14.9 C
Toronto
Wednesday, March 11, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਦੀ ਸਹਾਇਤਾ ਲਈ ਸਰਕਾਰ...

ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਦੀ ਸਹਾਇਤਾ ਲਈ ਸਰਕਾਰ ਨੇ ਅਪਣਾਈ ਨਵੀਂ ਕੌਮੀ ਆਟੋ ਨੀਤੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਦੇਸ਼ ਦੇ ਅਰਥਚਾਰੇ ਨੂੰ ਹੋਰ ਤਕੜਾ ਕਰਨ, ਕਲੀਨ ਟੈਕਨਾਲੌਜੀ ਅਪਨਾਉਣ ਵਿੱਚ ਤੇਜ਼ੀ ਲਿਆਉਣ ਅਤੇ ਕੈਨੇਡਾ ਵਿੱਚ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਮਾਰਕ ਨੇ ਨਵੀਂ ‘ਨੈਸ਼ਨਲ ਆਟੋਮੋਟਿਵ ਸਟਰੈਟਿਜੀ’ ਬਾਰੇ ਐਲਾਨ ਕੀਤਾ। ਦੁਨੀਆਂ-ਭਰ ਵਿੱਚ ਵਿਓਪਾਰ ਦੀਆਂ ਸੰਭਾਵਨਾਵਾਂ ਵਿੱਚ ਆਏ ਬਦਲਾਅ ਅਤੇ ਆਟੋ ਸੈੱਕਟਰ ਨੂੰ ਇਸ ਦੇ ਭਾਰੀ ਦਬਾਅ ਦਾ ਸਾਹਮਣਾ ਕਰਦਿਆਂ ਹੋਇਆਂ ਇਹ ਨੀਤੀ ਕੈਨੇਡਾ ਲਈ ਨਵੀਂ ਦਿਸ਼ਾ ਨਿਰਧਾਰਤ ਕਰੇਗੀ ਜੋ ਵਧੇਰੇ ਲਚਕੀਲੀ, ਵਧੇਰੇ ਖੋਜ ਭਰਪੂਰ ਅਤੇ ਕਿਸੇ ਇੱਕ ਵਪਾਰਕ ਭਾਈਵਾਲ ਉੱਪਰ ਘੱਟ ਨਿਰਭਰ ਹੋਣ ਵਾਲੀ ਨਹੀਂ ਹੋਵੇਗੀ। ਇਸ ਨਵੀਂ ਯੋਜਨਾ ਵਿੱਚ ਆਟੋ ਇੰਡਸਟਰੀ ਨੂੰ ਅੱਗੇ ਵਧਾਉਣ ਅਤੇ ਬਿਜਲਈ-ਵਾਹਨਾਂ ਦੇ ਉਤਪਾਦਨ ਨੂੰ ਵਧਾਉਣ ਲਈ ਤਿੰਨ ਬਿਲੀਅਨ ਡਾਲਰ ਦਾ ‘ਸਟਰੈਟਿਜਿਕ ਰੈੱਸਪੌਂਸ ਫ਼ੰਡ’ ਕਾਇਮ ਕਰਨ ਅਤੇ ਕੈਨੇਡਾ ਵਿੱਚ ‘ਕਲੀਨ ਟੈਕਨਾਲੌਜੀਆਂ’ ਅਪਨਾਉਣ ਵਾਲੀਆਂ ਕੰਪਨੀਆਂ ਨੂੰ ਟੈਕਸਾਂ ਦਾ ਲਾਭ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਬਾਰੇ ਗੱਲ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਸਰਕਾਰ ਦੀ ਇਹ ਨੀਤੀ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਇਹ ਭਵਿੱਖਮਈ-ਕਾਰਾਂ ਵਿੱਚ ਕੈਨੇਡਾ ਵਿੱਚ ਬਣਨਗੀਆਂ ਅਤੇ ਇਸ ਦੇ ਨਾਲ ਹੀ ਦੇਸ਼ ਦੇ ਕਾਮਿਆਂ ਦੀ ਸਹਾਇਤਾ ਹੋਵੇਗੀ ਤੇ ਸਥਾਨਕ ਅਰਥਚਾਰਾ ਮਜ਼ਬੂਤ ਹੋਵੇਗਾ। ਇਸ ਦਾ ਬਰੈਂਪਟਨ ਵਰਗੀਆਂ ਕਮਿਊਨਿਟੀਆਂ ਨੂੰ ਵੀ ਲੰਮੇਂ ਸਮੇਂ ਦਾ ਆਰਥਿਕ ਲਾਭ ਹੋਵੇਗਾ।”
ਕੈਨੇਡਾ ਦੀ ਸਾਫ਼-ਸੁਥਰੀ ਆਵਾਜਾਈ (ਕਲੀਨਰ ਟ੍ਰਾਂਸਪੋਰਟੇਸ਼ਨ) ਨੂੰ ਮੱਦੇ-ਨਜ਼ਰ ਰੱਖਦਿਆਂ ਸਰਕਾਰ ਵੱਲੋਂ ਬਿਜਲਈ-ਵਾਹਨਾਂ ਲਈ ਕਈ ਮਿਆਰ ਨਿਸਚਤ ਕੀਤੇ ਗਏ ਹਨ ਜਿਹੜੇ 2035 ਤੱਕ 75% ਅਤੇ 2040 ਤੱਕ 90% ਪੂਰੇ ਕੀਤੇ ਜਾਣੇ ਹਨ। ਇਸ ਦੇ ਲਈ ਵਾਹਨ ਉਤਪਾਦਕਾਂ ਨੂੰ ਨਵੀਂ ਖੋਜ ਲਈ ਕੁਝ ਢਿੱਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜ ਸਾਲਾਂ ਲਈ 2.3 ਬਿਲੀਅਨ ਡਾਲਰਾਂ ‘ਈ.ਵੀ. ਅਫੌਰਡੇਬਲ’ ਪ੍ਰੋਗਰਾਮ ਲਈ ਰੱਖੇ ਗਏ ਹਨ ਜਿਸ ਨਾਲ ਕੈਨੇਡਾ-ਵਾਸੀ ਕਲੀਨਰ ਵਹੀਕਲ ਖਰੀਦਣ ਲਈ ਉਤਸ਼ਾਹਿਤ ਹੋ ਸਕਣਗੇ। ਇਸ ਤੋਂ ਇਲਾਵਾ ਇਨ੍ਹਾਂ ਬਿਜਲਈ-ਵਾਹਨਾਂ ਨੂੰ ਚਾਰਜ ਕਰਨ ਲਈ ‘ਨੈਸ਼ਨਲ ਈ.ਵੀ. ਚਾਰਜਿੰਗ ਨੈੱਟਵਰਕ’ ਦੇ ਵਿਸਥਾਰ ਲਈ 1.5 ਬਿਲੀਅਨ ਡਾਲਰ ਫ਼ੰਡ ਦੀ ਵਿਵਸਥਾ ਕੀਤੀ ਗਈ ਹੈ।
ਬਿਜਲਈ ਵਾਹਨਾਂ ਤੱਕ ਬਦਲਾਅ ਵਿਚਲੇ ਸਮੇਂ ਲਈ ਕਾਮਿਆਂ ਦੇ ਹਿੱਤਾਂ ਨੂੰ ਸੁਰੱਖ਼ਿਅਤ ਰੱਖਣ ਲਈ ਨਵੀਂ ‘ਵਰਕ-ਸ਼ੇਅਰਿੰਗ ਗਰਾਂਟ’, ‘ਐਂਪਲਾਇਮੈਂਟ ਅਸਿਸਟੈਂਸ’ ਅਤੇ ‘ਰੀ-ਸਕਿੱਲਿੰਗ’ ਪ੍ਰੋਗਰਾਮਾਂ ਲਈ ਕੌਮੀ ਪੱਧਰ ‘ਤੇ 66,000 ਵਰਕਰਾਂ ਲਈ ਇਹ ਪ੍ਰੋਗਰਾਮ ਨਿਸਚਤ ਕੀਤਾ ਗਿਆ ਹੈ। ਸਰਕਾਰ ਵੱਲੋਂ ਇਹ ਉਪਰਾਲੇ ਕੈਨੇਡੀਅਨ ਵਰਕਰਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਟੋ ਇੰਡਸਟਰੀ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਨਾਉਣ ਲਈ ਕੀਤੇ ਜਾ ਰਹੇ ਹਨ।
ਭਵਿੱਖ ਵਿੱਚ ਕੈਨੇਡਾ ਦੇ ਆਰਥਿਕ ਢਾਂਚੇ ਵਿੱਚ ਹੋ ਰਹੀ ਤਬਦੀਲੀ ਲਈ ਇਨ੍ਹਾਂ ਉਪਰਾਲਿਆਂ ਬਾਰੇ ਐੱਮ.ਪੀ. ਸੋਨੀਆ ਸਿੱਧੂ ਨੇ ਜ਼ੋਰ ਦਿੱਦਿਆਂ ਹੋਇਆਂ ਕਿਹਾ, ਅਸੀਂ ਆਪਣੇ ਆਟੋ ਸੈੱਕਟਰ ਨੂੰ ਮਜ਼ਬੂਤ ਕਰ ਰਹੇ ਹਾਂ, ਆਪਣੇ ਵਰਕਰਾਂ ਦੀ ਸਹਾਇਤਾ ਕਰ ਰਹੇ ਹਾਂ ਅਤੇ ਨਵੀਂ ਖੋਜ ਵੱਲ ਪੂਰਾ ਧਿਆਨ ਦੇ ਰਹੇ ਹਾਂ ਜਿਸ ਦਾ ਲਾਭ ਕੈਨੇਡਾ-ਵਾਸੀਆਂ ਨੂੰ ਆਉਂਦੇ ਕਈ ਦਹਾਕਿਆਂ ਤੱਕ ਹੁੰਦਾ ਰਹੇਗਾ। ਇਹ ਨੀਤੀ ਕੈਨੇਡਾ ਨੂੰ ਨਾ ਕੇਵਲ ਆਟੋ ਇੰਡਸਟਰੀ ਦੇ ਭਵਿੱਖ ਵਿੱਚ ਹੀ ਭਾਈਵਾਲ ਬਣਾ ਰਹੀ ਹੈ, ਸਗੋਂ ਇਹ ਉਸ ਦੀ ਯੋਗ ਅਗਵਾਈ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰ ਰਹੀ ਹੈ।

RELATED ARTICLES
POPULAR POSTS