ਤਿੰਨ ਮਹੀਨਿਆਂ ਵਿਚ 116 ਕਿਸਾਨਾਂ ਨੇ ਮੌਤ ਗਲ ਲਾਈ; ਲੋਕ ਸਭਾ ‘ਚ ਦਿੱਤੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇਸ ਸਾਲ ਹੁਣ ਤੱਕ 116 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਖੇਤੀ ਸੰਕਟ ਕਾਰਨ ਸਭ ਤੋਂ ਵੱਧ ਖ਼ੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਇਸ ਬਾਅਦ ਪੰਜਾਬ ਤੇ ਤਿਲੰਗਾਨਾ ਦਾ ਨੰਬਰ ਆਉਂਦਾ ਹੈ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਮੋਹਨਭਾਈ ਕੁੰਦੜੀਆ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2015 ਵਿੱਚ ਖੇਤੀ ਸੰਕਟ ਕਾਰਨ ਦੋ ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ ਅਤੇ ਇਕੱਲੇ ਮਹਾਰਾਸ਼ਟਰ ਵਿੱਚ 1841 ਕੇਸ ਸਾਹਮਣੇ ਆਏ ਸਨ।
ਮੰਤਰੀ ਵੱਲੋਂ ਹੇਠਲੇ ਸਦਨ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ 29 ਫਰਵਰੀ ਤੱਕ ਮਹਾਰਾਸ਼ਟਰ ਵਿੱਚ 57 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ ਪੰਜਾਬ ਵਿੱਚ 11 ਮਾਰਚ ਤੱਕ 56 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਕੇਸ ਦਰਜ ਹੋਏ ਹਨ। ਤਿਲੰਗਾਨਾ ਵਿੱਚ ਖ਼ੁਦਕੁਸ਼ੀ ਦੇ ਤਿੰਨ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਤਿੰਨ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਖੇਤੀ ਸੰਕਟ ਕਾਰਨ ਕੁੱਲ 116 ਕਿਸਾਨਾਂ ਤੇ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। ਸੋਕੇ ਦਾ ਪ੍ਰਭਾਵ ਘਟਾਉਣ ਤੇ ਕਿਸਾਨ ਖ਼ੁਦਕੁਸ਼ੀਆਂ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਪੁੱਛਣ ‘ਤੇ ਕੁੰਦੜੀਆ ਨੇ ਦੱਸਿਆ ਕਿ ਸੋਕੇ ਕਾਰਨ ਸਾਲ 2015-16 ਵਿਚ ਪ੍ਰਭਾਵਿਤ ਹੋਈ ਸਾਉਣੀ ਦੀ ਫ਼ਸਲ ਲਈ ਦਸ ਸੂਬਿਆਂ ਵਾਸਤੇ 12,773.34 ਕਰੋੜ ਰੁਪਏ ਦੀ ਰਾਹਤ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਤਿਲੰਗਾਨਾ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਰਾਜਸਥਾਨ ਸੋਕੇ ਦੀ ਮਾਰ ਹੇਠ ਹਨ।
ਇੱਕ ਵੱਖਰੇ ਜਵਾਬ ਵਿੱਚ ਮੰਤਰੀ ਨੇ ਦੱਸਿਆ ਕਿ ਮੌਸਮ ਦੇ ਵਿਗੜੇ ਮਿਜਾਜ਼ ਕਾਰਨ ਹਰਿਆਣਾ ਤੇ ਰਾਜਸਥਾਨ ਵਿੱਚ ਕਣਕ ਸਮੇਤ ਹਾੜ੍ਹੀ ਦੀਆਂ ਫਸਲਾਂ ਦਾ 15.06 ਲੱਖ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਗ਼ੈਰਸੰਸਥਾਗਤ ਕਰਜ਼ੇ ਤੋਂ ਬਚਾਉਣ ਲਈ ਸਰਕਾਰ ਵੱਲੋਂ ਫ਼ਸਲ ਕਰਜ਼ੇ ਤੇ ਖੇਤੀ ਕਰਜ਼ੇ ਘੱਟ ਵਿਆਜ ਦਰ ‘ਤੇ ਦਿੱਤੇ ਜਾ ਰਹੇ ਹਨ।
Check Also
ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ’ਚ ਮਿਲੀ ਹਾਰ ਕੀਤਾ ਸਵੀਕਾਰ
ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲਈ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਚੋਣਾਂ ਦੇ …