Breaking News
Home / ਮੁੱਖ ਲੇਖ / ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਰੌਚਕ ਤੇ ਉਸਾਰੂ ਪੱਖ

ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਰੌਚਕ ਤੇ ਉਸਾਰੂ ਪੱਖ

ਡਾ. ਸੁਖਦੇਵ ਸਿੰਘ ਝੰਡ
ਫ਼ੋਨ : 647-567-9128
ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਕਿਸਾਨੀ-ਅੰਦੋਲਨ ਅੱਜਕੱਲ੍ਹ ਚਰਮ ਸੀਮਾ ‘ਤੇ ਹੈ। ਪਿਛਲੇ ਦੋ ਮਹੀਨਿਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਕਿਸਾਨ ਆਗੂਆਂ ਵੱਲੋਂ 26 ਤੇ 27 ਨਵੰਬਰ ਨੂੰ ‘ਦਿੱਲੀ-ਚੱਲੋ’ ਦਿੱਤੀ ਗਈ ‘ਕਾਲ’ ਤੋਂ ਦੋ ਦਿਨ ਪਹਿਲਾਂ ਹੀ ਨੂੰ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਨਾਲ ਹੁਣ ਫ਼ੈਸਲਾਕੁੰਨ ਦੌਰ ਵਿਚ ਦਾਖ਼ਲ ਹੋ ਗਿਆ ਹੈ। ਉਹ ਲੱਖਾਂ ਦੀ ਗਿਣਤੀ ਵਿਚ ਆਪਣੇ ਟਰੈਕਟਰਾਂ-ਟਰਾਲੀਆਂ ਨੂੰ ਚੱਲਦੇ-ਫਿਰਦੇ ਆਰਜ਼ੀ ਘਰਾਂ ਦੇ ਰੂਪ ਵਿਚ ਬਦਲ ਕੇ ਚਾਰ-ਚਾਰ, ਪੰਜ-ਪੰਜ ਮਹੀਨਿਆਂ ਦਾ ਰਾਸ਼ਨ-ਪਾਣੀ ਲੈ ਕੇ ਇਕ-ਦੋ ਦਿਨ ਪਹਿਲਾਂ ਹੀ ਦਿੱਲੀ ਵੱਲ ਨੂੰ ਚੱਲ ਪਏ। ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਨ੍ਹਾਂ ਨੂੰ ਰਾਹ ਵਿਚ ਕਈ ਰੁਕਾਵਟਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਅੰਦੋਲਨ ਨੂੰ ਜਾਰੀ ਰੱਖਣ ਲਈ ਪਤਾ ਨਹੀਂ ਉੱਥੇ ਕਿੰਨੇ ਦਿਨ, ਹਫ਼ਤੇ ਜਾਂ ਮਹੀਨੇ ਦਿੱਲੀ ਰਹਿਣਾ ਪੈ ਸਕਦਾ ਹੈ।
… ਤੇ ਇਹ ਹੋਇਆ ਵੀ ਇੰਜ ਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੋਂ ਹਰਿਆਣੇ ਵੱਲ ਨੂੰ ਜਾਣ ਵਾਲੇ ਵਾਲੇ ਵੱਖ-ਵੱਖ ਸੜਕ ਰੂਟਾਂ ਉੱਪਰ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਵੱਲੋਂ ਪੰਜਾਬ-ਹਰਿਆਣਾ ਸਰਹੱਦ ‘ਤੇ ਸ਼ੰਭੂ ਬਾਰਡਰ, ਖਨੌਰੀ ਬਾਰਡਰ, ਡੱਬਵਾਲੀ, ਗੂਹਲਾ-ਚੀਕਾ ਅਤੇ ਹੋਰ ਕਈ ਥਾਵਾਂ ‘ਤੇ ਲਗਾਈਆਂ ਗਈਆਂ ਰੋਕਾਂ ਤੇ ਵੱਡੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਭਾਰੀ ਸੰਗਲਾਂ ਨਾਲ ਬੰਨ੍ਹੇ ਹੋਏ ਕੰਕਰੀਟ ਦੇ ਵੱਡੇ-ਵੱਡੇ ਪੱਥਰ, ਮਿੱਟੀ ਦੇ ਉੱਚੇ-ਉੱਚੇ ਢੇਰ, ਤਿੱਖੀ ਕੰਡਿਆਲੀ-ਤਾਰ, ਨੈਸ਼ਨਲ-ਹਾਈਵੇਜ਼ ਉੱਪਰ ਜੇ.ਸੀ.ਬੀ. ਮਸ਼ੀਨਾਂ ਨਾਲ ਪੁੱਟੀਆਂ ਗਈਆਂ 20-25 ਫੁੱਟ ਡੂੰਘੀਆਂ ਖਾਈਆਂ, ਉਨ੍ਹਾਂ ਦੇ ਅੱਗੇ ਖੜ੍ਹੇ ਕੀਤੇ ਗਏ ਮਿੱਟੀ ਢੋਣ ਵਾਲੇ ਵੱਡੇ-ਵੱਡੇ ਟਿੱਪਰ ਟਰੱਕ, ਪਾਣੀ ਵਾਲੀਆਂ ਤੋਪਾਂ, ਅੱਥਰੂ-ਗੈਸ ਵਾਲੀਆਂ ਗੱਡੀਆਂ ਅਤੇ ਵੱਡੀ ਗਿਣਤੀ ਵਿਚ ਹਰਿਆਣਾ ਪੁਲਿਸ ਤੇ ਅਰਧ-ਫ਼ੌਜੀ ਦਲਾਂ ਦੇ ਜਵਾਨ ਸ਼ਾਮਲ ਸਨ। ਕਿਸਾਨਾਂ ਨੇ ਆਪਣੀ ਏਕਤਾ ਦੇ ਬਲ ਨਾਲ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਪਲਾਂ ‘ਚ ਹੀ ਦੂਰ ਕੀਤਾ ਅਤੇ ਆਪਣੀ ਮੰਜ਼ਲ ਦਿੱਲੀ ਵੱਲ ਅੱਗੇ ਵਧਦੇ ਗਏ।
ਇਸ ਅੰਦੋਲਨ ਵਿਚ ਬਹੁਤ ਸਾਰੇ ਰੌਚਕ ਅਤੇ ਉਸਾਰੂ-ਪੱਖ ਵੇਖਣ ਵਿਚ ਆਏ ਹਨ, ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਸਭ ਤੋਂ ਅਹਿਮ ਪਹਿਲੂ ਤਾਂ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਵਿਚ ਏਕਤਾ ਦੇ ਰੂਪ ਵਿਚ ਵੇਖਣ ਵਿਚ ਮਿਲਿਆ ਹੈ। ਪੰਜਾਬ ਦੇ ਕਿਸਾਨ ਜਦੋਂ ਹਰਿਆਣੇ ਦੀਆਂ ਹੱਦਾਂ ‘ਤੇ ਵੱਖ-ਵੱਖ ਥਾਵਾਂ ‘ਤੇ ਪਹੁੰਚੇ ਤਾਂ ਰਸਤਿਆਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹਰਿਆਣੇ ਦੇ ਕਿਸਾਨਾਂ ਨੇ ਪੰਜਾਬੀ ਕਿਸਾਨਾਂ ਨਾਲ ਮਿਲ ਕੇ ਹੰਭਲਾ ਮਾਰਿਆ। ਉਨ੍ਹਾਂ ਨੇ ਇਕੱਠੇ ਹੋ ਕੇ ਹੱਥੀਂ ਜ਼ੋਰ ਲਗਾ ਕੇ ਉਨ੍ਹਾਂ ਰੁਕਾਵਟਾਂ ਨੂੰ ਰਸਤਿਆਂ ਵਿੱਚੋਂ ਹਟਾਇਆ। ਉਹ ਆਪਣੇ ਪਿੰਡਾਂ ਤੋਂ ਕਹੀਆਂ, ਵੱਡੇ-ਵੱਡੇ ਹਥੌੜੇ (ਵਦਾਨ) ਅਤੇ ਟਰੈਕਟਰਾਂ ਪਿੱਛੇ ਕਰਾਹੇ ਪਾ ਕੇ ਲੈ ਆਏ ਅਤੇ ਰਲ਼-ਮਿਲ਼ ਕੇ ਉਨ੍ਹਾਂ ਵਦਾਨਾਂ ਨਾਲ ਵੱਡੇ ਪੱਥਰਾਂ ਨੂੰ ਮਾਰੇ ਹੋਏ ਸੰਗਲ ਤੋੜੇ ਅਤੇ ਮਿੱਟੀ ਦੇ ਢੇਰਾਂ ਨੂੰ ਪੱਧਰਾ ਕਰਕੇ ਟਰੈਕਟਰਾਂ-ਟਰਾਲੀਆਂ ਦੇ ਲੰਘਣ ਲਈ ਰਸਤੇ ਬਣਾਏ। ਹਰਿਆਣੇ ਵਿਚ ਹਰਿਆਣਾ-ਵਾਸੀਆਂ ਨੇ ਥਾਂ-ਥਾਂ ਲੰਗਰ ਲਾਏ ਗਏ ਅਤੇ ਪੰਜਾਬੀ ਕਿਸਾਨਾਂ ਨੂੰ ਲੰਗਰ ਤੇ ਫ਼ਲ-ਫਰੂਟ ਛਕਾਇਆ ਗਿਆ। ਇੱਥੋਂ ਤੱਕ ਕੇ ਕਿਸਾਨਾਂ ਉੱਪਰ ਠੰਢੇ ਅਤੇ ਗੰਦੇ ਪਾਣੀ ਦੀਆਂ ਬੌਛਾਰਾਂ ਸੁੱਟਣ ਵਾਲੇ ਅਤੇ ਅੱਥਰੂ-ਗੈਸ ਦੇ ਗੋਲੇ ਚਲਾਉਣ ਵਾਲੇ ਪੁਲਿਸ-ਕਰਮਚਾਰੀਆਂ ਨੂੰ ਵੀ ਇਹ ਲੰਗਰ ਛਕਾਇਆ।
ਇਸ ਅੰਦੋਲਨ ਦੀ ਵਿਲੱਖਣਤਾ ਹੈ ਕਿ ਇਸ ਵਿਚ ਪੰਜਾਬ ਅਤੇ ਹਰਿਆਣੇ ਦੇ ਕਿਸਾਨ ”ਵੱਡੇ-ਭਰਾ” ਤੇ ”ਛੋਟੇ ਭਰਾ” ਦੇ ਰੂਪ ਵਿਚ ਸਾਂਝੇ ਤੌਰ ‘ਤੇ ਵਿਚਰ ਰਹੇ ਹਨ ਅਤੇ ਇਹ 1 ਨਵੰਬਰ 1966 ਨੂੰ ਹਰਿਆਣਾ ਬਣਨ ਤੋਂ ਬਾਅਦ ਪਹਿਲੀ ਵਾਰ ਹੀ ਵੇਖਣ ਵਿਚ ਆਇਆ ਹੈ। ਇਸ ਤੋਂ ਪਹਿਲਾਂ ਤਾਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ‘ਸਤਲੁਜ-ਯਮਨਾ ਲਿੰਕ ਨਹਿਰ’ ਅਤੇ ਪਾਣੀ ਦੀ ਵੰਡ ਹੋਰ ਮਸਲਿਆਂ ਵਿਚ ਹੀ ਉਲਝਾਈ ਰੱਖਿਆ ਹੈ। ਦਿੱਲੀ ਦੇ ਨੇੜਲੇ ਹਰਿਆਣੇ ਦੇ ਪਿੰਡਾਂ ਵਿੱਚੋਂ ਦੁੱਧ, ਲੱਸੀ ਅਤੇ ਲੰਗਰ ਤਿਆਰ ਹੋ ਕੇ ਦਿੱਲੀ ਅਤੇ ਹਰਿਆਣੇ ਦੇ ਸਿੰਘੂ, ਕੁੰਡਲੀ ਤੇ ਟਿੱਕਰੀ ਬਾਰਡਰਾਂ ਉੱਪਰ ਅਣਮਿੱਥੇ ਸਮੇਂ ਲਈ ਧਰਨਾ ਦੇ ਰਹੇ ਪੰਜਾਬ ਅਤੇ ਕਿਸਾਨਾਂ ਲਈ ਧੜਾ-ਧੜ ਆ ਰਹੇ ਹਨ। ਭਾਵੇਂ ਕਿਸਾਨਾਂ ਨੇ ਪਹਿਲਾਂ ਹੀ ਆਪਣੇ ਕੋਲ ਕਈ ਮਹੀਨਿਆਂ ਦੇ ਲਈ ਰੋਟੀ-ਪਾਣੀ ਦਾ ਪੂਰਾ ‘ਜੁਗਾੜ’ ਕੀਤਾ ਹੋਇਆ ਹੈ ਤੇ ਉਹ ਸਵੇਰ ਵੇਲੇ ਆਲੂ-ਗੋਭੀ ਵਾਲੇ ਪਰੌਂਠੇ ਖ਼ੁਦ ਬਣਾ ਕੇ ਛਕ ਰਹੇ ਹਨ। ਕਈਆਂ ਨੇ ਰੋਟੀ ਤੇ ਦਾਲ-ਸਬਜੀ ਬਣਾਉਣ ਲਈ ਆਪਣੇ ਨਾਲ ਹਲਵਾਈ ਵੀ ਲਿਆਂਦੇ ਹਨ, ਪਰ ਫਿਰ ਵੀ ਹਰਿਆਣੇ ਅਤੇ ਦਿੱਲੀ-ਵਾਸੀਆਂ ਵੱਲੋਂ ਲਗਾਤਾਰ ਆ ਰਿਹਾ ਲੰਗਰ ਉਨ੍ਹਾਂ ਦੀ ਵੱਡੀ ਹੌਸਲਾ-ਅਫ਼ਜ਼ਾਈ ਕਰ ਰਿਹਾ ਹੈ। ਦਿੱਲੀ ਦੇ ਮੁਸਲਿਮ ਭਾਈਚਾਰੇ ਵੱਲੋਂ ਵੀ ਲੰਗਰ ਤਿਆਰ ਕਰਕੇ ਲਿਆਂਦਾ ਜਾ ਰਿਹਾ ਹੈ। ਅੰਤਰ-ਰਾਸ਼ਟਰੀ ਜਥੇਬੰਦੀ ‘ਖਾਲਸਾ-ਏਡ’ ਅਤੇ ਹੋਰ ਸਮਾਜ-ਸੇਵੀ ਜੱਥੇਬੰਦੀਆਂ ਵੱਲੋਂ ਵੀ ਲੰਗਰ ਲਾਏ ਹੋਏ ਹਨ। ਕਈ ਗੁਰਦੁਆਰਾ ਸਾਹਿਬਾਨ ਤੋਂ ਵੀ ਲੰਗਰ ਆ ਰਿਹਾ ਹੈ। ‘ਯੂਨਾਈਟਿਡ ਸਿੱਖਸ’ ਨਾਂ ਦੀ ਜੱਥੇਬੰਦੀ ਵੱਲੋਂ ਕਿਸਾਨਾਂ ਲਈ ਦਵਾਈਆਂ ਅਤੇ ਮੱਰ੍ਹਮ-ਪੱਟੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਐਮਰਜੈਂਸੀ ਹਾਲਤ ਨੂੰ ਸਾਂਭਣ ਲਈ ਇਕ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।
ਇਸ ਦੇ ਨਾਲ਼ ਹੀ ਸੜਕਾਂ ਦੇ ਦੋਹੀਂ ਪਾਸੀਂ ਘਰਾਂ ਦੇ ਹਰਿਆਣਾ-ਨਿਵਾਸੀਆਂ ਨੇ ਆਪਣੇ ਘਰਾਂ ਦੇ ਬੂਹੇ ਇਨ੍ਹਾਂ ਕਿਸਾਨ ਧਰਨਾਕਾਰੀਆਂ ਲਈ ਖੋਲ੍ਹ ਦਿੱਤੇ ਹਨ। ਉਹ ਸਵੇਰੇ ਇਸ਼ਨਾਨ-ਪਾਣੀ ਲਈ ਉੱਥੇ ਉਨ੍ਹਾਂ ਦੇ ਬਾਥ-ਰੂਮ ਵੀ ਵਰਤ ਰਹੇ ਹਨ ਅਤੇ ਉਨ੍ਹਾਂ ਦੇ ਘਰਾਂ ਵਿਚ ਸਵੇਰੇ ਬੜੀ ਸ਼ਰਧਾ ਤੇ ਪਿਆਰ ਨਾਲ ਉਨ੍ਹਾਂ ਵੱਲੋਂ ਬਣਾਇਆ ਗਿਆ ਚਾਹ-ਪਾਣੀ ਵੀ ਪੀਂਦੇ ਹਨ। ਕਈਆਂ ਨੇ ਤਾਂ ਆਪਣੇ ਘਰਾਂ ਦੇ ਸਾਹਮਣੇ ਵੀ ਚਾਹ-ਪਾਣੀ ਅਤੇ ਬਰੈੱਡ-ਪਕੌੜਿਆਂ, ਆਦਿ ਦੇ ਲੰਗਰ ਵੀ ਲਾਏ ਹੋਏ ਹਨ। ਕਈ ਕਿਸਾਨਾਂ ਲਈ ਕੰਬਲਾਂ ਦੇ ਵੱਡੇ-ਵੱਡੇ ਬੰਡਲ ਲੈ ਕੇ ਆ ਰਹੇ ਹਨ। ਕਈ ਹੋਟਲਾਂ ਦੇ ਮਾਲਕਾਂ ਨੇ ਇਸ ਕਿਸਾਨੀ ਧਰਨੇ ਵਿਚ ਸ਼ਾਮਲ ਔਰਤਾਂ ਦੇ ਰਾਤ ਰਹਿਣ ਲਈ ਆਪਣੇ ਹੋਟਲਾਂ ਦੇ ਕਮਰੇ ਫ਼ਰੀ ਖੋਲ੍ਹ ਦਿੱਤੇ ਹਨ। ਉਹ ਸਵੇਰੇ ਕਿਸਾਨ-ਧਰਨਿਆਂ ਵਿਚ ਸ਼ਾਮਲ ਹੁੰਦੀਆਂ ਹਨ ਅਤੇ ਰਾਤ ਨੂੰ ਇੱਥੇ ਆਰਾਮ ਕਰਦੀਆਂ ਹਨ। ਇਕ ਪੈਟਰੋਲ-ਪੰਪ ਦੇ ਮਾਲਕ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਧਰਨਿਆਂ ਵਿਚ ਸ਼ਾਮਲ ਕਿਸਾਨ ਉਸ ਦੇ ਪੈਟਰੋਲ-ਪੰਪ ਤੋਂ ਡੀਜ਼ਲ ਦੀਆਂ ਟੈਂਕੀਆਂ ਮੁਫ਼ਤ ਫੁੱਲ ਕਰਵਾਉਣ। ਧਰਨੇ ਵਿਚ ਸ਼ਾਮਲ ਇਕ ਨੌਜਵਾਨ ਦੱਸ ਰਿਹਾ ਸੀ ਕਿ ਉਸ ਦੇ ਫ਼ੋਨ ਦਾ ਚਾਰਜਰ ਖ਼ਰਾਬ ਹੋ ਗਿਆ ਅਤੇ ਉਹ ਜਦੋਂ ਨਵਾਂ ਫ਼ੋਨ-ਚਾਰਜਰ ਲੈਣ ਲਈ ਇਕ ਦੁਕਾਨ ‘ਤੇ ਗਿਆ ਤਾਂ ਦੁਕਾਨਦਾਰ ਨੇ ਉਸ ਨੂੰ ਫ਼ੋਨ-ਚਾਰਜਰ ਦਿੰਦਿਆਂ ਹੋਇਆਂ ਉਸ ਦੀ ਕੀਮਤ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਨੂੰ ਉਸ ਦੇ ਵੱਲੋਂ ਇਸ ਅੰਦੋਲਨ ਵਿਚ ਪਾਇਆ ਗਿਆ ‘ਯੋਗਦਾਨ’ ਹੀ ਸਮਝਿਆ ਜਾਵੇ।
ਪੰਜਾਬ ਅਤੇ ਹਰਿਆਣੇ ਦੇ ਕਿਸਾਨ ਤਾਂ ਇਸ ਅੰਦੋਲਨ ਵਿਚ ਇਕੱਠੇ ਹੋਏ ਹੀ ਹਨ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਵੀ ਉਨ੍ਹਾਂ ਦੇ ਨਾਲ ਆ ਰਲ਼ੇ ਹਨ। ਇਹ ਵੱਖਰੀ ਗੱਲ ਹੈ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵੱਲੋਂ ਆਉਣ ਵਾਲੇ ਕਿਸਾਨਾਂ ਨੂੰ ਦਿੱਲੀ ਦੇ ਉੱਤਰ ਵਾਲੇ ਪਾਸੇ ਬਾਈਪਾਸ ਦੇ ਬਾਹਰਵਾਰ ਹੀ ‘ਬੁਰਾੜੀ’ ਦੇ ਖੁੱਲ੍ਹੇ ਮੈਦਾਨ, ਜਿਸ ਨੂੰ ਕਿਸਾਨਾਂ ਵੱਲੋਂ ‘ਖੁੱਲ੍ਹੀ-ਜੇਲ੍ਹ’ ਦਾ ਨਾਂ ਦਿੱਤਾ ਗਿਆ ਹੈ, ਵਿਚ ਜਬਰਦਸਤੀ ਡੱਕ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਓਧਰ ਹਰਿਆਣੇ ਦਾ ਮੁੱਖ-ਮੰਤਰੀ ਮਨੋਰਹ ਲਾਲ ਖੱਟਰ ਕਹਿ ਰਿਹਾ ਹੈ ਕਿ ਇਸ ਅੰਦੋਲਨ ਵਿਚ ਕੇਵਲ ਪੰਜਾਬ ਦੇ ਕਿਸਾਨ ਹੀ ਕਾਂਗਰਸ ਪਾਰਟੀ ਤੇ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ‘ਤੇ ਆਏ ਹਨ। ਅਤੇ ਇਨ੍ਹਾਂ ਵਿਚ ਹਰਿਆਣੇ ਦਾ ਕੋਈ ਵੀ ਕਿਸਾਨ ਸ਼ਾਮਲ ਨਹੀਂ ਹੈ। ਪਰ ਉਸ ਦੇ ਇਨ੍ਹਾਂ ਬੋਲਾਂ ਨੂੰ ਹਰਿਆਣੇ ਦੇ ਕਿਸਾਨ ਵੱਖ-ਵੱਖ ਟੀ.ਵੀ. ਪੱਤਰਕਾਰਾਂ ਨੂੰ ਆਪਣੇ ਆਧਾਰ-ਕਾਰਡ ਵਿਖਾ-ਵਿਖਾ ਕੇ ਝੂਠਾ ਸਾਬਤ ਕਰ ਰਹੇ ਹਨ।
ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣੇ ਦੇ ਮੁੱਖ-ਮੰਤਰੀਆਂ ਦੀ ਆਪਸ ਵਿਚ ਤਕਰਾਰਬਾਜ਼ੀ ਵੀ ਕਾਫ਼ੀ ਚੱਲ ਰਹੀ ਹੈ। ਹਰਿਆਣੇ ਦੇ ਮੁੱਖ-ਮੰਤਰੀ ਖੱਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਫ਼ੋਨ-ਕਾਲਾਂ ਦਾ ਜੁਆਬ ਨਹੀਂ ਦੇ ਰਹੇ। ਕੈਪਟਨ ਸਾਹਿਬ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਜਿਹੀ ਕੋਈ ਕਾਲ ਹੀ ਨਹੀਂ ਮਿਲੀ। ਇਸ ਦੇ ਨਾਲ਼ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਮਨੋਹਰ ਲਾਲ ਖੱਟਰ ਨੇ ਜਿਸ ਤਰ੍ਹਾਂ ਕਈ ਕਿਸਮ ਦੀਆਂ ਰੋਕਾਂ ਲਗਾ ਕੇ ਪੰਜਾਬ ਦੇ ਕਿਸਾਨਾਂ ਨਾਲ ਜਿਹੋ ਜਿਹਾ ਵਿਹਾਰ ਕੀਤਾ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਭਵਿੱਖ ਵਿਚ ਵੀ ਖੱਟਰ ਦੇ ਕਿਸੇ ਫ਼ੋਨ ਦਾ ਜੁਆਬ ਨਹੀਂ ਦੇਣਗੇ। ਖ਼ੈਰ! ਇਹ ਤਾਂ ਇਨ੍ਹਾਂ ਦੀਆਂ ਸਿਆਸੀ ਚਾਲਾਂ ਅਤੇ ਸਿਆਸੀ ਦਮਗ਼ਜ਼ੇ ਹੁੰਦੇ ਹਨ। ਇਨ੍ਹਾਂ ਵੱਲ ਬਹੁਤੀ ਤਵੱਜੌਂ ਦੇਣ ਦੀ ਜ਼ਰੂਰਤ ਨਹੀਂ ਹੈ। ਅਸੀਂ ਕਿਸਾਨੀ ਅੰਦੋਲਨ ਦੀ ਹੀ ਗੱਲ ਕਰਦੇ ਹਾਂ।
ਕਿਸਾਨੀ ਅੰਦੋਲਨ ਦੀ ਤਾਜ਼ਾ ਸਥਿਤੀ ਇਹ ਹੈ ਕਿ ਇਸ ਅੰਦੋਲਨ ਵਿਚ ‘ਫ਼ੌਜਾਂ’ ਦੋਵੇਂ ਪਾਸੇ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ ਕਿਸਾਨੀ ਫ਼ੌਜਾਂ ਅਤੇ ਸਰਕਾਰੀ ਫ਼ੌਜਾਂ।
ਇੱਥੇ ਇਹ ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਮੰਗਾਂ ਵਿਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਵਿਰੁੱਧ ਅਤੇ ਬਿਜਲੀ ਮਹਿੰਗੀ ਕੀਤੇ ਜਾਣ ਸਬੰਧੀ ਜਾਰੀ ਕੀਤੇ ਨਵੇਂ ਬਿਜਲੀ ਆਰਡੀਨੈਂਸ 2020 ਨੂੰ ਕੈਂਸਲ ਕਰਨਾ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਹਰਿਆਣੇ ਤੋਂ ਦਿੱਲੀ ਆਉਂਦਿਆਂ ਰਸਤਿਆਂ ਵਿਚਲੀਆਂ ਰੁਕਾਵਟਾਂ ਨੂੰ ਦੂਰ ਕਰਨ ਸਬੰਧੀ ਕਿਸਾਨਾਂ ਉੱਪਰ ਦਰਜ ਕੀਤੇ ਗਏ ਵੱਖ-ਵੱਖ ਕੇਸ ਵਾਪਸ ਲੈਣਾ ਵੀ ਇਨ੍ਹਾਂ ਮੰਗਾਂ ਵਿਚ ਸ਼ਾਮਲ ਹੈ। ਇਹ ਅੰਦੋਲਨ ਅੱਗੇ ਹੋਰ ਕਿੰਨੇ ਦਿਨ, ਹਫਤੇ ਜਾਂ ਮਹੀਨੇ ਚੱਲੇਗਾ, ਇਸ ਦਾ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਕੇਂਦਰ ਸਰਕਾਰ ਦਾ ਰਵੱਈਆ ਵੀ ਅਜੇ ਕਾਫ਼ੀ ਹਠੀ ਵਿਖਾਈ ਦੇ ਰਿਹਾ। ਓਧਰ ਕਿਸਾਨ ਵੀ ਆਪਣੀ ਹੋਂਦ ਬਚਾਉਣ ਲਈ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਦੂਸਰੇ ਪਾਸੇ ਅੱਠ ਦਿਨਾਂ ਦੇ ਇਸ ਲਗਾਤਾਰ ਸੰਘਰਸ਼ ਤੋਂ ਬਾਅਦ ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਕੇਂਦਰ ਸਰਕਾਰ ਹੁਣ ਬਿਨਾਂ ਸ਼ਰਤ ਗੱਲਬਾਤ ਲਈ ਵੀ ਤਿਆਰ ਹੋ ਗਈ ਹੈ। ਇਹ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਜਾਂ ਇਸ ਤੋਂ ਅਗਲੇ ਦਿਨਾਂ ਵਿਚ ਹੋਣ ਵਾਲੀਆਂ ਮੀਟਿੰਗਾਂ ਵਿਚ ਕੀ ਬਣਦਾ ਹੈ।
ਵੇਖੋ! ਆਉਣ ਵਾਲੇ ਦਿਨਾਂ ਵਿਚ ਇਹ ‘ਊਠ’ ਕਿਸ ਕਰਵਟ ਬੈਠਦਾ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …