16 C
Toronto
Sunday, October 5, 2025
spot_img
Homeਭਾਰਤਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਪਾਰਟੀ ਖਿਲਾਫ ਚੁੱਕਿਆ ਝੰਡਾ

ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਪਾਰਟੀ ਖਿਲਾਫ ਚੁੱਕਿਆ ਝੰਡਾ

ਰੋਹਤਕ ‘ਚ ‘ਮਹਾ ਪਰਿਵਰਤਨ ਰੈਲੀ’ ਕਰਕੇ 25 ਮੈਂਬਰੀ ਕਮੇਟੀ ਬਣਾਉਣ ਦਾ ਕੀਤਾ ਐਲਾਨ
ਰੋਹਤਕ/ਬਿਊਰੋ ਨਿਊਜ਼ : ਹਰਿਆਣਾ ਵਿਚ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਹੋਰ ਝਟਕਾ ਲੱਗਿਆ ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਪਾਰਟੀ ਖ਼ਿਲਾਫ਼ ਬਗ਼ਾਵਤੀ ਤੇਵਰ ਹੋਰ ਤਿੱਖੇ ਕਰ ਲਏ। ਉਂਜ ਉਨ੍ਹਾਂ ਇਥੇ ਕੀਤੀ ਗਈ ਰੈਲੀ ਦੌਰਾਨ ਪਾਰਟੀ ਛੱਡਣ ਦਾ ਖੁੱਲ੍ਹ ਕੇ ਐਲਾਨ ਨਹੀਂ ਕੀਤਾ। ਕਾਂਗਰਸ ਹਾਈਕਮਾਂਡ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਅਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਉਨ੍ਹਾਂ ਨੂੰ ਪਾਰਟੀ ਵਿਚ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ ਹੈ। ਇਥੇ ਕੀਤੀ ਗਈ ‘ਮਹਾ ਪਰਿਵਰਤਨ ਰੈਲੀ’ ਨੂੰ ਸੰਬੋਧਨ ਕਰਦਿਆਂ ਹੁੱਡਾ ਨੇ 25 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਜੋ ਭਵਿੱਖ ਦਾ ਫ਼ੈਸਲਾ ਲਵੇਗੀ। ਇਸ ਤੋਂ ਜਾਪਦਾ ਹੈ ਕਿ ਉਹ ਆਪਣੇ ਸਮਰਥਕਾਂ ਨਾਲ ਕਾਂਗਰਸ ਨੂੰ ਛੱਡ ਕੇ ਨਵਾਂ ਧੜਾ ਜਾਂ ਪਾਰਟੀ ਬਣਾ ਸਕਦੇ ਹਨ। ਕਮੇਟੀ ਵਿਚ ਉਨ੍ਹਾਂ ਦੇ ਸਮਰਥਕ 13 ਕਾਂਗਰਸ ਵਿਧਾਇਕ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਹਰਿਆਣਾ ਦੇ ਲੋਕਾਂ ਦੇ ਭਵਿੱਖ ਦਾ ਸਵਾਲ ਹੈ ਅਤੇ ਉਹ ਇਕੱਲਿਆਂ ਫ਼ੈਸਲਾ ਨਹੀਂ ਲੈ ਸਕਦੇ ਹਨ ਜਿਸ ਕਰਕੇ 25 ਮੈਂਬਰੀ ਕਮੇਟੀ ਬਣਾਈ ਜਾਵੇਗੀ।
ਹੁੱਡਾ ਮੁਤਾਬਕ ਇਸ ਦਾ ਫ਼ੈਸਲਾ ਬਾਅਦ ‘ਚ ਚੰਡੀਗੜ੍ਹ ਵਿਚ ਐਲਾਨਿਆ ਜਾਵੇਗਾ। ਧਾਰਾ 370 ਨੂੰ ਮਨਸੂਖ਼ ਕਰਨ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ‘ਤੇ ਗੁੰਮਰਾਹ ਹੋ ਗਈ। ਉਨ੍ਹਾਂ ਕਿਹਾ ਕਿ ਭਾਜਪਾ 370 ਦਾ ਸਹਾਰਾ ਲੈ ਕੇ ਹਰਿਆਣਾ ‘ਚ ਆਪਣੀ ਬੇੜੀ ਪਾਰ ਕਰਵਾਉਣਾ ਚਾਹੁੰਦੀ ਹੈ।
ਰੈਲੀ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਹ ਦੁਬਾਰਾ ਹਰਿਆਣਾ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ‘ਚ ਚਾਰ ਉਪ ਮੁੱਖ ਮੰਤਰੀ ਹੋਣਗੇ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ 5 ਹਜ਼ਾਰ ਰੁਪਏ, ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ, ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦੇਣ, ਬੀਪੀਐੱਲ ਪਰਿਵਾਰਾਂ ਨੂੰ 300 ਯੂਨਿਟ ਤੱਕ ਦੀ ਬਿਜਲੀ ਮੁਫ਼ਤ ਦੇਣ, ਮਹਿਲਾਵਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਚ ਮੁਫ਼ਤ ਯਾਤਰਾ, ਬੀਪੀਐੱਲ ਪਰਿਵਾਰਾਂ ਨੂੰ ਦੋ ਰੁਪਏ ‘ਚ ਕਣਕ ਅਤੇ ਚੌਲ ਦੇਣ ਆਦਿ ਜਿਹੇ ਵਾਅਦੇ ਕੀਤੇ।
‘ਮੁਸ਼ਕਲ ਦੌਰ ਵਿਚੋਂ ਲੰਘ ਰਹੀ ਹੈ ਕਾਂਗਰਸ’
ਨਵੀਂ ਦਿੱਲੀ: ਕਾਂਗਰਸ ਆਗੂ ਮੁਕੁਲ ਵਾਸਨਿਕ ਨੇ ਕਿਹਾ ਕਿ ਪਾਰਟੀ ਮੁਸ਼ਕਲ ਘੜੀ ਵਿਚੋਂ ਲੰਘ ਰਹੀ ਹੈ ਪਰ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਵਰਕਰ ਇਕੱਠਿਆਂ ਮੌਜੂਦਾ ਹਾਲਾਤ ਅਤੇ ਨਵੀਂ ਚੁਣੌਤੀਆਂ ਨਾਲ ਨਜਿੱਠ ਲੈਣਗੇ। ਦੱਖਣੀ ਦਿੱਲੀ ਵਿਚ ਕਾਂਗਰਸ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ।

RELATED ARTICLES
POPULAR POSTS