22 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਵਿਸ਼ਵ ਪੱਧਰ 'ਤੇ ਭਾਰਤ ਦੀ ਡਿੱਗੀ ਲੋਕਤੰਤਰਿਕ ਸ਼ਾਖ

ਵਿਸ਼ਵ ਪੱਧਰ ‘ਤੇ ਭਾਰਤ ਦੀ ਡਿੱਗੀ ਲੋਕਤੰਤਰਿਕ ਸ਼ਾਖ

ਲੋਕਤੰਤਰ ਸੂਚਕ ਅੰਕ ‘ਚ ਭਾਰਤ 51ਵੇਂ ਸਥਾਨ ‘ਤੇ ਪੁੱਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ 2019 ਦੇ ਜਮਹੂਰੀ ਸੂਚਕ ਅੰਕ ‘ਚ 10 ਸਥਾਨ ਤਿਲਕ ਕੇ 51ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਮੁਤਾਬਕ ਭਾਰਤ ‘ਚ ‘ਆਮ ਨਾਗਰਿਕਾਂ ਦੇ ਅਧਿਕਾਰਾਂ ‘ਚ ਘਾਣ’ ਕਰਕੇ ਜਮਹੂਰੀਅਤ ‘ਚ ਗਿਰਾਵਟ ਦਾ ਰੁਝਾਨ ਦਰਜ ਹੋਇਆ ਹੈ। ਕੁੱਲ 167 ਮੁਲਕਾਂ ‘ਚੋਂ ਭਾਰਤ ਨੂੰ 2018 ‘ਚ ਓਵਰਆਲ 7.23 ਅੰਕ ਮਿਲੇ ਸਨ ਜੋ ਹੁਣ ਡਿੱਗ ਕੇ 6.90 ਰਹਿ ਗਏ ਹਨ। ਸੂਚਕ ਅੰਕ ਪੰਜ ਵਰਗਾਂ, ਚੋਣ ਪ੍ਰਕਿਰਿਆ ਅਤੇ ਬਹੁਲਵਾਦ, ਸਰਕਾਰ ਦੇ ਕੰਮਕਾਜ, ਸਿਆਸੀ ਭਾਈਵਾਲੀ, ਸਿਆਸੀ ਸਭਿਆਚਾਰ ਅਤੇ ਆਮ ਨਾਗਰਿਕਾਂ ਦੇ ਅਧਿਕਾਰਾਂ ‘ਤੇ ਆਧਾਰਿਤ ਹੈ। ਭਾਰਤ ‘ਨੁਕਸਦਾਰ ਲੋਕਤੰਤਰ’ ਦੇ ਵਰਗ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ 6 ਤੋਂ ਵੱਧ ਅਤੇ 8 ਜਾਂ ਇਸ ਤੋਂ ਘੱਟ ਅੰਕ ਦਿੱਤੇ ਜਾਂਦੇ ਹਨ। ਕੁੱਲ ਅੰਕਾਂ ਦੇ ਆਧਾਰ ‘ਤੇ ਮੁਲਕਾਂ ਨੂੰ ਚਾਰ ਵਿਚੋਂ ਇਕ ਵਰਗ ‘ਚ ਰੱਖਿਆ ਜਾਂਦਾ ਹੈ। ‘ਮੁਕੰਮਲ ਲੋਕਤੰਤਰ’ ਤਹਿਤ 8 ਤੋਂ ਜ਼ਿਆਦਾ ਅੰਕ ਮਿਲਦੇ ਹਨ ਜਦਕਿ ਬੇਰੜਾ (ਹਾਈਬ੍ਰਿਡ) ਸ਼ਾਸਨ ਤਹਿਤ 4 ਤੋਂ ਵੱਧ ਅਤੇ 6 ਤੋਂ ਘੱਟ ਅਤੇ ਨਿਰੰਕੁਸ਼ ਹਕੂਮਤ ਤਹਿਤ 4 ਜਾਂ ਉਸ ਤੋਂ ਘੱਟ ਅੰਕ ਮਿਲਦੇ ਹਨ। ਉਧਰ ਚੀਨ ਦੇ ਅੰਕ ਡਿੱਗ ਕੇ 2.26 ਰਹਿ ਗਏ ਹਨ ਅਤੇ ਮੁਲਕ ਨੂੰ 153ਵਾਂ ਦਰਜਾ ਮਿਲਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ਤੋਂ ਚੀਨ ‘ਚ ਘੱਟ ਗਿਣਤੀਆਂ ਨਾਲ ਵਿਤਕਰਾ ਖਾਸ ਕਰਕੇ ਸ਼ਿਨਜਿਆਂਗ ਦੇ ਉੱਤਰ-ਪੱਛਮੀ ਖਿੱਤੇ ‘ਚ ਇਹ ਜ਼ਿਆਦਾ ਵੱਧ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਦੀ ਡਿਜੀਟਲ ਨਿਗਰਾਨੀ ਨਾਲ ਵਿਅਕਤੀਗਤ ਅਜ਼ਾਦੀ ‘ਤੇ ਵੀ ਅਸਰ ਪਿਆ ਹੈ।
ਪਾਕਿਸਤਾਨ 108ਵੇਂ ਸਥਾਨ ‘ਤੇ
ਪਾਕਿਸਤਾਨ 4.25 ਅੰਕਾਂ ਨਾਲ 108ਵੇਂ, ਸ੍ਰੀਲੰਕਾ 6.27 ਅੰਕਾਂ ਨਾਲ 69ਵੇਂ ਅਤੇ ਬੰਗਲਾਦੇਸ਼ 5.88 ਅੰਕਾਂ ਨਾਲ 80ਵੇਂ ਨੰਬਰ ‘ਤੇ ਰਿਹਾ। ਓਵਰਆਲ ਸੂਚੀ ‘ਚ ਨਾਰਵੇ ਪਹਿਲੇ, ਆਈਸਲੈਂਡ ਦੂਜੇ ਅਤੇ ਸਵੀਡਨ ਤੀਜੇ ਸਥਾਨ ‘ਤੇ ਰਿਹਾ। ਪਹਿਲੇ 10 ਸਥਾਨ ਹਾਸਲ ਕਰਨ ਵਾਲਿਆਂ ‘ਚ ਨਿਊਜ਼ੀਲੈਂਡ (4), ਫਿਨਲੈਂਡ (5), ਆਇਰਲੈਂਡ (6), ਡੈਨਮਾਰਕ (7), ਕੈਨੇਡਾ (8), ਆਸਟਰੇਲੀਆ (9) ਅਤੇ ਸਵਿਟਜ਼ਰਲੈਂਡ (10) ਸ਼ਾਮਲ ਹਨ। ਦੱਖਣੀ ਕੋਰੀਆ ਆਲਮੀ ਰੈਂਕਿੰਗ ‘ਚ ਫਾਡੀ ਯਾਨੀ 167ਵੇਂ ਸਥਾਨ ‘ਤੇ ਰਿਹਾ।

RELATED ARTICLES
POPULAR POSTS