-9.2 C
Toronto
Saturday, December 27, 2025
spot_img
Homeਹਫ਼ਤਾਵਾਰੀ ਫੇਰੀਇਕ ਉਹ ਸੀ, ਜਿਸ ਨੇ ਦੁਨੀਆ ਜਿੱਤੀ, ਇਕ ਇਹ 'ਸਿਕੰਦਰ'ਸੀ, ਜਿਸ ਨੇ...

ਇਕ ਉਹ ਸੀ, ਜਿਸ ਨੇ ਦੁਨੀਆ ਜਿੱਤੀ, ਇਕ ਇਹ ‘ਸਿਕੰਦਰ’ਸੀ, ਜਿਸ ਨੇ ਦਿਲ ਜਿੱਤੇ

ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ 60 ਸਾਲ ਦੀ ਉਮਰ ਵਿਚ ਦਿਹਾਂਤ
ਚੰਡੀਗੜ੍ਹ : ਪੰਜਾਬੀ ਸੱਭਿਆਚਾਰ ਦੀ ਦੁਨੀਆ ਨੂੰ ਉਸ ਵੇਲੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਸਰਦੂਲ ਸਿਕੰਦਰ ਕਰੋਨਾ ਕਾਰਨ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਰਦੂਲ ਸਿਕੰਦਰ… ਕੀ ਕਹੀਏ… ਇਕ ਉਹ ਸਿਕੰਦਰ ਸੀ, ਜਿਸ ਨੇ ਜ਼ੋਰ-ਜ਼ੁਲਮ ਨਾਲ ਦੁਨੀਆ ਜਿੱਤੀ ਸੀ। ਇਕ ਇਹ ਵੀ ‘ਸਿਕੰਦਰ’ ਸੀ, ਜਿਸ ਨੇ ਮੁਹੱਬਤ ਦੇ ਸੁਰਾਂ ਨਾਲ ਲੋਕਾਂ ਦੇ ਦਿਲ ਜਿੱਤੇ। ਸਰਦੂਲ ਦੇ ਦੋਸਤ ਤੇ ਗਾਇਕ ਸੁਰਿੰਦਰ ਛਿੰਦਾ ਦਾ ਕਹਿਣਾ ਹੈ ਕਿ ਪਿੰਡ ਵਿਚੋਂ ਉਠ ਕੇ ਪੰਜਾਬ ਅਤੇ ਦੇਸ਼ ਦੁਨੀਆ ਵਿਚ ਨਾਮ ਕਮਾਉਣ ਵਾਲੇ ਇਸ ਸਰਦੂਲ ਸਿਕੰਦਰ ਨੂੰ ਮੈਂ ਉਮਰ ਵਿਚ 6-7 ਸਾਲ ਵੱਡਾ ਹੋਣ ਦਾ ਨਾਤੇ ਛੋਟੇ ਭਰਾ ਅਤੇ ਔਲਾਦ ਵਾਂਗ ਹੀ ਪਿਆਰ ਕਰਦਾ ਸੀ। ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਭਗਵੰਤ ਮਾਨ ਸਣੇ ਸਮੁੱਚੇ ਕਲਾਕਾਰ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਦੂਲ ਸਿਕੰਦਰ ਦੇ ਇਲਾਜ ਲਈ ਹਸਪਤਾਲ ਦਾ 10 ਲੱਖ ਰੁਪਏ ਦਾ ਬਿੱਲ ਵੀ ਪੰਜਾਬ ਸਰਕਾਰ ਦੇਵੇਗੀ।
ਲਾਈਟ ਕਲਾਸੀਕਲ ਦਾ ਅਸਲ ਸਿਕੰਦਰ ਸੀ ਸਰਦੂਲ
ਗਾਇਕੀ ਦੀ ਲਾਈਟ ਕਲਾਸੀਕਲ ਵਿੱਦਿਆ ਵਿਚ ਸਰਦੂਲ ਨੇ ਪੰਜਾਬ ਵਿਚ ਜੋ ਇਤਿਹਾਸ ਰਚਿਆ, ਉਸ ਵਰਗੇ ਗਾਇਕ 100 ਸਾਲ ਵਿਚ ਇਕ ਵਾਰ ਹੀ ਆਉਂਦੇ ਹਨ। ਵਕਤ 1970-80 ਦੇ ਨੇੜੇ ਤੇੜੇ ਦਾ ਸੀ। ਉਸ ਸਮੇਂ ਅਖਾੜੇ ਚੱਲਦੇ ਸਨ। ਮੇਰੀ ਉਮਰ ਵੀ ਉਸ ਸਮੇਂ 20-25 ਸਾਲ ਸੀ। ਮੈਂ ਕਈ ਵਾਰ ਦੇਖਿਆ ਕਿ ਸਰੋਤਿਆਂ ਵਿਚ ਪਹਿਲੀ ਲਾਈਨ ਵਿਚ ਕਾਲੇ ਰੰਗ ਦਾ ਬੱਚਾ ਬੈਠਾ ਹੁੰਦਾ ਸੀ। ਇਕ ਦਿਨ ਮੈਂ ਉਸ ਨੂੰ ਪੁੱਛਿਆ, ਤੁਸੀਂ ਕੌਣ ਹੋ? ਜਵਾਬ ਮਿਲਿਆ – ਮੈਨੂੰ ਤੁਹਾਡਾ ਗੀਤ ਚੰਗਾ ਲੱਗਦਾ ਹੈ। ਮੈਂ ਸਰਦੂਲ ਹਾਂ। ਕਾਫੀ ਦੇਰ ਬਾਅਦ ਅਕਾਸ਼ਬਾਣੀ ਦੇ ਡਿਊਟੀ ਰੂਮ ਵਿਚ ਮੈਂ ਤਿੰਨ ਬੱਚਿਆਂ ਦੇ ਗੀਤਾਂ ਦੀ ਆਵਾਜ਼ ਸੁਣੀ। ਮੈਨੂੰ ਉਨ੍ਹਾਂ ਬੱਚਿਆਂ ਦੀ ਆਵਾਜ਼ ਬਹੁਤ ਸੁਰੀਲੀ ਲੱਗੀ। ਉਹ ਸਰਦੂਲ, ਭਰਪੂਰ ਅਤੇ ਗਮਦੂਰ ਸਨ।
ਗੱਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਉਸਤਾਦ ਸਾਗਰ ਸਮਤਾਨਾ ਹਨ। ਉਹ ਸਾਗਰ ਮਸਤਾਨਾ, ਜਿਨ੍ਹਾਂ ਨੇ ਤਬਲਾ ਹੱਥ ਦੀ ਬਜਾਏ ਚਾਂਟ (ਬਾਂਸ ਦੀ ਪਤਲੀ ਛੜੀ) ਨਾਲ ਵਜਾਉਣਾ ਸ਼ੁਰੂ ਕੀਤਾ ਸੀ। ਜਲਦ ਹੀ ਇਹ ਤਿੰਨ ਬੱਚੇ ਪੰਜਾਬ ਵਿਚ ਛਾ ਗਏ। ਸਰਦੂਲ ਨੇ ਮੇਰੇ ਬੱਚਿਆਂ (ਸ਼ਾਗਿਰਦ) ਹੰਸਰਾਜ ਹੰਸ, ਮਾਸਟਰ ਸਲੀਮ ਦੇ ਨਾਲ ਗੀਤ ਗਾਏ। ਉਸ ਨੇ ਬੇਹੱਦ ਸੁਰੀਲੇ ਤਰੀਕੇ ਨਾਲ ਧਾਰਮਿਕ ਗੀਤ ਵੀ ਗਾਏ ਅਤੇ ਪੰਜਾਬੀ ਫਿਲਮਾਂ ਵਿਚ ਵੀ ਭੂਮਿਕਾਵਾਂ ਨਿਭਾਈਆਂ। ਸਰਦੂਲ ਦੇ ਦਿਹਾਂਤ ਨਾਲ ਪੰਜਾਬੀ ਗਾਇਕੀ ਵਿਚ ਲਾਈਟ ਮਿਊਜ਼ਿਕ ਦੀ ਬਾਦਸ਼ਾਹਤ ਦੇ ਅਧਿਆਏ ਨੂੰ ਦੁਨੀਆਵੀ ਵਿਰਾਮ ਲੱਗ ਗਿਆ, ਪਰ ਸੁਰਾਂ ਦਾ ਅਧਿਆਏ ਚੱਲਦਾ ਰਹੇਗਾ। ਮੈਨੂੰ ਉਸਦੀ ਗਾਇਕੀ ਦੇ ਫਰਜੰਦ ਦਾ ਇੰਤਜ਼ਾਰ ਰਹੇਗਾ…।
ਪੂਰਨ ਸ਼ਾਹਕੋਟੀ, ਪੰਜਾਬੀ ਗਾਇਕ

RELATED ARTICLES
POPULAR POSTS