ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡਾ ਵਿਚ 700 ਦੇ ਕਰੀਬ ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟਸ਼ਨ ਦੀ ਤਲਵਾਰ ਲਟਕ ਰਹੀ ਹੈ। ਫਰਜ਼ੀ ਦਾਖਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਕਿਰਿਆ ਖਿਲਾਫ ਸੈਂਕੜੇ ਵਿਦਿਆਰਥੀ ਮਿਸੀਸਾਗਾ ‘ਚ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ। ਵਿਦਿਆਰਥੀ ਇਸ ਫੈਸਲੇ ਦੇ ਵਿਰੋਧ ਵਿਚ ਲਗਾਤਾਰ ਦਿਨ ਰਾਤ ਧਰਨੇ ‘ਤੇ ਡਟੇ ਹੋਏ ਹਨ। ਪੰਜਾਬੀ ਵਿਦਿਆਰਥੀਆਂ ਵਲੋਂ ਪੱਕੇ ਟੈਂਟ ਲਗਾ ਲਏ ਗਏ ਹਨ ਤੇ ਪੰਜਾਬੀਆਂ ਵਲੋਂ ਲੰਗਰ ਵਰਤਾਏ ਜਾ ਰਹੇ ਹਨ।
ਭਗਵੰਤ ਮਾਨ ਨੇ ਹਰ ਸੰਭਵ ਮੱਦਦ ਕਰਨ ਦੇ ਦਿੱਤੇ ਨਿਰਦੇਸ਼
ਪੰਜਾਬ ਸਰਕਾਰ ਵਿਚ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਡਵੋਕੇਟ ਜਨਰਲ ਵਿਨੋਦ ਘਈ ਨਾਲ ਵਿਦਿਆਰਥੀਆਂ ਦੀ ਮੱਦਦ ਲਈ ਕਾਨੂੰਨੀ ਪੱਖ ਦੇ ਬਾਰੇ ਵਿਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਇਨ੍ਹਾਂ ਸਾਰੇ 700 ਭਾਰਤੀ ਵਿਦਿਆਰਥੀਆਂ ਦੀ ਪੈਰਵੀ ਕਰਕੇ ਉਨ੍ਹਾਂ ਦੇ ਡਿਪੋਰਟ ਹੋਣ ਦੇ ਖਤਰੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ।
ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਕੋਲ ਆਈਲੈਟਸ ਤੋਂ ਬਿਨਾ ਚਾਰ ਹੋਰ ਬਦਲ ਵੀ
ਕੈਨੇਡੀਅਨ ਯੂਨੀਵਰਸਿਟੀਆਂ ‘ਚ ਦਾਖਲੇ ਲਈ ਹੁਣ ਭਾਰਤ ਦੇ ਵਿਦਿਆਰਥੀਆਂ ਨੂੰ ਆਈਲਟਸ ਤੋਂ ਇਲਾਵਾ ਚਾਰ ਹੋਰ ਟੈਸਟਾਂ ਦੀ ਮੱਦਦ ਮਿਲੇਗੀ। ਵਿਦਿਆਰਥੀ ਇਨ੍ਹਾਂ ਚਾਰ ਨਵੇਂ ਟੈਸਟਾਂ ਦੇ ਅਧਾਰ ‘ਤੇ ‘ਸਟੂਡੈਂਟ ਡਾਇਰੈਕਟ ਸਟਰੀਮ’ (ਐਸਡੀਐਸ) ਵਿਚ ਦਾਖਲਾ ਲੈ ਸਕਣਗੇ। ਅੰਗਰੇਜ਼ੀ ਭਾਸ਼ਾ ‘ਚ ਇਨ੍ਹਾਂ ਟੈਸਟਾਂ ਵਿਚ ਪੀਟੀਈ ਅਕੈਡਮਿਕ, ਸੀਏਈਐਲ, ਟੋਫੇਲ ਆਈਬੀਟੀ ਟੈਸਟ ਅਤੇ ਸੀਈਐਲਪੀਆਈਪੀ ਜਨਰਲ ਸ਼ਾਮਲ ਹੈ। ਇਮੀਗਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਐਸਡੀਐਸ ਐਪਲੀਕੇਸ਼ਨ ਦੇ ਲਈ ਇਨ੍ਹਾਂ ਚਾਰ ਨਵੇਂ ਲੈਂਗੂਏਜ਼ ਟੈਸਟ ਰਿਜ਼ਲਟ ਨੂੰ ਸਵੀਕਾਰ ਕਰਨ ਦੀ ਇਜਾਜਤ ਦੇ ਦਿੱਤੀ ਹੈ। ਇਨ੍ਹਾਂ ਵਿਚੋਂ ਪੀਟੀਈ ਅਤੇ ਹੋਰ ਟੈਸਟ ਪਹਿਲਾਂ ਹੀ ਆਸਟਰੇਲੀਆ, ਨਿਊਜ਼ੀਲੈਂਡ, ਯੂਕੇ ਅਤੇ ਅਮਰੀਕਾ ਵਿਚ ਪੜ੍ਹਾਈ ਲਈ ਮਾਨਤਾ ਪ੍ਰਾਪਤ ਹਨ। ਇਹ ਚਾਰੋਂ ਟੈਸਟ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ, ਸੁਣਨ, ਪੜ੍ਹਨ ਅਤੇ ਲਿਖਣ ਦੀ ਕਾਬਲੀਅਤ ਦਾ ਮੁਲਾਂਕਣ ਕਰਨਗੇ।
ਅਮਰੀਕਾ ਪਹੁੰਚਣ ਵਾਲਾ ਹਰ ਪੰਜਵਾਂ ਵਿਦਿਆਰਥੀ ਭਾਰਤੀ
ਨਵੀਂ ਦਿੱਲੀ : ਭਾਰਤ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਵਸਣ ਦੀ ਚਾਹਤ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਇਹੀ ਕਾਰਨ ਹੈ ਕਿ ਭਾਰਤੀ ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਕਿਸੇ ਵੀ ਅਧਾਰ ‘ਤੇ ਕੈਨੇਡਾ, ਆਸਟਰੇਲੀਆ, ਇੰਗਲੈਂਡ ਅਤੇ ਅਮਰੀਕਾ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸਾਲ 2022 ਵਿਚ 1 ਲੱਖ 25 ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ ਹਨ। ਅਮਰੀਕਾ ਵਲੋਂ ਸਾਲ 2022 ਵਿਚ ਰਿਕਾਰਡ 1 ਲੱਖ 25 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ। ਨਤੀਜਨ ਯੂਐਸਏ ਪਹੁੰਚੇ ਪਰਵਾਸੀਆਂ ਵਿਚ ਹਰ ਪੰਜਵਾਂ ਵਿਅਕਤੀ ਭਾਰਤੀ ਹੈ। ਇਹ ਸਿਰਫ ਉਨ੍ਹਾਂ ਭਾਰਤੀ ਨੌਜਵਾਨਾਂ ਦੀ ਗੱਲ ਜੋ ਸਾਲ 2022 ਵਿਚ ਇਕੱਲੇ ਅਮਰੀਕਾ ਵਿਚ ਪਹੁੰਚੇ ਹਨ। ਜਦਕਿ ਭਾਰਤੀ ਨੌਜਵਾਨ ਲਗਾਤਾਰ ਕੈਨੇਡਾ, ਆਸਟਰੇਲੀਆ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਵੀ ਜਾ ਰਹੇ ਹਨ।