‘ਆਪ’ ਦਾ ਕਹਿਣਾ : 16 ਮਾਰਚ ਤੱਕ ਇੰਤਜ਼ਾਰ ਕਰੇ ਏਜੰਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼ਰਾਬ ਘੋਟਾਲਾ ਮਾਮਲੇ ਵਿਚ ਪੁੱਛਗਿੱਛ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 19 ਫਰਵਰੀ ਸੋਮਵਾਰ ਨੂੰ ਵੀ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਸਾਹਮਣੇ ਪੇਸ਼ ਨਹੀਂ ਹੋਏ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਈਡੀ ਦੇ ਸੰਮਨ ਗੈਰਕਾਨੂੰਨੀ ਹਨ। ਕਿਹਾ ਗਿਆ ਕਿ ਜਦੋਂ ਸੰਮਨਾਂ ਸਬੰਧੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ ਤਾਂ ਵਾਰ-ਵਾਰ ਸੰਮਨ ਭੇਜਣ ਦੀ ਜਗ੍ਹਾ ਏਜੰਸੀ ਨੂੰ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਪਾਰਟੀ ਵਲੋਂ ਕਿਹਾ ਗਿਆ ਕਿ 16 ਮਾਰਚ ਨੂੰ ਇਸ ਮਾਮਲੇ ਸਬੰਧੀ ਅਦਾਲਤ ਵਿਚ ਸੁਣਵਾਈ ਹੋਣੀ ਹੈ ਅਤੇ ਈਡੀ ਵੀ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰੇ। ਜ਼ਿਕਰਯੋਗ ਹੈ ਕਿ ਈਡੀ ਨੇ 17 ਫਰਵਰੀ ਨੂੰ ਕੇਜਰੀਵਾਲ ਨੂੰ ਛੇਵੀਂ ਵਾਰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਜਾਂਚ ਏਜੰਸੀ ਕੇਜਰੀਵਾਲ ਨੂੰ 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ 2023 ਅਤੇ 2 ਨਵੰਬਰ 2023 ਨੂੰ ਵੀ ਸੰਮਨ ਭੇਜ ਚੁੱਕੀ ਹੈ।