Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਓਮੀਕਰੋਨ ਦੀ ਐਂਟਰੀ

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਓਮੀਕਰੋਨ ਦੀ ਐਂਟਰੀ

ਸਪੇਨ ਤੋਂ ਆਏ ਨਵਾਂਸ਼ਹਿਰ ਦੇ ਨੌਜਵਾਨ ‘ਚ ਮਿਲੇ ਓਮੀਕਰੋਨ ਦੇ ਲੱਛਣ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੀ ਵੀ ਐਂਟਰੀ ਹੋ ਗਈ ਹੈ ਅਤੇ ਨਵਾਂਸ਼ਹਿਰ ਵਿਚ ਓਮੀਕਰੋਨ ਤੋਂ ਪੀੜਤ ਪਹਿਲਾ ਵਿਅਕਤੀ ਮਿਲਿਆ ਹੈ। 36 ਸਾਲਾਂ ਦਾ ਇਹ ਨੌਜਵਾਨ ਪਿਛਲੇ ਦਿਨੀਂ ਸਪੇਨ ਤੋਂ ਪਰਤਿਆ ਸੀ। ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਨਵਾਂਸ਼ਹਿਰ ਦੇ ਮੁਕੰਦਪੁਰ ਇਲਾਕੇ ਦਾ ਇਹ ਵਿਅਕਤੀ ਲੰਘੀ 4 ਦਸੰਬਰ ਨੂੰ ਸਪੇਨ ਤੋਂ ਪਰਤਿਆ ਸੀ ਅਤੇ ਉਸ ਵਿਅਕਤੀ ‘ਚ ਓਮੀਕਰੋਨ ਵੈਰੀਐਂਟ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਲੰਘੀ 12 ਦਸੰਬਰ ਨੂੰ ਉਸ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਅਤੇ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਅਦ ਵਿਚ ਉਸਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਤਾਂ ਉਸ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਹੁਣ ਜਦੋਂ 28 ਦਸੰਬਰ ਨੂੰ ਉਸਦੇ ਟੈਸਟ ਹੋਏ ਤਾਂ ਉਸ ਵਿਚ ਓਮੀਕਰੋਨ ਵੈਰੀਐਂਟ ਦੀ ਪੁਸ਼ਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਵਿਚ ਵੀ ਥੋੜ੍ਹਾ ਸਮਾਂ ਰਹਿ ਗਿਆ ਅਤੇ ਉਧਰ ਦੂਜੇ ਪਾਸੇ ਓਮੀਕਰੋਨ ਦੇ ਖਤਰੇ ਨੇ ਸਰਕਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਇਨ੍ਹਾਂ ਰੈਲੀਆਂ ਵਿਚ ਬਹੁਤ ਸਾਰੇ ਲੋਕ ਵੀ ਪਹੁੰਚ ਰਹੇ ਹਨ ਅਤੇ ਕਰੋਨਾ ਨਾਲ ਜੁੜੀਆਂ ਸਾਵਧਾਨੀਆਂ ਤਾਂ ਪਤਾ ਹੀ ਨਹੀਂ ਕਿੱਧਰ ਗਈਆਂ ਹਨ। ਇਸੇ ਦੌਰਾਨ ਪੰਜਾਬ ਦੇ ਡਿਪਟੀ ਸੀਐਮ ਓ.ਪੀ. ਸੋਨੀ ਨੇ ਸਿਹਤ ਵਿਭਾਗ ਨੂੰ ਕਰੋਨਾ ਸਬੰਧੀ ਟੈਸਟਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਸੂਬੇ ਵਿਚ ਪਹਿਲਾਂ ਹਰ ਰੋਜ਼ 25 ਹਜ਼ਾਰ ਦੇ ਕਰੀਬ ਕਰੋਨਾ ਟੈਸਟ ਹੋ ਰਹੇ ਸਨ, ਹੁਣ ਇਸ ਨੂੰ ਵਧਾ ਕੇ 40 ਹਜ਼ਾਰ ਕਰਨ ਲਈ ਕਿਹਾ ਗਿਆ ਹੈ। ਓਪੀ ਸੋਨੀ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਵਿਚ ਜੇਕਰ ਓਮੀਕਰੋਨ ਦੇ ਕੇਸ ਆਉਂਦੇ ਵੀ ਹਨ ਤਾਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਅਜੇ ਨਾਈਟ ਕਰਫਿਊ ਨਹੀਂ ਲਗਾਇਆ ਜਾਵੇਗਾ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …