ਰਾਮ ਮੰਦਿਰ ’ਚ ਨਤਮਸਤਕ ਹੋ ਕੇ ਸੰਤਾਂ ਪਾਸੋਂ ਅਸ਼ੀਰਵਾਦ ਕੀਤਾ ਪ੍ਰਾਪਤ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅਯੁੱਧਿਆ ਪਹੁੰਚ ਰਾਮ ਲੱਲਾ ਦੇ ਦਰਸ਼ਨ ਕੀਤੇ। ਇਸ ਸਬੰਧੀ ਰਿੰਕੂ ਵੱਲੋਂ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ’ਚ ਉਨ੍ਹਾਂ ਲਿਖਿਆ ਕਿ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਯਾਤਰਾ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਅਯੁੱਧਿਆ ਪਹੁੰਚਣ ’ਤੇ ਉਨ੍ਹਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ, ਜਿਸ ਤੋਂ ਬਾਅਦ ਉਹ ਮੰਦਿਰ ਪਹੁੰਚੇ ਅਤੇ ਸੰਤਾਂ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸੁਸ਼ੀਲ ਰਿੰਕੂ ਵੱਲੋਂ ਰਾਮ ਲੱਲਾ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ, ਜਿਸ ’ਚ ਰਾਮ ਲੱਲਾ ਦੀ ਮੂਰਤੀ ਵੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਜਦੋਂ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਣਾ ਸੀ ਉਸ ਸਮੇਂ ਕਈ ਪਾਰਟੀਆਂ ਵੱਲੋਂ ਉਕਤ ਪ੍ਰੋਗਰਾਮ ਦਾ ਬਾਈਕਾਟ ਕੀਤਾ ਗਿਆ ਸੀ। ਭਾਜਪਾ ਵਿਰੋਧੀ ਪਾਰਟੀਆਂ ਦਾ ਕਹਿਣਾ ਸੀ ਕਿ ਰਾਮ ਮੰਦਿਰ ਭਾਜਪਾ ਲਈ ਰਾਜਨੀਤਿਕ ਮੁੱਦਾ ਹੈ, ਜਿਸ ਦੇ ਚਲਦਿਆਂ ਰਾਮ ਲਾਲ ਪ੍ਰਾਣ ਪ੍ਰਤਿਸ਼ਠਾ ਪੋ੍ਰਗਰਾਮ ਦਾ ਕਾਂਗਰਸ ਸਮੇਤ ਕਈ ਪਾਰਟੀਆਂ ਵੱਲੋ ਬਾਈਕਾਟ ਕੀਤਾ ਗਿਆ ਸੀ।