Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਚ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਗ੍ਰਿਫ਼ਤਾਰ

ਪੰਜਾਬ ਵਿਚ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਗ੍ਰਿਫ਼ਤਾਰ

4 ਲੱਖ ਰੁਪਏ ਦੀ ਰਿਸ਼ਵਤ ਮਾਮਲੇ ‘ਚ ਹੋਈ ਕਾਰਵਾਈ
27 ਫਰਵਰੀ ਤੱਕ ਪੁਲਿਸ ਰਿਮਾਂਡ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਰਿਸ਼ਵਤ ਮਾਮਲੇ ਵਿਚ ਜਾਂਚ ਤੋਂ ਬਾਅਦ ਬੁੱਧਵਾਰ ਦੇਰ ਰਾਤ ਪੰਜਾਬ ਵਿਜੀਲੈਂਸ ਨੇ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਨੂੰ ਬਠਿੰਡਾ ਲਿਆਂਦਾ ਗਿਆ, ਜਿੱਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਨੇ ਅਮਿਤ ਰਤਨ ਨੂੰ 27 ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਲੰਘੀ 16 ਫਰਵਰੀ ਨੂੰ ਬਠਿੰਡਾ ਵਿਚ ਕੋਟਫੱਤਾ ਦੇ ਨਿੱਜੀ ਪੀਏ ਰਸ਼ਿਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਉਸ ਸਮੇਂ ਵਿਧਾਇਕ ਕੋਟਫੱਤਾ ਕੋਲੋਂ ਵੀ ਕਰੀਬ ਚਾਰ ਘੰਟੇ ਤੱਕ ਸਰਕਟ ਹਾਊਸ ਵਿਚ ਬਿਠਾ ਕੇ ਪੁੱਛਗਿੱਛ ਕੀਤੀ ਗਈ ਸੀ। ਰਸ਼ਿਮ ਗਰਗ ਵੀ ਰਿਸਵਤ ਦੇ ਮਾਮਲੇ ਵਿਚ ਪੁਲਿਸ ਹਿਰਾਸਤ ਵਿਚ ਹੈ।
ਵਿਜੀਲੈਂਸ ਨੇ ਵਿਧਾਇਕ ਕੋਟਫੱਤਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸ ਤੋਂ ਬਾਅਦ ਰਿਸ਼ਵਤ ਦੇਣ ਵਾਲੇ ਮਹਿਲਾ ਸਰਪੰਚ ਦੇ ਪਤੀ ਨੇ ਇਕ ਆਡੀਓ ਰਿਕਾਰਡਿੰਗ ਜਾਰੀ ਕੀਤੀ। ਜਿਸ ਵਿਚ ਕਿਹਾ ਗਿਆ ਕਿ ਰਸ਼ਿਮ ਗਰਗ ਨੇ ਸਰਕਟ ਹਾਊਸ ਵਿਚ ਵਿਧਾਇਕ ਨਾਲ ਸਰਪੰਚ ਦੇ ਪਤੀ ਦੀ ਮੀਟਿੰਗ ਕਰਵਾਈ। ਜਿਸ ਵਿਚ ਵਿਧਾਇਕ ਸਰਪੰਚ ਦੇ ਪਤੀ ਨਾਲ ਸੌਦੇਬਾਜ਼ੀ ਕਰਦਾ ਸੁਣਾਈ ਦੇ ਰਿਹਾ ਹੈ। ਇਸ ਆਡੀਓ ਦੀ ਜਾਂਚ ਕਰਵਾਈ ਗਈ। ਜਿਸ ਵਿਚ ਵਿਧਾਇਕ ਦੀ ਆਵਾਜ਼ ਹੋਣ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ।
ਮੀਡੀਆ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਰਿਸ਼ਵਤ ਦੇਣ ਵਾਲੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਦਾ ਕਹਿਣਾ ਸੀ ਕਿ ਹਿੱਸਾ ਨਾ ਦੇਣ ‘ਤੇ ਬੀਡੀਪੀਓ ਦਫਤਰ ਵਾਲੇ ਉਨ੍ਹਾਂ ਨੂੰ 4 ਸਾਲ ਤੋਂ ਤੰਗ ਕਰ ਰਹੇ ਸਨ। ਇਸੇ ਮਾਮਲੇ ਵਿਚ ਉਹ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਮਿਲੇ। ਇੱਥੇ ਉਨ੍ਹਾਂ ਨੇ ਵਿਧਾਇਕ ਨੂੰ ਦੱਸਿਆ ਕਿ ਉਨ੍ਹਾਂ ਦੇ 25 ਲੱਖ ਰੁਪਏ ਪੈਂਡਿੰਗ ਹਨ। ਪੈਸੇ ਨਾ ਮਿਲਣ ਦੀ ਵਜ੍ਹਾ ਨਾਲ ਠੇਕੇਦਾਰ ਅੱਗੇ ਕੰਮ ਨਹੀਂ ਕਰ ਰਹੇ। ਇਸ ‘ਤੇ ਵਿਧਾਇਕ ਨੇ ਉਸ ਕੋਲੋਂ ਪੁੱਛਿਆ ਕਿ ਸਾਨੂੰ ਕੀ ਦਿਓਗੇ? ਇਸ ਤੋਂ ਬਾਅਦ ਵਿਧਾਇਕ ਨੇ 5 ਲੱਖ ਵਿਚ ਪੂਰੀ ਪੇਮੈਂਟ ਰਿਲੀਜ਼ ਕਰਵਾਉਣ ਦਾ ਸੌਦਾ ਕਰ ਲਿਆ। ਇਹ ਸੌਦੇਬਾਜ਼ੀ ਨਿੱਜੀ ਪੀਏ ਰਸ਼ਿਮ ਗਰਗ ਦੇ ਜ਼ਰੀਏ ਹੀ ਹੋਈ।
ਇਸ ਤੋਂ ਪਹਿਲਾਂ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਵਿਧਾਇਕ ਕੋਟਫੱਤਾ ਨੇ ਕਿਹਾ ਸੀ ਕਿ ਰਸ਼ਿਮ ਗਰਗ ਨਾਲ ਉਸਦਾ ਕੋਈ ਸਬੰਧ ਨਹੀਂ ਹੈ। ਰਸ਼ਿਮ ਗਰਗ ਉਨ੍ਹਾਂ ਦਾ ਪੀਏ ਨਹੀਂ ਹੈ। ਜਿਸ ਨੇ ਵੀ ਰਿਸ਼ਵਤ ਲਈ ਹੈ, ਉਸ ਖਿਲਾਫ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਅਮਿਤ ਰਤਨ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਸੀ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਿਸ਼ਵਤਖੋਰੀ ਚਾਹੇ ਕਿਸੇ ਵੀ ਵਿਅਕਤੀ ਨੇ ਕੀਤੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ।
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ‘ਆਪ’ ਸਰਕਾਰ ਦੇ ਦੋ ਮੰਤਰੀ ਵੀ ਗੁਆ ਚੁੱਕੇ ਹਨ ਕੁਰਸੀ
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਮਿਲਣ ਦੇ 11 ਮਹੀਨਿਆਂ ਵਿਚ ਦੋ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੁਰਸੀ ਗੁਆ ਚੁੱਕੇ ਹਨ। ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਗਿਆ। ਉਸ ‘ਤੇ ਠੇਕੇਦਾਰ ਕੋਲੋਂ ਕੰਮ ਦੇ ਬਦਲੇ ਕਮਿਸ਼ਨ ਮੰਗਣ ਦੇ ਆਰੋਪ ਲੱਗੇ ਸਨ। ਇਸ ਤੋਂ ਬਾਅਦ ਦੂਜੇ ਮੰਤਰੀ ਫੌਜਾ ਸਿੰਘ ਸਰਾਰੀ ਦਾ ਰਿਸ਼ਵਤ ਦੀ ਸੈਂਟਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਉਹ ਕਿਸੇ ਨਾਲ ਗੱਲ ਕਰਦੇ ਹੋਏ ਪੈਸੇ ਲੈਣ ਦੇ ਬਾਰੇ ਵਿਚ ਪਲੈਨਿੰਗ ਕਰ ਰਹੇ ਸਨ। ਇਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਨੂੰ ਵੀ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

Check Also

ਚੁੱਪ-ਚੁਪੀਤੇ ਹੀ ਤੁਰ ਗਿਆ ਪੰਜਾਬੀ ਮਾਂ ਬੋਲੀ ਦਾ ਪੁੱਤ

ਪੰਜਾਬੀ ਮਾਂ ਬੋਲੀ ਦਾ ਪੁੱਤ ਪਦਮਸ੍ਰੀ ਡਾ. ਸੁਰਜੀਤ ਪਾਤਰ ਚੁੱਪ-ਚੁਪੀਤੇ ਹੀ 11 ਮਈ 2024 ਨੂੰ …