Breaking News
Home / ਹਫ਼ਤਾਵਾਰੀ ਫੇਰੀ / ਭਾਰਤ ਤੇ ਚੀਨ ਵਿਚਾਲੇ ਜੰਗ ਦਾ ਖਤਰਾ

ਭਾਰਤ ਤੇ ਚੀਨ ਵਿਚਾਲੇ ਜੰਗ ਦਾ ਖਤਰਾ

ਲੱਦਾਖ ਦੀ ਗਲਵਾਨ ਘਾਟੀ ‘ਚ ਚੀਨ ਨਾਲ ਹੋਈ ਹਿੰਸਕ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ, ਚੀਨ ਦੇ 43 ਸੈਨਿਕ ਮਾਰੇ ਜਾਣ ਦੀ ਸੰਭਾਵਨਾ
ਕੋਈ ਭੁਲੇਖੇ ‘ਚ ਨਾ ਰਹੇ ਸਹੀ ਵਕਤ ਆਉਣ ‘ਤੇ ਜਵਾਬ ਦਿਆਂਗੇ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਸੋਮਵਾਰ ਰਾਤ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। ਫੌਜ ਦੇ ਅਧਿਕਾਰਤ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਟਕਰਾਅ ਵਿਚ ਚੀਨ ਦੇ ਵੀ 43 ਸੈਨਿਕ ਮਾਰੇ ਗਏ ਅਤੇ ਕਈ ਜ਼ਖ਼ਮੀ ਵੀ ਹੋਏ ਹਨ। ਚੀਨ ਨਾਲ ਭਾਰਤ ਦੀ ਲਗਦੀ ਸਾਰੀ ਸਰਹੱਦ ‘ਤੇ ਭਾਰਤੀ ਫੌਜ ਦੀ ਗਿਣਤੀ ਵਧਾ ਦਿੱਤੀ ਗਈ ਹੈ ਤੇ ਜੰਗ ਦੇ ਖਤਰੇ ਨੂੰ ਵੇਖਦਿਆਂ ਤਿੰਨੋਂ ਫੌਜਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਤਿੰਨ ਗੇੜਾਂ ਵਿਚ ਹੋਈ ਇਸ ਝੜਪ ਵਿਚ ਦੋਵਾਂ ਧਿਰਾਂ ਦੇ 900 ਦੇ ਕਰੀਬ ਫ਼ੌਜੀ ਸ਼ਾਮਲ ਸਨ। ਜ਼ਿਆਦਾਤਰ ਮੌਤਾਂ ਫ਼ੌਜੀ ਜਵਾਨਾਂ ਦੇ ਉੱਚੀਆਂ ਚੋਟੀਆਂ ਤੋਂ ਡਿਗਣ ਕਰਕੇ ਹੋਈਆਂ ਹਨ। ਕੁਝ ‘ਹਾਈਪੋਥਰਮੀਆ’ ਦਾ ਸ਼ਿਕਾਰ ਵੀ ਹੋਏ ਹਨ। ਅਜਿਹੀ ਘਟਨਾ 45 ਵਰ੍ਹਿਆਂ ਬਾਅਦ ਵਾਪਰੀ ਹੈ ਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜ ਹਫ਼ਤਿਆਂ ਤੋਂ ਜਾਰੀ ਸਰਹੱਦੀ ਵਿਵਾਦ ਸਿਖ਼ਰਾਂ ਛੂਹ ਰਿਹਾ ਹੈ। ਵੇਰਵਿਆਂ ਮੁਤਾਬਕ ਸ਼ਹੀਦ ਕਰਨਲ ਸੰਤੋਸ਼ ਬਾਬੂ ਗਲਵਾਨ ਵਿਚ ਤਾਇਨਾਤ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀ ਤੇ ਜਵਾਨ ਚੀਨੀ ਜਵਾਨਾਂ ਵੱਲੋਂ ਕੀਤੀ ਪੱਥਰਬਾਜ਼ੀ ਤੇ ਰਾਡਾਂ ਨਾਲ ਕੀਤੇ ਹਮਲੇ ਵਿਚ ਫੱਟੜ ਹੋਣ ਮਗਰੋਂ ਸ਼ਹੀਦ ਹੋਏ ਹਨ। ਹਾਲਾਂਕਿ ਇਸ ਬਾਰੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ। ਵੇਰਵਿਆਂ ਮੁਤਾਬਕ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਜਵਾਨਾਂ ਨੇ ਪੈਟਰੋਲ ਪੁਆਇੰਟ-14 ਨੇੜੇ ਚੀਨ ਦੀ ਇਕ ਨਵੀਂ ਪੋਸਟ ਦੇਖਣ ਮਗਰੋਂ ਉਨ੍ਹਾਂ ਨੂੰ ਉੱਥੋ ਜਾਣ ਲਈ ਕਿਹਾ। ਇਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ। ਫ਼ੌਜੀ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਟਕਰਾਅ ਵਾਲੀ ਥਾਂ ‘ਤੇ ਮੇਜਰ ਜਨਰਲ ਪੱਧਰ ਦੀ ਗੱਲਬਾਤ ਚੱਲ ਰਹੀ ਹੈ ਤਾਂ ਕਿ ਤਣਾਅ ਘਟਾਇਆ ਜਾ ਸਕੇ। ਇਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ 1975 ਮਗਰੋਂ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਚੀਨੀ ਫ਼ੌਜ ਨਾਲ ਹਿੰਸਕ ਟਕਰਾਅ ਵਿਚ ਕੋਈ ਭਾਰਤੀ ਜਵਾਨ ਸ਼ਹੀਦ ਹੋਇਆ ਹੈ। 1975 ਵਿਚ ਅਰੁਣਾਚਲ ਪ੍ਰਦੇਸ਼ ਦੇ ਤੁਲੁੰਗ ਲਾ ਵਿਚ ਚਾਰ ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕੋਈ ਗੋਲੀਬਾਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਗਲਵਾਨ ਵਾਦੀ ਵਿਚ ਤਣਾਅ ਘਟਾਉਣ ਲਈ ਕਈ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਹਨ। ਗਲਵਾਨ ਵਾਦੀ ਤੇ ਪੂਰਬੀ ਲੱਦਾਖ ਦੇ ਕੁਝ ਹਿੱਸਿਆਂ ਵਿਚ ਪਿਛਲੇ ਪੰਜ ਹਫ਼ਤਿਆਂ ਤੋਂ ਵੱਡੀ ਗਿਣਤੀ ਭਾਰਤੀ ਤੇ ਚੀਨੀ ਫ਼ੌਜ ਜਮ੍ਹਾਂ ਹੈ। ਚੀਨੀ ਫ਼ੌਜ ਅਸਲ ਕੰਟਰੋਲ ਰੇਖਾ ਨੇੜੇ ਹੌਲੀ-ਹੌਲੀ ਆਪਣੇ ਰਣਨੀਤਕ ਸਰੋਤਾਂ ਵਿਚ ਵਾਧਾ ਕਰ ਰਹੀ ਹੈ। ਭਾਰਤ ਦੇ ਪ੍ਰਧਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਜਵਾਨਾਂ ਨੂੰ ਨਮਨ ਕਰਦਿਆਂ ਚੀਨ ਦੀ ਘਟੀਆ ਹਰਕਤ ਲਈ ਉਸ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖੇ ਵਿਚ ਨਾ ਰਹੇ। ਅਸੀਂ ਸਹੀ ਵਕਤ ਆਉਣ ‘ਤੇ ਜਵਾਬ ਦਿਆਂਗੇ।
ਭਾਰਤ ‘ਚ ਚੀਨ ਦਾ ਬਾਈਕਾਟ ਸ਼ੁਰੂ
ੲ ਬੀ ਐਸ ਐਨ ਐਲ ਨੇ ਚੀਨ ਦੀਆਂ ਵਸਤਾਂ ਕੀਤੀਆਂ ਬੈਨ।
ੲ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ 471 ਕਰੋੜ ਦੇ ਸਮਝੌਤੇ ਨੂੰ ਕੀਤਾ ਰੱਦ।
ੲ ਇੰਡੀਅਨ ਉਲੰਪਿਕ ਐਸੋਸੀਏਸ਼ਨ ਵੀ ਚੀਨੀ ਕੰਪਨੀ ਲੀ ਨਿੰਗ ਨਾਲ ਆਪਣਾ ਸਮਝੌਤਾ ਖਤਮ ਕਰਨ ਦੀ ਤਿਆਰੀ ‘ਚ
ੲ ਭਾਰਤ ਸਰਕਾਰ ਚੀਨੀ ਵਸਤਾਂ ‘ਤੇ ਕਸਟਮ ਡਿਊਟੀ ਵਧਾਉਣ ‘ਤੇ ਵੀ ਕਰ ਰਹੀ ਵਿਚਾਰ।

Check Also

ਭਾਰਤ ਛੇਤੀ ਹੀ ਬਣੇਗਾ ਦੁਨੀਆ ਦਾ ਨੰਬਰ ਵੰਨ ਕਰੋਨਾ ਮੁਲਕ!

ਨਵੀਂ ਦਿੱਲੀ : ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3 ਕਰੋੜ ਦੇ ਪਾਰ ਹੋ …