ਖੇਤਾਂ-ਘਰਾਂ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਮੁੜਿਓ, ਲੋੜ ਪਈ ਤਾਂ ਸਾਨੂੰ ਵੀ ਬੁਲਾ ਲਿਓ
ਪੰਜਾਬ ਦੇ ਪਿੰਡਾਂ ਤੋਂ ਰਿਪੋਰਟ
ਖੇਤਾਂ ਤੇ ਘਰ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਹੀ ਘਰ ਮੁੜਿਓ। ਖੇਤਾਂ ਤੇ ਪਸ਼ੂਆਂ ਨੂੰ ਅਸੀਂ ਦੇਖ ਲਵਾਂਗੇ, ਤੁਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਮੁੜਿਓ। ਲੋੜ ਪਈ ਤਾਂ ਸਾਨੂੰ ਵੀ ਦਿੱਲੀ ਬੁਲਾ ਲਿਓ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਿੱਥੇ ਕਿਸਾਨ ਦਿੱਲੀ ਦੀ ਸਰਹੱਦ ‘ਤੇ ਡਟੇ ਹੋਏ ਹਨ ਉਥੇ ਹੀ ਉਨ੍ਹਾਂ ਦੀ ਗੈਰਮੌਜੂਦਗੀ ‘ਚ ਮਹਿਲਾ ਕਿਸਾਨਾਂ ਨੇ ਜ਼ਿਲ੍ਹੇ ਦੇ ਧਰਨਿਆਂ ਦੇ ਨਾਲ-ਨਾਲ ਖੇਤਾਂ ਦੇ ਕੰਮਕਾਜ ਦੀ ਕਮਾਂਡ ਵੀ ਸੰਭਾਲ ਲਈ ਹੈ। ਹਾਲਾਂਕਿ ਕਈ ਪਰਿਵਾਰਾਂ ‘ਚ ਇਕ-ਇਕ ਪੁਰਸ਼ ਕਿਸਾਨ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਮਹਿਲਾਵਾਂ ਮੋਢੇ ਨਾਲ ਮੋਢਾ ਜੋੜ ਕੇ ਖੇਤਾਂ ‘ਚ ਵੀ ਕੰਮ ਦੇਖ ਰਹੀਆਂ ਹਨ। ਮੈਨਪਾਵਰ ਦੀ ਘਾਟ ਮਹਿਸੂਸ ਨਾ ਹੋਵੇ ਇਸ ਲਈ ਵੁਮੈਨ ਪਾਵਰ ਇਸਤੇਮਾਲ ਕੀਤੀ ਜਾ ਰਹੀ ਹੈ। ਕਿਸਾਨ ਕਿਸੇ ਵੀ ਹਾਲਤ ‘ਚ ਦਿੱਲੀ ਮੋਰਚੇ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੇ। ਅਜਿਹੇ ‘ਚ ਦਿੱਲੀ ਟੀਕਰੀ ਬਾਰਡਰ ਅਤੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਤੋਂ ਵੀ ਲਗਾਤਾਰ ਕਿਸਾਨਾਂ ਦਾ ਦਿੱਲੀ ਦੇ ਲਈ ਕੂਚ ਜਾਰੀ ਹੈ। ਉਥੇ ਹੀ ਮਹਿਲਾਵਾਂ ਨੇ ਪੂਰਾ ਕੰਮਕਾਰ ਸੰਭਾਲ ਰੱਖਿਆ ਹੈ। ਕਈ ਪਿੰਡਾਂ ‘ਚ ਤਾਂ ਮਹਿਲਾਵਾਂ ਖੇਤਾਂ ਦਾ ਕੰਮ ਵੀ ਦੇਖ ਰਹੀਆਂ ਹਨ। ਮਹਿਲਾਵਾਂ ਖੇਤਾਂ ‘ਚੋਂ ਪਸ਼ੂਆਂ ਦੇ ਲਈ ਚਾਰਾ ਲਿਆ ਰਹੀਆਂ ਹਨ। ਖੇਤਾਂ ‘ਚ ਜ਼ਮੀਨ ਦੀ ਨਿਗਰਾਨੀ ਕਰ ਰਹੀਆਂ ਹਨ। ਜ਼ਰੂਰਤ ਪੈਣ ‘ਤੇ ਫਸਲਾਂ ਨੂੰ ਖਾਦ ਅਤੇ ਪਾਣੀ ਵੀ ਲਗਾ ਰਹੀਆਂ ਹਨ।
ਮਰਦਾਂ ਦੇ ਬਰਾਬਰ ਬੀਬੀਆਂ : ਹਫ਼ਤੇ ‘ਚ ਦੋ ਦਿਨ ਆਪਣੇ ਖੇਤਾਂ ‘ਚ ਅਤੇ ਬਾਕੀ ਦਿਨ ਜ਼ਿਲ੍ਹਿਆਂ ‘ਚ ਚੱਲ ਰਹੇ ਧਰਨਿਆਂ ‘ਚ ਪਹੁੰਚ ਰਹੀਆਂ ਬੀਬੀਆਂ
ਸਵੇਰੇ ਚੁੱਲ੍ਹਾ ਚੌਂਕਾ ਅਤੇ ਖੇਤਾਂ ਦਾ ਕੰਮ,10 ਵਜੇ ਤੋਂ ਬਾਅਦ ਧਰਨੇ ‘ਚ
ਸੰਗਰੂਰ : ਬੀਬੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਤੋਂ ਪਤੀ-ਪੁੱਤਰ ਅਤੇ ਮਾਵਾਂ ਦਿੱਲੀ ਗਈਆਂ ਹਨ। ਅਸੀਂ ਤਹਿ ਕੀਤਾ ਹੈ ਕਿ ਹਫ਼ਤੇ ‘ਚ ਦੋ ਦਿਨ ਖੇਤ ‘ਚ ਕੰਮ ਕਰਾਂਗੀਆਂ ਬਾਕੀ ਦਿਨ ਸਵੇਰੇ ਜਲਦੀ ਉਠ ਕੇ ਚੁੱਲ੍ਹਾ-ਚੌਂਕਾ ਅਤੇ ਖੇਤਾਂ ਦਾ ਕੰਮ ਕਰਾਂਗੀਆਂ। ਸਵੇਰੇ 10 ਵਜੇ ਤੋਂ ਪਹਿਲਾਂ ਆਸ-ਪਾਸ ਦੇ ਧਰਨਿਆਂ ‘ਚ ਵੀ ਬੀਬੀਆਂ ਸ਼ਾਮਲ ਹੁੰਦੀਆਂ ਹਨ। ਜਿੰਨੀ ਤਾਕਤ ਪੁਰਸ਼ਾਂ ਨੇ ਲਗਾ ਰੱਖੀ ਹੈ ਉਨੀ ਹੀ ਮਹਿਲਾਵਾਂ ਵੀ ਹਿੱਸੇਦਾਰੀ ਦਿਖਾ ਰਹੀਆਂ ਹਨ।
ਪਤੀ-ਬੱਚੇ ਸਭ ਸੰਘਰਸ਼ ਵਿਚ ਸ਼ਾਮਲ, ਧਰਨਿਆਂ ‘ਚ ਵੀ ਜਾਂਦੀਆਂ ਹਨ ਤੇ ਖੇਤ ਵੀ ਸੰਭਾਲ ਰਹੀਆਂ ਨੇ ਬੀਬੀਆਂ
ਪਟਿਆਲਾ/ਪਾਤੜਾਂ : ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਪਾਤੜਾਂ ਦੇ ਪਿੰਡ ਬਨਵਾਲਾ ਦੀ ਗੁਰਮੇਲ ਕੌਰ ਨੇ ਦੱਸਿਆ ਕਿ ਕਣਕ ਦੀ ਫਸਲ ਦਾ ਸਮਾਂ ਹੈ। ਜੇਕਰ ਸਮੇਂ ‘ਤੇ ਖਾਦ ਅਤੇ ਪਾਣੀ ਨਾ ਦਿੱਤਾ ਗਿਆ ਤਾਂ ਫਸਲ ਖਰਾਬ ਹੋਣ ਦਾ ਖਤਰਾ ਹੈ। ਕਿਉਂਕਿ ਦਿੱਲੀ ‘ਚ ਕਿਸਾਨ ਅੰਦੋਲਨ ਕਦੋਂ ਖਤਮ ਹੋਵੇਗਾ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਲਈ ਅਸੀਂ ਪਿੰਡ ਦੀ ਸਾਰੀਆਂ ਮਹਿਲਾਵਾਂ ਨੇ ਖੇਤਾਂ ‘ਚ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਕਹਿ ਕੇ ਭੇਜਿਆ ਹੈ੩… ਖੇਤਾਂ ‘ਚ ਖਾਦ-ਪਾਣੀ ਸਭ ਦਿਆਂਗੀਆਂ ਪਰ ਜਿੱਤ ਕੇ ਮੁੜਿਓ
ਫਾਜਿਲਕਾ : ਪਿੰਡ ਬੇਗਾਂਵਾਲੀ ਦੇ ਕਿਸਾਨ ਆਗੂ ਅਸ਼ਵਨੀ ਕੁਮਾਰ ਦੀ ਧਰਮਪਤਨੀ ਕਮਲਾ ਦੇਵੀ ਨੇ ਕਿਹਾ ਕਿ ਚਾਹੇ ਖਾਲ਼ ਦੀ ਸਫਾਈ ਹੋਵੇ ਜਾਂ ਖੇਤਾਂ ‘ਚ ਖਾਦ ਪਾਉਣ ਜਾਂ ਸਪਰੇ ਕਰਨ ਦਾ ਕੰਮ ਹੋਵੇ, ਚਾਹੇ ਪਸ਼ੂਆਂ ਲਈ ਚਾਰਾ ਕੱਟ ਕੇ ਪਸ਼ੂਆਂ ਨੂੰ ਪਾਉਣ ਦਾ ਕੰਮ ਆਦਿ ਉਹ ਬਾਖੂਬੀ ਇਹ ਸਾਰੇ ਕੰਮ ਸੰਭਾਲ ਰਹੀਆਂ ਹਨ। ਉਹ ਪਿੰਡ ਦੀ ਇਕੱਲੀ ਅਜਿਹੀ ਮਹਿਲਾ ਨਹੀਂ ਹੈ, ਬਲਕਿ ਮਹਿਲਾ ਚੰਦੋ ਦੇਵੀ, ਦੁਰਗੀ ਦੇਵੀ, ਪਾਰਵਤੀ ਦੇਵੀ ਵੀ ਸ਼ਾਮਿਲ ਹਨ।
ਚਾਰਾ ਕੱਟਣਾ ਹੋਵੇ ਜਾਂ ਖਾਦ ਪਾਉਣੀ ਹੋਵੇ, ਸਭ ਕੁੱਝ ਕਰ ਲੈਂਦੀਆਂ ਹਾਂ.. . ਬਹੂਆਂ ਵੀ ਦੇ ਰਹੀਆਂ ਨੇ ਸਾਥ
ਮੋਗਾ : ਪਿੰਡ ਘੱਲ੍ਹ ਕਲਾਂ ਦੀ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਘਰ ਦੇ ਸਾਰੇ ਮਰਦ ਦਿੱਲੀ ਗਏ ਹੋਏ ਹਨ। ਉਹ ਮੋਗਾ ਜ਼ਿਲ੍ਹੇ ‘ਚ ਡਗਰੂ ‘ਚ ਲੱਗੇ ਧਰਨੇ ‘ਚ ਸ਼ਾਮਲ ਵੀ ਹੁੰਦੀ ਹੈ। ਖੇਤਾਂ ਦੇ ਕੰਮ ‘ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਪਿੰਡ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਨੌਕਰ ਦੀ ਪਤਨੀ ਦੀ ਮਦਦ ਨਾਲ ਉਹ ਖੁਦ ਖੇਤਾਂ ‘ਚ ਜ਼ਰੂਰੀ ਕੰਮ ਕਰ ਲੈਂਦੀ ਹੈ। ਖੇਤਾਂ ‘ਚੋਂ ਚਾਰਾ ਕੱਟ ਕੇ ਟਰਾਲੀ ‘ਤੇ ਘਰ ਲਿਆਉਂਦੀ ਹਾਂ ਅਤੇ ਮੇਰੀਆਂ ਦੋਵੇਂ ਬਹੂਆਂ ਵੀ ਮੇਰੀ ਮਦਦ ਕਰ ਦਿੰਦੀਆਂ ਹਨ।
Home / ਹਫ਼ਤਾਵਾਰੀ ਫੇਰੀ / ਦਿੱਲੀ ਬਾਰਡਰ ‘ਤੇ ਪਤੀ, ਬੇਟੇ ਅਤੇ ਮਾਵਾਂ ਡਟੀਆਂ, ਪੰਜਾਬ ‘ਚ ਖੇਤਾਂ ਦੀ ਕਮਾਂਡ ਬੇਟੀਆਂ -ਬਹੂਆਂ ਨੇ ਸੰਭਾਲੀ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …