ਕਲਵੰਤ ਸਿੰਘ ਸਹੋਤਾ
ਆਪਾਂ ਸਾਰੇ ਹੀ ਅਕਸਰ ਇਹ ਦਾਅਵਾ ਕਰਨ ਦਾ ਯਤਨ ਤੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਦੇ ਝੂਠ ਨਹੀਂ ਬੋਲਦੇ; ਪਰ ਇਹ ਗੱਲ ਕਹਿਣ ਨੂੰ ਅਧਿਕ ਤੇ ਕਰਨ ਨੂੰ ਘੱਟ ਕਿਰਿਆਸ਼ੀਲ ਲਗਦੀ ਹੈ। ਇਹ ਕਿਵੇਂ ਸੰਭਵ ਹੈ ਕਿ ਕਦੇ ਕਿਸੇ ਨੇ ਝੂਠ ਨਾਂ ਬੋਲਿਆ ਹੋਵੇ? ਝੂਠ ਕਿਉਂ ਬੋਲਿਆ ਇਸ ਦੀ ਤਾਂ ਕੋਈ ਸਾਰਥਿਕਤਾ ਹੋ ਸਕਦੀ ਹੈ, ਪਰ ਇਹ ਕਹਿਣ ਦਾ ਦਾਅਵਾ ਕਰਨਾਂ ਕਿ ਕਦੇ ਝੂਠ ਬੋਲਿਆ ਹੀ ਨਹੀਂ , ਇਹ ਆਪਣੇ ਆਪ ‘ਚ ਹੀ ਝੂਠ ਬੋਲਣ ਦਾ ਪ੍ਰਤੱਖ ਪ੍ਰਮਾਣ ਦੇਣ ਦੀ ਗੱਲ ਹੈ। ਕੀ ਝੂਠ ਬੋਲਣ ਦਾ ਕੋਈ ਕਾਰਨ ਦੱਸ ਸਕਦੇ ਹੋ ਕਿ ਕਿਸ ਮਜ਼ਬੂਰੀ ਤਹਿਤ ਤੁਹਾਨੂੰ ਝੂਠ ਬੋਲਣ ਲਈ ਮਜਬੂਰ ਹੋਣਾਂ ਪਿਆ? ਬੰਦੇ ਦੀ ਇਹ ਫਿਤਰਤ ਹੈ ਕਿ ਇਹ ਹਰ ਯਤਨ ਕਰਦਾ ਰਹਿੰਦਾ ਹੈ ਕਿ ਉਹ ਦੂਸਰਿਆਂ ਨੂੰ ਆਪਣੇ ਚੰਗੇ ਤੇ ਵਧੀਆ ਹੋਣ ਦਾ ਪ੍ਰਭਾਵ ਦੇ ਸਕੇ। ਨਿਰੀ ਇਹ ਇਕ ਮ੍ਰਿਗ ਤ੍ਰਿਸ਼ਨਾਂ ਵਾਲੀ ਸਥਿਤੀ ਹੈ। ਵੱਧ ਤੁਸੀਂ ਇਹ ਯਤਨ ਕਰੋਗੇ ਤੇ ਵੱਧ ਹੀ ਆਪਣੀ ਸ਼ਖਸੀਅਤ ਦਾ ਪ੍ਰਭਾਵ ਘਟਾਓਗੇ। ਕਿਉਂ ਨਹੀਂ ਸਧਾਰਨ ਲਹਿਜ਼ੇ ਕਹਿ ਦਿੰਦੇ ਕਿ ਹਾਂ ਇਸ ਤ੍ਹਰਾਂ ਹੋਇਆ ਹੈ ਤੇ ਗੱਲ ਮੁੱਕ ਗਈ। ਆਹੀ ਤਾਂ ਗੱਲ ਹੈ ਕਿ ਅਸੀਂ ਗੱਲ ਤਾਂ ਮੁਕਾਉਣੀ ਹੀ ਨਹੀਂ ਚਾਹੁੰਦੇ ਸਗੋਂ ਇਸ ਨੂੰ ਲਮਕਾਈ ਹੀ ਰੱਖਣਾਂ ਚਾਹੁੰਦੇ ਹਾਂ। ਬੰਦੇ ਦੇ ਅਖੌਤੀ ਵਿਕਸਤ ਹੋਣ ਦਾ ਇਹੀ ਤਾਂ ਬਾਕੀ ਜੀਵ ਜੰਤੂਆਂ, ਪਸ਼ੂ ਪੰਛੀਆਂ ਤੇ ਸਾਧਾਰਨ ਕੁਦਰਤੀ ਜੀਵਨ ਜੀਅ ਰਹੇ ਭਾਈ ਚਾਰੇ ਨਾਲੋਂ ਫਰਕ ਹੈ। ਇਸ ਨੂੰ ਬੰਦਾ ਜਾਤ ਦੀ ਪ੍ਰਗਤੀ ਜਾਂ ਦੁਰਗਤੀ ਕਹਿ ਲਓ। ਝੂਠ ਅਸੀਂ ਬੋਲਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਝੂਠ ਬੋਲ ਹੋ ਰਿਹਾ ਹੈ ਤੇ ਕਈ ਵਾਰੀ ਜਦੋਂ ਪਤਾ ਲੱਗਦਾ ਹੈ ਤਾਂ ਉਸ ਨੂੰ ਛੁਪਾਉਣ ਲਈ ਅਗਲਾ ਹੋਰ ਝੂਠ ਬੋਲ ਜਾਂਦੇ ਹਾਂ; ਇਹ ਸੋਚਦੇ ਹੀ ਨਹੀਂ ਕਿ ਪਹਿਲਾ ਝੂਠ ਬੋਲਿਆ ਤਾਂ ਛੁਪਾ ਨਹੀਂ ਸਕੇ, ਹੁਣ ਦੂਸਰਾ ਜਿਹੜਾ ਬੋਲ ਰਹੇ ਹਾਂ ਪਹਿਲੇ ਨੂੰ ਸੱਚ ਦਰਸਾਉਣ ਲਈ ਉਸ ਦਾ ਕੀ ਇਲਾਜ ਕਰੋਗੇ? ਅਜਿਹਾ ਵਤੀਰਾ ਸਾਡੇ ਰੋਜ਼ਾਨਾਂ ਜੀਵਨ ਦਾ ਸੁਭਾਅ ਬਣ ਕੇ ਰਹਿ ਗਿਆ ਹੈ। ਕਹਿੰਦੇ ਹਨ ਕਿ ਕੋਈ ਚੰਗਾ ਕੰਮ ਕਰਨ ਲਈ ਕਿਸੇ ਦੇ ਸੁਝਾਓ ਦੀ ਲੋੜ ਨਹੀਂ ਹੁੰਦੀ, ਪਰ ਜੇ ਝੂਠ ਨੂੰ ਹੀ ਅਸੀਂ ਚੰਗਾ ਕੰਮ ਸਮਝ, ਆਪਣਾ ਲਿਆ ਹੈ ਤਾਂ ਫਿਰ ਕਿਸੇ ਤੋਂ ਕੋਈ ਸਲਾਹ ਮਸ਼ਬਰਾ ਲੈਣ ਦਾ ਤਾਂ ਕੋਈ ਮੰਤਵ ਹੀ ਨਹੀਂ ਰਹਿ ਗਿਆ।
ਥੋੜੇ ਨਿਜੀ ਮੁਫਾਦ ਲਈ ਅਸੀਂ ਝੂਠ ਬੋਲ ਲੈਣ ਨੂੰ ਉੱਕਾ ਹੀ ਮਾੜਾ ਕੰਮ ਨਹੀਂ ਸਮਝਦੇ: ਸਿਆਸੀ ਤੇ ਸਮਾਜਕ ਵਰਤਾਰੇ ‘ਚ ਤਾਂ ਇਹ ਆਮ ਗੱਲ ਬਣ ਕੇ ਰਹਿ ਗਈ ਹੈ, ਬਲਕਿ ਧਾਰਮਿਕ ਦਾਇਰੇ ‘ਚ ਵੀ ਸ਼ੈਤਾਨ ਰੂਪੀ ਝੂਠ ਦਾ ਦੈਂਤ ਬੜੀ ਹੁਸ਼ਿਆਰੀ ਨਾਲ ਆਪਣਾਂ ਦਖ਼ਲ ਦਿੰਦਾ ਹੈ, ਤੇ ਇੰਝ ਕਿਸੇ ਖ਼ੇਤਰ ‘ਚ ਸਾਨੂੰ ਬਖ਼ਸ਼ਣ ਦੀ ਕਿਰਪਾ ਨਹੀਂ ਕਰਦਾ। ਜ਼ਿੰਦਗੀ ਦੀ ਹਰ ਰਫਤਾਰ ਨਾਲ ਇਹ ਬਰਾਬਰ ਚਲਦਾ ਹੈ। ਇਹ ਸਾਡੇ ਜੀਵਨ ਦਾ ਪ੍ਰਮੁੱਖ ਅੰਗ ਬਣ ਕੇ ਰਹਿ ਗਿਆ ਹੈ। ਨਿਆਣੇ ਝੂਠ ਬੋਲਣ ਤਾਂ ਅਸੀਂ ਉਹਨਾਂ ਨੂੰ ਰੋਕਦੇ ਹਾਂ; ਸਾਨੂੰ ਚੇਤਾ ਭੁੱਲ ਜਾਂਦਾ ਹੈ ਕਿ ਅਸੀਂ ਝੂਠ ਬੋਲਦੇ ਹੀ ਵੱਡੇ ਹੋਏ ਤੇ ਅੱਜ ਉਹਨਾਂ ਨੂੰ ਝੂਠ ਨਾਂ ਬੋਲਣ ਦੀ ਨਸੀਹਤ ਕਰਦੇ ਥੱਕਦੇ ਨਹੀਂ। ਇਹ ਕੇਹੀ ਦਿਆਨਤ ਦਾਰੀ ਦੀ ਉਧਾਹਰਣ ਅਸੀਂ ਸਥਾਪਤ ਕਰਨ ਜਾ ਰਹੇ ਹਾਂ? ਇਹ ਆਪਣੇ ਆਪ ‘ਚ ਇਕ ਹਿਪੋਕ੍ਰਿਟੀਕਲ ਵਤੀਰਾ ਹੈ। ਝੂਠ ਝੂਠ ਹੈ ਚਾਹੇ ਉਹ ਕਿਸੇ ਮਕਸਦ ਲਈ ਵੀ ਕਿਉਂ ਨਾਂ ਬੋਲਿਆ ਹੋਵੇ। ਜ਼ਿੰਦਗੀ ਦੇ ਮਕਸਦ ਹੁੰਦੇ ਹਨ, ਕਿਸੇ ਵੱਡੀ ਮੰਦਭਾਗੀ ਘਟਣਾਂ ਨੂੰ ਟਾਲਣ ਲਈ ਬੋਲਿਆ ਝੂਠ ਉਸਾਰੂ ਯੋਗਦਾਨ ਪਾ ਸਕਦਾ ਹੈ। ਕਿਸੇ ਦੀ ਜਾਨ ਬਚਾਉਣ ਲਈ ਬੋਲਿਆ ਝੂਠ ਸੱਚ ਨਾਲੋਂ ਵਧੀਆ ਕੰਮ ਕਰੇਗਾ: ਪਰ ਜੇ ਸਿਰਫ ਝੂਠ ਝੂਠ ਬੋਲਣ ਦੀ ਬਣੀਂ ਆਦਤ ਕਾਰਨ ਹੀ ਬੋਲਿਆ ਤਾਂ ਉਸ ਦਾ ਕੀ ਮਕਸਦ?
ਮੈਂ ਆਪਣੀ ਹੱਡ ਬੀਤੀ ਸੁਣਾਉਂਦਾਂ। ਇਕ ਦਿਨ ਮੈਂ ਸਵੇਰੇ ਸਵੇਰੇ ਅਖ਼ਬਾਰਾਂ ਲੈਣ ਗਿਆ, ਜਦ ਮੈਂ ਅਖ਼ਬਾਰਾਂ ਦਾ ਥੱਬਾ ਇਕੱਠਾ ਕਰ ਆਪਣੀ ਕਾਰ ‘ਚ ਬੈਠਣ ਲੱਗਾ ਤਾਂ ਇਕ ਅੱਧਖੜ ਉਮਰ ਦਾ ਬੰਦਾ ਕਹਿੰਦਾ ਭਾਜੀ ਮੈਂਨੂੰ ਰੋਟੀ ਖਾਣ ਲਈ ਦੋ ਡਾਲਰ ਦੇ ਦਿਉ, ਸੁਤੇ ਸੁਭਾਅ ਹੀ ਮੈਂ ਮੂੰਂਹੋਂ ਤੜੱਕ ਦੇ ਕੇ ਜੁਆਬ ਕੱਢ ਮਾਰਿਆ ਕਿ ਮੇਰੇ ਕੋਲ ਤਾਂ ਬਟੂਆ ਹੀ ਹੈ ਨਹੀਂ ਤੈਨੂੰ ਮੈਂ ਕਿੱਥੋਂ ਦੋ ਡਾਲਰ ਦੇ ਦਿਆਂ! ਉਹ ਮੇਰਾ ਜੁਆਬ ਸੁਣ ਤੁਰਦਾ ਬਣਿਆਂ। ਅਖ਼ਬਾਰਾਂ ਚੁੱਕ ਕੇ ਮੈਂ ਘਰ ਨੂੰ ਤਾਂ ਆ ਗਿਆ ਪਰ ਘਰੇ ਆ ਕੇ ਮੇਰਾ ਮੁਫ਼ਤ ਦੀਆਂ ਚੁੱਕੀਆਂ ਅਖ਼ਬਾਰਾਂ ਦੇ ਥੱਬੇ ਵਲ, ਮੂੰਹ ਕਰਨ ਨੂੰ ਜੀਅ ਨਾਂ ਕਰੇ, ਪ੍ਹੜਨ ਦੀ ਗੱਲ ਤਾਂ ਪਰੇ ਰਹਿ ਗਈ: ਉਸ ਨੂੰ ਦਿੱਤਾ ਜੁਆਬ ਮੇਰੇ ਅੰਦਰ ਰੋੜੇ ਵਾਂਗ ਰੜਕੇ। ਦੋ ਡਾਲਰ ਬਦਲੇ ਮੈਂ ਕਿੱਡਾ ਝੂਠ ਬੋਲ ਗਿਆ। ਮੇਰੀ ਆਤਮਾਂ ਮੈਨੂੰ ਲ੍ਹਾਣਤਾਂ ਪਾਵੇ ਕਿ ਤੇਰੇ ਈਮਾਨ ਦੀ ਕੀਮਤ ਸਿਰਫ ਦੋ ਡਾਲਰ? ਹਾਂ ਜੇ ਮੈਂ ਇਉਂ ਕਹਿ ਦਿੰਦਾ ਕਿ ਮੈਂ ਨਹੀਂ ਦਿੰਦਾ ਬਈ ਤੂੰ ਕਿਹੜੀ ਸਵੇਰੇ ਸਵੇਰੇ ਰੋਟੀ ਖਾਣੀਂ ਹੈ; ਤੇਰਾ ਤਾਂ ਰਾਤ ਦਾ ਨਸ਼ਾ ਟੁੱਟਾ ਹੋਊ, ਤੂੰਂ ਤਾਂ ਦਾਰੂ ਲਈ ਪੈਸੇ ਮੰਗਦੈਂ ਜਾਂ ਫਿਰ ਕਿਸੇ ਹੋਰ ਨਸ਼ੇ ਲਈ। ਮਨ ਦੀ ਅਸਲੀ ਗੱਲ ਕਹਿਣ ਦੀ ਤਾਂ ਮੇਰੀ ਜੁਅਰਤ ਨਾਂ ਪਈ ਪਰ ਕੋਰਾ ਹੀ ਝੂਠ ਮਾਰ ਦਿੱਤਾ ਕਿ ਮੇਰੇ ਕੋਲ ਤਾਂ ਬਟੂਆ ਹੀ ਹੈ ਨਹੀਂ। ਆਪਣੀ ਆਤਮਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਿਉਂ ਨਾਂ ਚੁੱਪ ਕਰਕੇ ਦੋ ਡਾਲਰ ਦੇ ਦਿੱਤੇ? ਜਦੋਂ ਕਿ ਦੋ ਚਾਰ ਡਾਲਰ ਦੀ ਭਾਨ ਕਾਰ ‘ਚ ਹੋਣਾਂ ਆਮ ਗੱਲ ਹੈ। ਸੋਚਾਂ ਸੋਚ ਸੋਚ ਵਾਰ ਵਾਰ ਮੇਰੇ ਅੰਦਰ ਉਤਰਾ ਝੜਾ ਆਉਂਦੇ ਰਹੇ ਤੇ ਸਾਰਾ ਦਿਨ ਮੈਨੂੰ ਬੇਚੈਨ ਕਰਦੇ ਰਹੇ।
ਲੇਖਕ ਬੜਾ ਜਜ਼ਬਾਤੀ ਤੇ ਸੂਖਮ ਸੁਭਾਅ ਦਾ ਹੁੰਦਾ, ਲਿਖ ਕੇ ਆਪਣੀ ਭਾਵਨਾਂ ਸਾਂਝੀ ਕਰ ਲੈਂਦਾ ਹੈ। ਕਹਾਣੀ, ਕਵਿਤਾ ਤੇ ਲੇਖ ਇਸ ਸੂਖਮ ਸੁਭਾਅ ਦੀ ਹੀ ਉਪਜ ਹੁੰਦੇ ਹਨ। ਮੇਰੇ ਅੰਦਰ ਇਹ ਵੀ ਖਿਆਲ ਆਵੇ ਕਿ ਜੇ ਉਸ ਨੇ ਦੋ ਦੋ ਡਾਲਰ ਇਕੱਠੇ ਕਰਕੇ ਆਪਣੇ ਨਸ਼ੇ ਦੀ ਲੱਤ ਹੀ ਪੂਰੀ ਕਰਨੀਂ ਹੋਵੇ ਤਾਂ ਹੋਰ ਦੁਨੀਆਂ ਕਿਹੜਾ ਨਹੀਂ ਕਰਦੀ? ਮੈਂ ਤਾਂ ਉਸ ਨੂੰ ਇਉਂ ਜੁਆਬ ਦੇ ਦਿੱਤਾ ਜਿਵੇਂ ਮੇਰੇ ਪੈਸੇ ਨਾਂ ਦੇਣ ਨਾਲ ਉਸ ਨੇ ਨਸ਼ਾ ਕਰਨੋਂ ਹਟ ਜਾਣਾਂ ਹੈ। ਜੇ ਜਬਰਦਸਤੀ ਮੈਥੋਂ ਮੇਰਾ ਬਟੂਆ ਹੀ ਖੋਹ ਲੈਂਦਾ ਤਾਂ ਮੇਰੇ ਕੋਲ ਕਿਹੜੀ ਭੰਗੀਆਂ ਵਾਲੀ ਤੋਪ ਸੀ, ਜਿਹੜੀ ਮੈਂ ਚਲਾ ਦੇਣੀ ਸੀ। ਕੀ ਮੇਰੀ ਕੀਮਤ ਸਿਰਫ਼ ਦੋ ਡਾਲਰ ਹੀ ਹੋਈ? ਮੈਂ ਆਪਣੇ ਆਪ ਨੂੰ ਕੋਸ ਰਿਹਾ ਸਾਂ। ਕਦੇ ਮਨ ਸੋਚੇ ਕਿ ਉਸ ਨੇ ਮੈਂਨੂੰ ਸਿੱਧਾ ਕਿਉਂ ਨਾਂ ਕਿਹਾ ਕਿ ਭਾਈ ਮੇਰਾ ਨਸ਼ਾ ਟੁੱਟਿਆ ਮੈਨੂੰ ਦੋ ਡਾਲਰ ਦੇਹ। ਝੂਠ ਤਾਂ ਉਸ ਨੇ ਵੀ ਬੋਲਿਆ, ਝੱਟ ਪੱਟ ਮੈਂ ਭੀ ਝੂਠਾ ਜੁਆਬ ਕੱਢ ਮਾਰਿਆ।
ਕਦੇ ਮੈਂ ਸੋਚਾਂ ਕਿ ਜੇ ਬਟੂਆ ਕੱਢਣ ਲੱਗਿਆਂ ਮੈਥੋਂ ਝਪਟ ਮਾਰ ਕੇ ਬਟੂਆ ਖੋਹ ਲੈਂਦਾ ਤੇ ਇੰਜ ਮੈਂ ਆਪਣਾਂ ਬਚਾਅ ਕਰਨ ਲਈ ਝੂਠ ਬੋਲਿਆ; ਪਰ ਕਾਹਦੇ ਲਈ? ਸਿਰਫ ਦੋ ਡਾਲਰ ਲਈ। ਬੰਦਾ ਜਦੋਂ ਗਲਤੀ ਕਰਦੈ ਤਾਂ ਉਸ ਨੂੰ ਸਹੀ ਸਿੱਧ ਕਰਨ ਲਈ ਮਨ ਦੇ ਅੰਦਰ ਕਈ ਦਲੀਲਾਂ ਘੜਦੈ; ਆਖਿਰ ਕੋਈ ਨਾਂ ਕੋਈ ਜੁਗਤ ਜੁਗਾੜ ਬਣਾ ਆਪਣੇ ਮਨ ਨੂੰ ਢਾਰਸ ਦੇ ਹੀ ਲੈਂਦਾ ਕਿ ਮੈਂ ਜੋ ਕੀਤਾ ਠੀਕ ਹੀ ਕੀਤਾ।
ਕਈ ਵਾਰੀ ਤਾਂ ਸਾਡੀ ਇਹ ਫਿਤਰਤ ਹੀ ਬਣੀਂ ਹੁੰਦੀ ਹੈ ਕਿ ਝੂਠ ਬੋਲਦਿਆਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਝੂਠ ਬੋਲੀ ਤੁਰੇ ਜਾ ਰਹੇ ਹਾਂ। ਸਿਆਸਤਦਾਨਾਂ ਦੀ ਇੱਕ ਖ਼ਾਸ ਜਮਾਤ ਤਾਂ ਝੂਠ ਬੋਲੇ ਬਿਨਾਂ ਸਾਹ ਵੀ ਨਹੀਂ ਲੈ ਸਕਦੀ। ਝੂਠ ਦੇ ਪਲੰਦਿਆਂ ਨਾਲ ਹੀ ਉਹਨਾਂ ਦੀ ਸਿਆਸੀ ਜ਼ਿੰਦਗੀ ਜੁੜੀ ਹੋਈ ਹੁੰਦੀ ਹੈ। ਦੇਖੋ ਚੋਣਾਂ ਸਮੇਂ ਕਿਵੇਂ ਨਵੇਂ ਤੋਂ ਨਵੇਂ ਲਾਰੇ ਲਾਏ ਜਾਂਦੇ ਹਨ, ਚੋਣਾਂ ਜਿੱਤਣ ਮਗਰੋਂ ਕਿਵੇਂ ਉਹਨਾਂ ਹੀ ਕੀਤੇ ਵਾਦਿਆਂ ਦੀਆ ਧਜੀਆਂ ਉਡਾਈਆਂ ਜਾਂਦੀਆਂ ਹਨ। ਲੋਕਾਂ ਦੀ ਯਾਦਆਸ਼ਤ ਦਾ ਫਾਇਦਾ ਉਠਾਉਂਦਿਆਂ ਕਿਵੇਂ ਚਾਰ ਪੰਜ ਸਾਲਾਂ ਮਗਰੋਂ ਉਸੇ ਤ੍ਹਰਾਂ ਮੁੜ ਝੂਠੇ ਲਾਰਿਆਂ ਤੇ ਬਾਅਦਿਆਂ ਦੇ ਟਰੱਕਾਂ ਦੇ ਟਰੱਕ ਲੱਦ ਦਿੰਦੇ ਹਨ ਤੇ ਇਹ ਚੱਕਰ ਜਾਰੀ ਹੀ ਰਹਿੰਦਾ ਹੈ। ਝੂਠ ਦੇ ਪਲੰਦੇ ਖੜੇ ਕਰ ਨਵੀਆਂ ਲੜਾਈਆਂ ਵਿੱਢੀਆਂ ਜਾਂਦੀਆਂ ਹਨ ਤੇ ਇੰਝ ਇਹ ਖੁਦਗਰਜ ਸਿਆਸਤਦਾਨ ਲੋਕਾਂ ਦਾ ਘਾਣ ਕਰਨੋਂ ਵੀ ਨਹੀਂ ਝਿਜਕਦੇ। ਦੇਖੋ ਕਿਵੇਂ ਇਰਾਕ ਤੇ ਹਮਲਾ ਕਰਕੇ, ਝੂਠਾ ਬਹਾਨਾਂ ਇਹ ਘੜਿਆ ਕਿ ਇਰਾਕ ਦੇ ਪ੍ਰਧਾਨ ਸਦਾਮ ਹੁਸੈਨ ਕੋਲ ਬਹੁਤ ਹੀ ਮਾਰੂ ਰਸਾਇਣਕ ਹਥਿਆਰ ਹਨ। ਸਮੇਤ ਅਮਰੀਕਾ, ਇੰਗਲੈਂਡ ਤੇ ਹੋਰ ਨੈਟੋ ਮੁਲਕਾਂ ਨੇ ਕਈ ਸਾਲ ਝੂਠ ਨੂੰ ਸੱਚ ਬਣਾ ਬਣਾ ਕੇ ਇਰਾਕੀ ਲੋਕਾਂ ਨੂੰ ਮਾਰਿਆ ਕੁੱਟਿਆ ਤੇ ਲੁੱਟਿਆ, ਆਖਿਰ ਕੋਈ ਰਸਾਇਣਕ ਹਥਿਆਰ ਨਾਂ ਲੱਭੇ ਤੇ ਮੰਨਣਾ ਪਿਆ ਕਿ ਇਹ ਹਮਲਾ ਕਰਨਾਂ ਗਲਤੀ ਸੀ। ਮੇਰੇ ਅੰਦਰ ਅਜਿਹੀਆਂ ਵਾਪਰੀਆਂ ਘਟਨਾਵਾਂ ਵਾਰੇ ਵਿਚਾਰ ਆ ਕੇ, ਕਿ ਮੈਂ ਦੋ ਡਾਲਰ ਲਈ ਝੂਠ ਬੋਲ ਕੇ ਪ੍ਰੇਸ਼ਾਨ ਹੋ ਰਿਹਾਂ; ਕੀ ਇਹ ਵੱਡੇ ਮੁਲਕਾਂ ਦੇ ਸਿਆਸੀ ਨੇਤਾਵਾਂ ਨੂੰ ਲੱਖਾਂ ਲੋਕਾਂ ਦਾ ਘਾਣ ਕਰਵਾਕੇ ਅਤੇ ਝੂਠ ਦੇ ਪਲੰਦਿਆਂ ਦੇ ਅਧਾਰ ਤੇ ਮੁਲਕੀ ਜੰਗਾਂ ਸ਼ੁਰੂ ਕਰ ਕਰਾ ਕੇ ਰਾਤ ਨੂੰ ਨੀਂਦਰ ਕਿਸ ਤਰ੍ਹਾਂ ਆਉਂਦੀ ਹੈ। ਇਹ ਸੁਆਲ ਮੇਰੇ ਅੰਦਰ ਮੈਂਨੂੰ ਵੱਢ ਵੱਢ ਖਾਈ ਜਾ ਰਿਹੈ। ਇ੍ਹਨਾਂ ਲੀਡਰਾਂ ਦੀ ਜ਼ਮੀਰ ਕਿੱਥੇ ਹੈ?
ਆਮ ਸਾਧਾਰਨ ਕੰਮ ਕਰਕੇ ਜੀਵਨ ਬਸਰ ਕਰਨ ਵਾਲਾ ਜੇ ਟੈਕਸ ਨਾਂ ਅਦਾ ਕਰੇ ਤਾਂ ਕਿਸ ਤ੍ਹਰਾਂ ਟੈਕਸ ਮਹਿਕਮਾਂ ਉਸ ਦੀ ਖਿਚਾਈ ਕਰਦੈ। ਦੂਸਰੇ ਪਾਸੇ ਵੱਡੀਆਂ ਵੱਡੀਆਂ ਕਮਾਈਆਂ ਕਰਨ ਵਾਲੇ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਕਿਵੇਂ ਝੂਠ ਮੂਠ ਦੀਆਂ ਮੁਹੱਈਆ ਕਰਵਾਈਆਂ ਚੋਰ ਮੋਰੀਆਂ ਰਾਹੀਂ ਟੈਕਸ ਦੇਣੋਂ ਬਚ ਨਿਕਲਦੇ ਹਨ। ਕੀ ਇਹ ਸਾਰਾ ਝੂਠ ਦਾ ਪਲੰਦਾ ਨਹੀਂ? ਜੇ ਨਹੀਂ ਤਾਂ ਫਿਰ ਇਹ ਕੀ ਹੈ?ਕੀ ਇਹ ਮੇਰੇ ਖ਼ਿਆਲੀ ਪਲਾਉ ਹੀ ਹਨ ਜਾਂ ਮੈਂ ਜਜ਼ਬਾਤੀ ਹੋ ਜਾਂ ਭਵਕ ਹੋ, ਦੋ ਡਾਲਰ ਦੇ ਝੂਠ ਲਈ ਸੋਚੀ ਜਾ ਰਿਹਾਂ? ਬੰਦਾ ਗੁੰਝਲ਼ਾਂ ਤੇ ਉਲ਼ਝਣਾਂ ‘ਚ ਫਸਿਆ ਪਿਆ, ਇਸੇ ਕਰਕੇ ਇਸ ਦੀ ਜ਼ਿੰਦਗੀ ‘ਚ ਟਿਕਾਓ ਨਹੀਂ ਆਉਂਦਾ; ਇਸੇ ਕਰਕੇ ਇਹ ਭਟਕਣ ‘ਚ ਪਿਆ ਰਹਿੰਦਾ: ਇੱਕ ਗੁੰਝਲ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਦੂਜੀ ‘ਚ ਉਲ਼ਝ ਜਾਂਦਾ। ਇੰਜ ਇਸ ਦੇ ਮਨ ‘ਚ ਸਥਿਰਤਾ ਤੇ ਟਕਾਓ ਨਹੀਂ ਬਣਦੇ। ਬੰਦਾ ਆਪਣੇ ਆਪ ਨੂੰ ਸਹੀ ਸਿੱਧ ਕਰਦਾ, ਸਿੱਧ ਕਰਨ ਦੇ ਯਤਨ ਕਰਦਾ ਹੀ ਖ਼ਫਾ ਹੋਇਆ ਰਹਿੰਦਾ ਹੈ।
ਨਿਰਮਲ ਬਿਰਤੀ ਬੱਚੇ ਬਹੁਤ ਹੀ ਸੱਚੇ ਤੇ ਸਪਸ਼ਟ ਹੁੰਦੇ ਹਨ, ਜੋ ਉਹਨਾਂ ਦੇ ਮਨ ‘ਚ ਹੁੰਦਾ ਉਹ ਝੱਟ ਹੀ ਪ੍ਰਗਟ ਕਰ ਦਿੰਦੇ ਹਨ, ਪਰ ਸਿਆਣੇ ਹੋ ਕੇ ਉਹਨਾਂ ਦੀ ਬਿਰਤੀ ਸਾਡੇ ਵਲ ਵੇਖ ਕੇ ਬਿਗੜ ਜਾਂਦੀ ਹੈ, ਜਾਂ ਸਹਿਜ ਸੁਭਾ ਅਸੀਂ ਹੀ ਬਿਗਾੜ ਦਿੰਦੇ ਹਾਂ। ਬੱਚਿਆਂ ਦੀ ਉੱਤਮ ਬਿਰਤੀ ਤੇ ਨਿਰਸ਼ਲ ਸੁਭਾਅ ਤੋਂ ਅਸੀਂ ਕਿਉਂ ਸੇਧ ਨਹੀਂ ਲੈਂਦੇ? ਇਹ ਬਿਚਾਰ ਆ ਆ ਮੇਰੇ ਅੰਦਰ ਕੁਰਬਲ਼ ਕੁਰਬਲ਼ ਹੋ ਰਹੀ ਹੈ। ਜੇ ਕਿਤੇ ਇਉਂ ਅਸੀਂ ਮਨ ਨੂੰ ਦ੍ਰਿੜਤਾ ਨਾਲ ਪ੍ਰੇਰ ਕੇ ਨੇਮ ਧਾਰ, ਸੱਚ ਨੂੰ ਸਨਮੁੱਖ ਜੀਵਨ ਸੇਧ ਬਣਾਈਏ ਤਾਂ ਉੱਪਰ ਜ਼ਿਕਰ ਕੀਤੀਆਂ ਘਟਨਾਵਾਂ ਕਾਰਨ ਹੋਏ ਬੇਹਿਸਾਬੇ ਕਤਲੇਆਮ, ਆਰਥਿਕ ਨੁਕਸਾਨ ਤੇ ਮਨ ਦੀਆਂ ਪਈਆਂ ਪੁਆਈਆਂ ੳੋਲ਼ਝਣਾਂ ਤੋਂ ਬਚ ਸਕਦੇ ਹਾਂ। ਇੰਝ ਦੋ ਡਾਲਰ ਕੀ, ਕਰੋੜਾਂ ਡਾਲਰਾਂ ਲਈ ਵੀ ਅਸੀਂ ਝੂਠ ਬੋਲਣੋਂ ਮੁਕਤ ਹੋ ਜਾਵਾਂਗੇ।
604-589-5919