16.6 C
Toronto
Sunday, September 28, 2025
spot_img
Homeਹਫ਼ਤਾਵਾਰੀ ਫੇਰੀਕਿਸਾਨੀ ਮੋਰਚੇ ਦਾ ਮੋਢੀ ਹੈ ਪੰਜਾਬ : ਰਾਜੇਵਾਲ

ਕਿਸਾਨੀ ਮੋਰਚੇ ਦਾ ਮੋਢੀ ਹੈ ਪੰਜਾਬ : ਰਾਜੇਵਾਲ

ਉਗਰਾਹਾਂ ਬੋਲੇ, ਮੋਦੀ ਸਰਕਾਰ ਦੀ ਨੀਤੀ ਕਾਮਯਾਬ ਨਹੀਂ ਹੋਣ ਦਿਆਂਗੇ
ਜਗਰਾਉਂ : ਖੇਤੀ ਕਾਨੂੰਨਾਂ ਖਿਲਾਫ ਜਗਰਾਉਂ ਵਿਖੇ ਹੋਈ ਕਿਸਾਨ ਮਹਾਂਪੰਚਾਇਤ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੁਣ ਇਕੱਠੇ ਹੋ ਕੇ ਲੜਨ ਦਾ ਵਕਤ ਹੈ ਅਤੇ ਬਰਬਾਦੀ ਤੋਂ ਬਾਅਦ ਕੋਈ ਫਾਇਦਾ ਨਹੀਂ ਹੋਵੇਗਾ। ਰਾਜੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਮੋਰਚੇ ਦਾ ਮੋਢੀ ਪੰਜਾਬ ਹੈ ਅਤੇ ਬਾਕੀ ਸੂਬੇ ਬਾਅਦ ਵਿਚ ਅੱਗੇ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਫਸ ਚੁੱਕੀ ਹੈ ਅਤੇ ਦੁਨੀਆ ਦਾ ਫੇਲ੍ਹ ਹੋਇਆ ਮਾਡਲ ਕਿਸਾਨਾਂ ‘ਤੇ ਲਾਗੂ ਕਰ ਰਹੀ ਹੈ।
ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਕੋਲ ਖੇਤੀ ਕਾਨੂੰਨਾਂ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਹੈ। ਉਨ੍ਹਾਂ ਮੋਦੀ ਨੂੰ ਸਭ ਤੋਂ ਵੱਡਾ ਡਰਾਮੇਬਾਜ਼ ਅਤੇ ਝੂਠਾ ਪ੍ਰਧਾਨ ਮੰਤਰੀ ਦੱਸਿਆ। ਇਸੇ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ- ਬੱਚਾ ਸੰਘਰਸ਼ਸ਼ੀਲ ਹੈ। ਉਨ੍ਹਾਂ ਕਿਹਾ ਕਿ ਮੋਦੀ ਕਿਸਾਨਾਂ ਨੂੰ ਬੁੱਧੂ ਬਣਾ ਰਹੇ ਹਨ। ਉਗਰਾਹਾਂ ਨੇ ਸਪੱਸ਼ਟ ਕੀਤਾ ਕਿ ਕਿਸਾਨੀ ਘੋਲ ਕਮਜ਼ੋਰ ਨਹੀਂ ਹੋਇਆ ਅਤੇ ਕਿਸਾਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ।
ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ ‘ਚ ਲੱਗੇ ਕਾਲੇ ਖੇਤੀ ਕਾਨੂੰਨ ਵਾਪਸ ਲਓ ਦੇ ਨਾਅਰੇ
ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਫਿਰ ਲੋਕ ਸਭਾ ਵਿਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਨੇ ਸਦਨ ਵਿਚੋਂ ਵਾਕਆਊਟ ਵੀ ਕੀਤਾ। ਵਿਰੋਧੀ ਧਿਰਾਂ ਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੇ ਨਾਅਰੇ ਵੀ ਲਗਾਏ। ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਭਲੇ ਲਈ ਕੁਝ ਅਹਿਮ ਕਦਮਾਂ ਬਾਰੇ ਗੱਲ ਕਰਨਗੇ। 206 ਕਿਸਾਨ ਜਾਨ ਗੁਆ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਕੁਝ ਵੀ ਕਹਿਣ ਦੇ ਪੱਖ ਵਿਚ ਨਹੀਂ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਮੈਂਬਰ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਹੀ ਉੱਠ ਕੇ ਸਦਨ ਵਿਚੋਂ ਬਾਹਰ ਚਲੇ ਗਏ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਦਨ, ਸਾਡੀ ਸਰਕਾਰ ਤੇ ਅਸੀਂ ਸਾਰੇ ਖੇਤੀ ਕਾਨੂੰਨਾਂ ਬਾਰੇ ਆਪਣੇ ਵਿਚਾਰ ਰੱਖ ਰਹੇ ਕਿਸਾਨਾਂ ਦਾ ਸਨਮਾਨ ਕਰਦੇ ਹਾਂ। ਇਸੇ ਕਾਰਨ ਸਾਡੇ ਮੰਤਰੀ ਕਿਸਾਨਾਂ ਨਾਲ ਵਾਰ ਵਾਰ ਗੱਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਵਿੱਚ ਕਿਧਰੇ ਵੀ ਮੰਡੀ ਬੰਦ ਨਹੀਂ ਹੋਈ ਤੇ ਨਾ ਹੀ ਐੱਮਐੱਸਪੀ ਬੰਦ ਹੋਈ, ਸਗੋਂ ਐੱਮਐੱਸਪੀ ‘ਤੇ ਖਰੀਦ ਵਧੀ ਹੈ।

RELATED ARTICLES
POPULAR POSTS