Breaking News
Home / ਭਾਰਤ / ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮੱਦਦ ਤੋਂ ਕੇਂਦਰ ਦੀ ਨਾਂਹ

ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮੱਦਦ ਤੋਂ ਕੇਂਦਰ ਦੀ ਨਾਂਹ

ਕਿਸਾਨਾਂ ਦੀ ਮੌਤ ਦਾ ਸਾਡੇ ਕੋਲ ਕੋਈ ਰਿਕਾਰਡ ਨਹੀਂ : ਨਰਿੰਦਰ ਤੋਮਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਅੱਜ ਤੀਜੇ ਦਿਨ ਦੀ ਕਾਰਵਾਈ ਵੀ ਹੰਗਾਮਿਆਂ ਭਰਪੂਰ ਰਹੀ ਹੈ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਦੇ ਹੰਗਾਮਿਆਂ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸੇ ਦੌਰਾਨ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਚੱਲੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਵੀ ਕੇਂਦਰ ਸਰਕਾਰ ਨੇ ਸੰਸਦ ਵਿਚ ਜਵਾਬ ਦਿੱਤਾ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਕੋਲੋਂ ਸਵਾਲ ਪੁੱਛਿਆ ਸੀ ਕਿ ਸਰਕਾਰ ਕੋਲ ਅਜਿਹਾ ਕੋਈ ਅੰਕੜਾ ਹੈ, ਜਿਸ ਵਿਚ ਸ਼ਹੀਦ ਹੋਏ ਕਿਸਾਨਾਂ ਸਬੰਧੀ ਜ਼ਿਕਰ ਹੋਵੇ ਅਤੇ ਪੀੜਤ ਪਰਿਵਾਰਾਂ ਦੀ ਮੱਦਦ ਲਈ ਤਜਵੀਜ਼ ਹੋਵੇ। ਇਸ ’ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਖੇਤੀ ਮੰਤਰਾਲੇ ਕੋਲ ਅੰਦੋਲਨ ਦੌਰਾਨ ਕਿਸਾਨਾਂ ਦੀ ਹੋਈ ਮੌਤ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਅਜਿਹੇ ਵਿਚ ਮੁਆਵਜ਼ਾ ਦੇਣ ਦਾ ਸਵਾਲ ਹੀ ਨਹੀਂ ਉਠਦਾ। ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ 700 ਤੋਂ ਜ਼ਿਆਦਾ ਕਿਸਾਨਾਂ ਦੀ ਜਾਨ ਗਈ ਹੈ। ਧਿਆਨ ਰਹੇ ਕਿ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਪਾਸ ਹੋ ਗਿਆ ਸੀ। ਇਨ੍ਹਾਂ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ 19 ਨਵੰਬਰ ਨੂੰ ਕੀਤਾ ਸੀ। ਮੋਦੀ ਨੇ ਦੇਸ਼ ਕੋਲੋਂ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਸ਼ਾਇਦ ਉਨ੍ਹਾਂ ਦੀ ਤਪੱਸਿਆ ਵਿਚ ਕੋਈ ਕਮੀ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਵਿਚੋਂ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ 12 ਮੈਂਬਰਾਂ ਨੂੰ ਮੁਅੱਤਲ ਕਰਨ ਖਿਲਾਫ ਵਿਰੋਧੀ ਧਿਰ ਦੇ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਧਰਨਾ ਵੀ ਲਗਾਇਆ।

Check Also

ਅਦਕਾਰ ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ

ਲਾਰੈਂਸ ਬਿਸ਼ਨੋਈ ਗੈਂਗ ਨੇ ਦੁਸ਼ਮਣੀ ਖਤਮ ਕਰਨ ਲਈ ਮੰਗੇ ਪੰਜ ਕਰੋੜ ਰੁਪਏ ਮੁੰਬਈ/ਬਿਊਰੋ ਨਿਊਜ਼ : …