-13.4 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਕਿਸਾਨੀ ਅੰਦੋਲਨ ਦੇ ਹੱਕ 'ਚ ਨਿੱਤਰੇ ਟਰੂਡੋ

ਕਿਸਾਨੀ ਅੰਦੋਲਨ ਦੇ ਹੱਕ ‘ਚ ਨਿੱਤਰੇ ਟਰੂਡੋ

ਕੈਨੇਡਾ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ‘ਚ : ਟਰੂਡੋ
ਜਸਟਿਨ ਟਰੂਡੋ ਭਾਰਤ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਟਿੱਪਣੀ ਕਰਨ ਵਾਲੇ ਪਹਿਲੇ ਕੌਮਾਂਤਰੀ ਆਗੂ ਬਣੇ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ਦਾ ਹਮੇਸ਼ਾ ਪੱਖ ਪੂਰੇਗਾ। ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਇੱਕ ਆਨਲਾਈਨ ਸਮਾਗਮ ਮੌਕੇ ਟਰੂਡੋ ਨੇ ਕਿਹਾ ਕਿ ਜੇਕਰ ਉਹ ਭਾਰਤ ਤੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਬਾਰੇ ਆ ਰਹੀਆਂ ਖ਼ਬਰਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਉਨ੍ਹਾਂ ਦੀ ਲਾਪ੍ਰਵਾਹੀ ਮੰਨੀ ਜਾਵੇਗੀ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਪਾਉਂਦਿਆਂ ਲਿਖਿਆ, ‘ਸਥਿਤੀ ਬਹੁਤ ਗੰਭੀਰ ਹੈ ਅਤੇ ਅਸੀਂ ਸਾਰੇ ਪਰਿਵਾਰਾਂ ਤੇ ਦੋਸਤਾਂ ਬਾਰੇ ਚਿੰਤਤ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਕਈਆਂ ਦੀ ਇਹੀ ਸਥਿਤੀ ਹੈ।’ਉਨ੍ਹਾਂ ਕਿਹਾ ਕਿ ਉਹ ਦੁਵੱਲੀ ਗੱਲਬਾਤ ਦਾ ਮਹੱਤਵ ਸਮਝਦੇ ਹਨ ਅਤੇ ਇਸੇ ਕਾਰਨ ਉਨ੍ਹਾਂ ਵੱਖ-ਵੱਖ ਮਾਧਿਅਮਾਂ ਰਾਹੀਂ ਭਾਰਤ ਸਰਕਾਰ ਨਾਲ ਇਸ ਮਸਲੇ ਸਬੰਧੀ ਆਪਣੀ ਫ਼ਿਕਰਮੰਦੀ ਜ਼ਾਹਰ ਕੀਤੀ ਹੈ।
ਟਰੂਡੋ ਦੀ ਹਮਾਇਤ ਮਗਰੋਂ ਕਿਸਾਨਾਂ ਦੇ ਸੁਰ ਹੋਏ ਹੋਰ ਤਿੱਖੇ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰਨ ਤੇ ਸੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ਤੋਂ ਬਾਅਦ ਮਾਲਵਾ ਖੇਤਰ ਦੇ ਕਿਸਾਨਾਂ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਸੁਰ ਹੋਰ ਤਿੱਖੀ ਹੋ ਗਈ। ਧਰਨਾਕਾਰੀਆਂ ਨੇ ਟਰੂਡੋ ਦੇ ਹਵਾਲੇ ਨਾਲ ਕਿਹਾ ਕਿ ਇੱਕ ਉਹ ਪ੍ਰਧਾਨ ਮੰਤਰੀ ਹਨ ਜੋ ਅੰਨਦਾਤਾ ਦੇ ਹੱਕ ਵਿੱਚ ਖੜ੍ਹੇ ਹਨ ਤੇ ਇੱਕ ਸਾਡੇ ਪ੍ਰਧਾਨ ਮੰਤਰੀ ਹਨ ਜੋ ਅੰਨਦਾਤਾ ਦੇ ਵਿਰੋਧ ਵਿੱਚ ਅੜੇ ਹੋਏ ਹਨ। ਕਿਸਾਨਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ ‘ਤੇ ਹਮਲੇ ਬੰਦ ਹੋਣ।
ਕਿਸਾਨ ਅੰਦੋਲਨ ਦੀ ਗੂੰਜ ਵਿਸ਼ਵ ਪੱਧਰ ‘ਤੇ, ਵਿਦੇਸ਼ੀ ਸੰਸਦ ਮੈਂਬਰ ਵੀ ਆਏ ਭਾਰਤੀ ਕਿਸਾਨਾਂ ਦੇ ਹੱਕ ‘ਚ…
ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਟਵੀਟ ਕਰਕੇ ਦਿੱਤਾ ਸਮਰਥਨ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ‘ਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੋ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਅਤੇ ਦਿੱਲੀ ਬਾਰਡਰ ‘ਤੇ ਵੀ ਕਿਸਾਨਾਂ ਵਲੋਂ ਲਗਾਏ ਗਏ ਧਰਨੇ ਨੂੰ ਹਫਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਭਾਜਪਾ ਤੋਂ ਇਲਾਵਾ ਦੇਸ਼ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਕਿਸਾਨਾਂ ਦੇ ਸਮਰਥਨ ਵਿਚ ਖੁੱਲ੍ਹ ਕੇ ਆ ਗਈਆਂ ਹਨ। ਹੁਣ ਕੈਨੇਡਾ, ਬ੍ਰਿਟੇਨ ਤੇ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਵੀ ਟਵੀਟ ਕਰਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ।
ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਭਾਰਤ ਸਰਕਾਰ ਦੀ ਹਿੰਸਾ ਦੁੱਖ ਪਹੁੰਚਾਉਣ ਵਾਲੀ ਹੈ। ਮੈਂ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਭਾਰਤ ਸਰਕਾਰ ਨੂੰ ਅਪੀਲ ਹੈ ਕਿ ਗੱਲਬਾਤ ਦਾ ਰਸਤਾ ਅਪਣਾਵੇ।
-ਜਗਮੀਤ ਸਿੰਘ,
ਕੈਨੇਡਾ ਤੋਂ ਸੰਸਦ ਮੈਂਬਰ
ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਰੋਜ਼ੀ-ਰੋਟੀ ‘ਤੇ ਸੰਕਟ ਦੇਖ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਭਾਰਤ ਸਰਕਾਰ ਦਮਨ ਕਰ ਰਹੀ ਹੈ। ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾਰਾਂ ਦੀ ਬਜਾਏ ਕਿਸਾਨਾਂ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ।
-ਜੈਕ ਹੈਰਿਸ, ਸੰਸਦ ਮੈਂਬਰ,
ਸੇਂਟ ਜੋਨ ਈਸਟ
ਮੈਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ। ਹਰ ਕਿਸੇ ਨੂੰ ਹਿੰਸਾ ਦੇ ਡਰ ਤੋਂ ਬਿਨਾ ਲੋਕਤੰਤਰਿਕ ਅਧਿਕਾਰਾਂ ਦਾ ਪ੍ਰਯੋਗ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
-ਐਂਡ੍ਰਿਊ ਹਾਰਵਰਥ,
ਉਨਟਾਰੀਓ ਦੀ ਵਿਰੋਧੀ ਧਿਰ ਦੀ ਨੇਤਾ
ਮੈਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨ ਦਾ ਵਿਰੋਧ ਕਰਦੀ ਹਾਂ। ਪੰਜਾਬ ਦੇ ਕਿਸਾਨ ਦੀ ਪੋਤੀ ਹੋਣ ਦੇ ਨਾਤੇ ਮੈਂ ਕਿਸਾਨਾਂ ਨਾਲ ਖੜ੍ਹੀ ਹਾਂ, ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਖਿਲਾਫਤ ਕਰ ਰਹੇ ਹਨ।
-ਸਾਰਾ ਸਿੰਘ,
ਬਰੈਂਪਟਨ ਸੈਂਟਰ ਤੋਂ ਐਮਪੀਪੀ

RELATED ARTICLES
POPULAR POSTS