। ਐੱਮ.ਪੀ. ਸੋਨੀਆ ਸਿੱਧੂ ਨੇ ਸਥਾਨਕ ਉਤਪਾਦਕਾਂ ਅਤੇ ਛੋਟੇ ਉਦਯੋਗਪਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਰੈਂਪਟਨ ਵਿੱਚ ਬਦਲਵੇਂ ਅਤੇ ਤੇਜ਼ੀ ਨਾਲ ਵੱਧ ਰਹੇ ਅਰਥਚਾਰੇ ਲਈ ਪੂੰਜੀ ਨਿਵੇਸ਼ ਕਰਨ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਉਨ੍ਹਾਂ ਅਨੁਸਾਰ ਇਸ ਤਰ੍ਹਾਂ ਫ਼ੈੱਡਰਲ ਸਰਕਾਰ ਵੱਲੋਂ ਮਿਲਣ ਵਾਲੀ ਵਿੱਤੀ ਸਹਾਇਤਾ ਅਤੇ ਯੋਗ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ, ”ਬਰੈਂਪਟਨ ਕੁਝ ਸਖ਼ਤ ਮਿਹਨਤ ਕਰਨ ਵਾਲਿਆਂ ਅਤੇ ਅਗਾਂਹ-ਵਧੂ ਕੈਨੇਡਾ-ਵਾਸੀਆਂ ਲਈ ਸੱਭ ਤੋਂ ਢੁਕਵੀਂ ਜਗ੍ਹਾ ਹੈ। ਇਨ੍ਹਾਂ ਨਵੀਆਂ ਸਹੂਲਤਾਂ ਨਾਲ ਅਸੀਂ ਨਾ ਕੇਵਲ ਮੌਜੂਦਾ ਚੁਣੌਤੀਆਂ ਦਾ ਹੀ ਮੁਕਾਬਲਾ ਕਰ ਰਹੇ ਹਾਂ, ਬਲਕਿ ਅਸੀਂ ਆਪਣੇ ਖ਼ੇਤਰ ਅਤੇ ਸਾਰੇ ਦੇਸ਼ ਲਈ ਲੰਮੇਂ ਦੌਰ ਦੀ ਖੁਸ਼ਹਾਲੀ ਦੀ ਨੀਂਹ ਰੱਖ ਰਹੇ ਹਾਂ।”

