Breaking News
Home / ਨਜ਼ਰੀਆ / ‘ਕਾਕਾ ਜੀ’ ਤੋਂ ‘ਭਾਅ ਜੀ’ ਗੁਰਸ਼ਰਨ ਸਿੰਘ ਤੱਕ ਦਾ ਸਫਰ

‘ਕਾਕਾ ਜੀ’ ਤੋਂ ‘ਭਾਅ ਜੀ’ ਗੁਰਸ਼ਰਨ ਸਿੰਘ ਤੱਕ ਦਾ ਸਫਰ

ਹਰਜੀਤ ਬੇਦੀ
ਜਦੋਂ ਕੋਈ ‘ਭਾਅ ਜੀ’ ਸ਼ਬਦ ਦਾ ਉਚਾਰਣ ਕਰਦਾ ਹੈ ਤਾਂ ਯੁਗਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਕਾਕਾ ਗੁਰਸ਼ਰਨ ਨੇ ਡਾ: ਗਿਆਨ ਸਿੰਘ ਦੇ ਘਰ 16 ਸਤੰਬਰ 1929  ਸ਼ਾਹਾਨਾ ਕਿਸਮ ਦੇ ਪਰਿਵਾਰ ਵਿੱਚ ਜੋ ਅੰਗਰੇਜ਼ਾਂ ਨੂੰ ਸਭਿੱਅਕ ਕੌਮ ਮੰਨਦੇ ਹੋਏ ਉਹਨਾਂ ਦੀ ਜੀਵਨ ਜਾਚ ਵਿੱਚ ਢਲਣ ਦਾ ਕਾਇਲ ਸੀ ਵਿੱਚ ਜਨਮ ਲਿਆ। ਆਧੁਨਿਕ ਸਰੋਕਾਰਾਂ ਵਾਲੇ ਇਸ ਪਰਿਵਾਰ ਵਿੱਚ ਸਿੱਖੀ ਸੰਕਲਪ ਸੰਕੀਰਨ ਨਹੀਂ ਸਗੋਂ ਪ੍ਰਗਤੀਸ਼ੀਲ ਸਨ। ਗੁਰਸ਼ਰਨ ਸਿੰਘ ਦੀ ਮੁੱਢਲੀ ਪੜਾਈ ਮੁਲਤਾਨ ਦੇ ਮਿਊਂਸਪੈਲਟੀ ਦੇ ਅਧੀਨ ਸਕੂਲ ਵਿੱਚ ਹੋਈ ਜਿੱਥੇ ਗੁਰਮੁਖੀ (ਪੰਜਾਬੀ) ਦੀ ਪੜਾਈ ਦਾ ਪਰਬੰਧ ਸੀ। ਉਸੇ ਸਕੂਲ ਵਿੱਚ ਇੱਕ ਦਲਿਤ ਬੱਚਾ ਬੁਧੂਆ ਵੀ ਪੜਦਾ ਸੀ ਜੋ ਸਭ ਤੋਂ ਲਾਇਕ ਵਿਦਿਆਰਥੀ ਸੀ ਉਸ ਦੀ ਲਿਖਾਈ ਮੋਤੀਆਂ ਵਰਗੀ ਸੀ ਪਰ ਉਹ ਤੀਜੀ ਜਮਾਤ ਤੋਂ ਅੱਗੇ ਨਾ ਪੜ ਸਕਿਆ।
ਗੁਰਸ਼ਰਨ ਸਿੰਘ ਦੇ ਪਿਤਾ ਰਿਜ਼ਰਵ ਫੋਰਸ ਵਿੱਚ ਡਾਕਟਰ ਹੋਣ ਕਾਰਨ ਉਸ ਨੂੰ ਕਈ ਸ਼ਹਿਰਾਂ ਦੇ ਸਕੂਲਾਂ ਵਿੱਚ ਪੜਨਾ ਪਿਆ। ਕਈ ਵਰੇ ਬਾਅਦ ਜਦ ਗੁਰਸ਼ਰਨ ਮੁਲਤਾਨ ਗਿਆ। ਉਹ ਸਾਈਕਲ ‘ਤੇ ਜਾ ਰਿਹਾ ਸੀ ਤਾਂ ਉਸ ਦੇ ਕੋਲ ਦੀ ਉਸੇ ਦੀ ਉਮਰ ਦਾ ਹੀ ਇੱਕ ਨੌਜਵਾਨ ਲੰਘਿਆ ਤੇ ਦੋਵੇਂ ਇੱਕ ਦੂਜੇ ਨੂੰ ਦੇਖਕੇ ਲੰਘ ਗਏ ਫਿਰ ਇੱਕ ਦਮ ਪਿੱਛੋਂ ਆਵਾਜ਼ ਆਈ, ‘ਕਾਕਾ ਜੀ’। ਜਦ ਸਾਈਕਲ ਰੋਕ ਕੇ ਪਿਛਾਂਹ ਦੇਖਿਆ ਤਾਂ ਉਹ ਬੁਧੂਆ ਸੀ। ਜਿਸ ਸੜਕ ‘ਤੇ ਗੁਰਸ਼ਰਨ ਸਾਈਕਲ ਭਜਾਈ ਜਾਂਦਾ ਸੀ ਉਸੇ ਤੇ ਉਸਦਾ ਲਾਇਕ ਅਤੇ ਖੁਸ਼ਖੱਤੀ ਵਾਲਾ ਜਮਾਤੀ ਜਮਾਂਦਾਰ ਸੀ। ਉਸ ਦਿਨ ਉਸ ਨੂੰ ਇਹ ਅਹਿਸਾਸ ਬੜੀ ਸ਼ਿੱਦਤ ਨਾਲ ਹੋਇਆ ਕਿ ਉਹ ਖਾਂਦੇ ਪੀਂਦੇ ਘਰ ਦਾ ਬੱਚਾ ਹੋਣ ਕਰਕੇ ਕਾਲਜ ਵਿੱਚ ਪੜ ਰਿਹਾ ਹੈ ਤੇ ਬੁਧੂਆ ਜਮਾਂਦਾਰ ਕਹੇ ਜਾਂਦੇ ਪਰਿਵਾਰ ਦਾ ਬੱਚਾ ਹੋਣ ਕਰਕੇ ਸੜਕ ਤੇ ਝਾੜੂ ਲਾ ਰਿਹਾ ਸੀ। ਗੁਰਸ਼ਰਨ ਸਿੰਘ ਦੇ ਕਹਿਣ ਮੁਤਾਬਕ,”ਜਦ ਵੀ ਮੈਂ ਬਰਾਬਰੀ ਦੇ ਸਮਾਜ ਦਾ ਸੰਦੇਸ਼ ਦੇ ਰਿਹਾ ਹੁੰਦਾ ਹਾਂ, ਉਸ ਸਮੇਂ ਬੁਧੂਆ ਨਾਲ ਹੋਏ ਮੇਲ ਦਾ ਦ੍ਰਿਸ਼ ਮੇਰੇ ਹਿਰਦੇ ਵਿੱਚ ਹੁੰਦਾ ਹੈ”।
ਗੁਰਸ਼ਰਨ ਸਿੰਘ ਨੇ ਜਵਾਨੀ ਵਿੱਚ ਪੈਰ ਧਰਦੇ ਹੀ ‘ਇਪਟਾ’ ਲਹਿਰ ਦਾ ਦੌਰ ਦੇਖਿਆ ਸੀ ਜਿਸ ਵਿੱਚ ਤੇਰਾ ਸਿੰਘ ਚੰਨ ਤੇ ਜੋਗਿੰਦਰ ਬਾਹਰਲਾ ਵਰਗੇ ਰੰਗਮੰਚ ਕਲਾਕਾਰਾਂ ਨੇ ਮਹਾਨ ਸਿਰਜਣਾ ਕੀਤੀ। ਇਸੇ ਤਰਾਂ ਉਸ ਦੌਰ ਦੀਆਂ ‘ਜਲਜ਼ਲਾ’, ‘ਨੀਚਾ ਨਗਰ’,  ਅਤੇ ‘ਦੋ ਬੀਘਾ’ ਜ਼ਮੀਨ ਵਰਗੀਆਂ ਫਿਲਮਾਂ ਵੀ ਆਈਆਂ। ਜਿਨਾਂ ਵਿੱਚ ਕਮਿਊਨਿਸਟ ਵਿਚਾਰਧਾਰਾ ਸੀ, ਧਰਮ ਨਿਰਪੱਖਤਾ ਸੀ, ਗਰੀਬ ਆਦਮੀ ਦੇ ਪੱਖ ਵਿੱਚ ਉਠਦੀ ਆਵਾਜ਼ ਸੀ। ਇਸ ਸਭ ਕੁੱਝ ਦਾ ਗੁਰਸ਼ਰਨ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਅਸਰ ਸੀ। ਆਜ਼ਾਦੀ ਦੇ ਜਸ਼ਨੀ ਦੌਰ ਵਿੱਚ 1951 ਵਿੱਚ ਗੁਰਸ਼ਰਨ ਸਿੰਘ ਨੇ ਭਾਖੜਾ ਡੈਮ ਦੀ ਨੌਕਰੀ ਕਰਦੇ ਸਮੇਂ ਸੱਭਿਆਚਾਰਕ ਸਰਗਰਮੀਆਂ ਸ਼ੂਰੂ ਕੀਤੀਆਂ। ਲੋਕ 15 ਅਗਸਤ ਅਤੇ 26 ਜਨਵਰੀ ਦਾ ਦਿਨ ਇੱਕ ਤਿਉਹਾਰ ਵਾਂਗ ਮਨਾਉਂਦੇ ਸਨ। ਭਾਖੜਾ ਡੈਮ ਪ੍ਰਾਜੈਕਟ ‘ਤੇ ਵੀ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਜਾਂਦਾ ਸੀ ਅਤੇ ਗੁਰਸ਼ਰਨ ਸਿੰਘ ਦੀ ਡਿਊਟੀ ਕਲਾਕਾਰ ਸੱਦਣ ਦੀ ਲਗਦੀ ਸੀ। ਯਮਲਾ ਜੱਟ ਵਰਗੇ ਕਲਾਕਾਰ ਗੁਰਸ਼ਰਨ ਸਿੰਘ ਦੇ ਘਰ ਹੀ ਠਹਿਰਦੇ ਸਨ। ਇਸ ਤਰਾਂ ਦੇ ਇੱਕ ਪ੍ਰੋਗਰਾਮ ਵਿੱਚ ਜਦ ਤਿਆਰੀ ਮੁਕੰਮਲ ਹੋ ਗਈ ਤਾਂ ਗੁਰਸ਼ਰਨ ਸਿੰਘ ਦੀ ਸਲਾਹ ਸੀ, ”ਆਫੀਸਰਜ਼ ਕਲੱਬ ਵਿੱਚ ਵਰਕਰ ਆ ਨਹੀਂ ਸਕਣਗੇ, ਕਿਉਂ ਨਾ ਉਹਨਾਂ ਨੂੰ ਗਰੈਂਡ ਰਿਹਰਸਲ ਵਿੱਚ ਬੁਲਾ ਲਈਏ”। ਜਿਸ ਦੇ ਜਵਾਬ ਵਿੱਚ ਕਿਹਾ ਗਿਆ, ”ਇਹ ਕਲਚਰਲ ਪ੍ਰੋਗਰਾਮ ਹੈ ਗੁਰਸ਼ਰਨ ਸਿੰਘ…! ਇਹਨਾਂ ਵਰਕਰਾਂ ਨੂੰ ਕੀ ਪਤਾ ਕਲਾ ਕੀ ਹੁੰਦੀ ਹੈ ?” ਇਸ ਗੱਲ ਨੇ ਗੁਰਸ਼ਰਨ ਸਿੰਘ ਦੇ ਮਨ ਵਿੱਚ ਰੋਹ ਪੈਦਾ ਕਰ ਦਿੱਤਾ ਕਿ ਕੀ ਕਲਾ ਉੱਤੇ ਵੀ ਵੱਡੇ ਕਹਾਉਂਦੇ ਲੋਕਾਂ ਦੀ ਅਜ਼ਾਰੇਦਾਰੀ ਹੋਵੇਗੀ?  ਗੁਰਸ਼ਰਨ ਸਿੰਘ ਨੇ ਕਲਾਕਾਰਾਂ ਨਾਲ ਗੱਲ ਕਰਕੇ ਅਗਲੇ ਦਿਨ ਵਰਕਰਜ਼ ਕਲੱਬ ਵਿੱਚ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਹੋਣ ਤੋਂ ਬਾਅਦ ਕਲਾਕਾਰਾਂ ਦਾ ਕਹਿਣਾ ਸੀ, ਅਸਲ ਮਜ਼ਾ ਤਾਂ ਅੱਜ ਆਇਆ ਏ! ਲੋਕਾਂ ਦੇ ਸਰਗਰਮ ਹੁਲਾਰੇ ਤਂ ਬਿਨਾਂ ਕਲਾਕਾਰ ਨੂੰ ਮਜ਼ਾ ਕਿਵੇਂ ਆ ਸਕਦਾ ਹੈ?
ਇਸ ਤਰ੍ਹਾਂ ਹਰ ਵਾਰੀ ਨਹੀਂ ਸੀ ਹੋ ਸਕਦਾ। ਇਸ ਲਈ ਗੁਰਸ਼ਰਨ ਸਿੰਘ ਨੇ ਪਹਿਲਾ ਨਾਟਕ ਕਰਤਾਰ ਸ਼ਿਘ ਦੁੱਗਲ ਦਾ ਲਿਖਿਆ ਹੋਇਆ ” ਦੀਵਾ ਬੁਝ ਗਿਆ” ਕੀਤਾ ਜਿਸ ਦਾ ਪ੍ਰਬੰਧਕ ਵੀ ਉਹ ਆਪ ਹੀ ਸੀ। ਇਸ ਨਾਟਕ ਵਿਚਲੇ ਇਸਤਰੀ ਪਾਤਰ ਨੂੰ ਬਜ਼ੁਰਗ ਪਾਤਰ ਵਿੱਚ ਢਾਲਿਆ। ਇਸ ਤਰਾਂ ਰੰਗਮੰਚ ਦੇ ਪਹਿਲੇ ਕਦਮ ਤੇ  ਟੀਮ ਮੁਤਾਬਕ ਤਬਦੀਲੀ ਕੀਤੀ ਤੇ ਗੁਰਸ਼ਰਨ ਸਿੰਘ ਨੇ ਤਬਦੀਲੀ ਦੇ ਰੰਗ ਮੰਚ ਦੀ ਨੀਂਹ ਰੱਖ ਦਿੱਤੀ। ਇਸ ਨਾਟਕ ਤੋਂ ਅਗਲੇ ਦਿਨ ਜਿੱਥੇ ਵੀ ਉਹ ਜਾਂਦਾ ਬੱਚੇ ਉਸ ਦੀ ਸਾਂਗ ਲਾਂਉਂਦੇ ”ਦੀਵਾ ਬੁਝ ਗਿਆ ਹੈ, ਦੀਵਾ ਬੁਝ ਗਿਆ ਹੈ” ਇਸ ਨੇ ਗੁਰਸ਼ਰਨ ਸਿੰਘ ਵਿੱਚ ਅਦਾਕਾਰ ਹੋਣ ਦਾ ਪੱਕਾ ਯਕੀਨ ਪੈਦਾ ਕਰ ਦਿੱਤਾ। ਨੰਗਲ ਵਰਕਰਜ਼ ਕਲੱਬ ਦੀ ਸਟੇਜ ਸਦਾ ਉਸ ਦੇ ਮਨ ਵਿੱਚ ਵਸਦੀ ਰਹੀ ਤੇ ਉਸ ਦੇ ਨਾਂ ਨਾਲ ਥੜਾ ਥੀਏਟਰ ਜੁੜ ਗਿਆ।
ਗੁਰਸ਼ਰਨ ਸਿੰਘ ਨੇ ਆਪਣੀ ਕਲਾ ਨੂੰ ਸਮਾਜਕ ਤਬਦੀਲੀ ਲਈ ਵਰਤਣਾ ਸ਼ੂਰੂ ਕਰ ਦਿੱਤਾ। ਗੁਰਸ਼ਰਨ ਸਿੰਘ ਦੇ ਕਥਨ ਅਨੁਸਾਰ ਜਦੋਂ ਉਹ ਭਾਖੜਾ ਡੈਮ ਉੱਤੇ ਕੰਮ ਕਰ ਰਿਹਾ ਸੀ ਤਾਂ ਪਹਾੜ ਦੀ ਚੋਟੀ ‘ਤੇ ਖੜਾ ਥੱਲੇ ਦੇਖ ਰਿਹਾ ਸੀ। ਡੈਮ ਬਨਾਉਣ ਲਈ ਜਗਾ ਖਾਲੀ ਕਰਨ ਲਈ ਪਾਣੀ ਦੇ ਰੁਖ਼ ਨੂੰ ਮੋੜਨਾ ਸੀ। ਉਸ ਸਮੇਂ ਗੁਰਸ਼ਰਨ ਸਿੰਘ ਨੇ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਹਾ ਸੀ, ”ਕਿ ਅੱਜ ਦੇ ਸਾਇੰਸ ਦੇ ਯੁਗ ਦੇ ਵਿੱਚ ਜੇਕਰ ਅਸੀਂ ਦਰਿਆਵਾਂ ਦਾ ਰੁਖ਼ ਮੋੜ ਸਕਦੇ ਹਾਂ ਤਾਂ ਜ਼ਿੰਦਗੀ ਦੇ ਰੁਖ਼ ਕਿਉਂ ਨਹੀਂ ਮੋੜ ਸਕਦੇ” ਤੇ ਗੁਰਸ਼ਰਨ ਸਿੰਘ ਨੇ ਸਾਰੀ ਉਮਰ ਜ਼ਿੰਦਗੀ ਦਾ ਰੁਖ਼ ਮੋੜਨ ਲਈ ਲਾ ਦਿੱਤੀ। ਗੁਰਸ਼ਰਨ ਸਿੰਘ ਨੇ ਇਹ ਸਮਝ ਲਿਆ ਸੀ ਕਿ ਜੋ ਤਰੱਕੀ ਹੋਈ ਹੈ ਓਹ ਸਿਰਫ਼ ਅਮੀਰਾਂ ਲਈ ਹੋਈ ਹੈ।
ਭਾਅ ਜੀ ਮੁਤਾਬਕ ਕਮਿਊਨਿਸਟ ਹੋਣ ਦਾ ਮਤਲਬ ਨਿਜੀ ਹਿੱਤਾਂ ਨੂੰ ਸਮੂਹ ਦੇ ਹਿੱਤਾਂ ਅਧੀਨ ਰੱਖਣਾ ਹੈ। ਪੀੜਤ ਅਤੇ ਦੱਬੀ ਕੁਚਲੀ ਧਿਰ ਦੀ ਆਵਾਜ਼ ਬਣਨਾ ਹੈ। ਤਾਂ ਜੋ ਸਮਾਜ ਨੂੰ ਤੇ ਦੁਨੀਆਂ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ। ਸਥਿਤੀ ਦਾ ਠੀਕ ਢੰਗ ਨਾਲ ਮੁਲਾਂਕਣ ਕਰ ਕੇ ਲੋਕਾਂ ਨੂੰ ਚੇਤੰਨ, ਜਥੇਬੰਦ ਤੇ ਸੰਘਰਸ਼ਸ਼ੀਲ ਕੀਤਾ ਜਾਵੇ। ਆਪਣਾ ਇਹ ਅਕੀਦਾ ਪੂਰਾ ਕਰਨ ਲਈ ਭਾਅ ਜੀ ਨੇ ਨਾਟਕ ਨੂੰ ਮਾਧਿਅਮ ਬਣਾਇਆ। ਗੁਰਸ਼ਰਨ ਸਿੰਘ ਦਾ ਇਹ ਕਥਨ ਕਿ, ”ਜੇ ਸਮਾਜ ਦੀ ਗੱਲ ਹੀ ਨਹੀਂ ਕਰਨੀ ਤਾਂ ਨਾਟਕ ਕਰਨਾ ਹੀ ਕਿਉਂ ਹੈ”। ਉਹਨਾਂ ਦੇ ਨਾਟਕਾਂ ਤੋਂ ਪ੍ਰਤੱਖ ਰੂਪ ਵਿੱਚ ਉੱਘੜ ਕੇ ਸਾਹਮਣੇ ਆਉਂਦਾ ਹੈ। ਸਮਾਜ ਨੂੰ ਬਦਲਣ ਲਈ ਰਾਜਨੀਤਕ ਬਦਲ ਜ਼ਰੂਰੀ ਹੈ।  ਭਾਅ ਜੀ ਦਾ ਇਹ ਪੱਕਾ ਯਕੀਨ ਸੀ ਕਿ ਅਜੋਕਾ ਨਾ-ਬਰਾਬਰੀ ਵਾਲਾ ਸਮਾਜ ਬਰਾਬਰੀ ਦਾ ਸਮਾਜ ਵਿੱਚ ਜ਼ਰੂਰ ਬਦਲੇਗਾ। ਇਸੇ ਲਈ ਕਮਿਊਨਿਸਟ ਲਹਿਰ ਜਦੋਂ ਮੱਠੀ ਪੈ ਗਈ ਤਾਂ ਇਹ ਕਿਹਾ ਜਾਣ ਲੱਗਾ ਕਿ ਕਾਮਰੇਡਾਂ ਦੀ ਫੱਟੀ ਪੋਚੀ ਗਈ। ਇਸ ਤੇ ਉਹਨਾਂ ਦੇ ਨਾਟਕ ਦੇ ਇੱਕ ਪਾਤਰ ਨੇ ਯਕੀਨ ਨਾਲ ਕਿਹਾ, ”ਜਿੰਨਾਂ ਚਿਰ ਮਨੁੱਖੀ ਨਿਆਂ ਤੇ ਬਰਾਬਰੀ ਵਾਲਾ ਸਮਾਜ ਨਹੀਂ ਬਣਦਾ, ਇਹ ਫੱਟੀ ਪੋਚੀ ਨਹੀਂ ਜਾ ਸਕਦੀ”। ਇਹੀ ਕਾਰਣ ਹੈ ਕਿ ਭਾਅ ਜੀ ਦੇ ਨਾਟਕ ਮੱਧਵਰਗੀ ਸਮੱਸਿਆਵਾਂ ਦੀ ਥਾਂ ਤੇ ਕਿਰਤੀ ਵਰਗ ਦੀਆ ਮੰਗਾਂ ਉਮੰਗਾਂ, ਦੁੱਖਾਂ ਤਕਲੀਫਾਂ ਤੇ ਸਮੱਸਿਆਵਾਂ ਨੂੰ ਉਭਾਰਦੇ ਤੇ ਉਹਨਾਂ ਦੇ ਹੱਲ ਵੱਲ ਇਸ਼ਾਰਾ ਕਰਦੇ ਹਨ।
ਭਾਅ ਜੀ ਗੁਰਸ਼ਰਨ ਸਿੰਘ ਸਾਡੇ ਸਮੇਂ ਦੇ ਨਾਇਕ ਹਨ ਅਤੇ ਉਹ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਨਾਇਕ ਮੰਨਦੇ ਸਨ। ਇਹਨਾਂ  ਨਾਇਕਾਂ ਨੂੰ ਉਹ  ਸਾਧਾਰਨ ਮਨੁੱਖ ਨੂੰ ਸਵੈਮਾਨ ਨਾਲ ਜਿਊਣ, ਹੱਕ ਸੱਚ ਦੀ ਪ੍ਰਾਪਤੀ ਵਾਸਤੇ ਅਤੇ ਜ਼ੁਲਮ ਵਿਰੁੱਧ ਖੜੋਣ ਤੇ ਉਸਦਾ ਟਾਕਰਾ ਕਰਨ ਲਈ ਪੇਸ਼ ਕਰਦੇ ਹਨ। ਉਹ ਇਸ ਗੱਲ ਦੇ ਕਾਇਲ ਸਨ ਸਨ ਕਿ ਬਾਬਾ ਨਾਨਕ ਨੇ ਮਲਕ ਭਾਗੋ ਨੂੰ ਆਮ ਲੋਕਾਂ ਸਾਹਮਣੇ ਖਰੀਆਂ ਖਰੀਆਂ ਸੁਣਾ ਕੇ ਮਲਕ ਭਾਗੋ ਨੂੰ ਨਿੰਦਿਆ ਸੀ। ਆਪਣੇ ਨਾਟਕਾਂ ਵਿੱਚ ਆਪਣੇ ਪਾਤਰਾਂ ਦੇ ਮੂੰਹੋਂ ਅੱਜ ਦੇ ਸੰਦਰਭ ਵਿੱਚ ਉਹੋ ਕੁੱਝ ਕਹਾ ਕੇ ਉਸ ਪਿਰਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਉਹ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਰਹੇ ਕਿ ਮੂਕ ਦਰਸ਼ਕ ਬਣ ਕੇ ਜ਼ੁਲਮ ਹੁੰਦਾ ਦੇਖਦੇ ਰਹਿਣਾ ਉਹਨਾਂ ਤੇ ਅਗਲੀਆਂ ਪੀੜੀਆਂ ਲਈ ਕਿੰਨਾ ਖਤਰਨਾਕ ਹੈ। ਇਹ ਗੱਲ ਉਹਨਾਂ ਆਪਣੇ ਨਾਟਕ ”ਕਿਵ ਕੂੜੈ ਤੁੱਟੈ ਪਾਲਿ” ਵਿੱਚ ਬੜੇ ਜੋਰਦਾਰ ਢੰਗ ਨਾਲ ਕਹੀ ਕਿ , ”ਮੇਰੀ ਧਰਤੀ ਦੇ ਲੋਕੋ ਇਹ ਮੱਤ ਭੁੱਲੋ ਕਿ ਜੇ ਅੱਜ ਕਿਸੇ ਜ਼ੁਲਮ ਨੂੰ ਤਮਾਸ਼ਾਈ ਬਣ ਕੇ ਦੇਖੋਗੇ ਤਾਂ ਕੱਲ ਨੂੰ ਤੁਹਾਡੇ ਬੱਚਿਆਂ, ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਇਸਦੀ ਕੀਮਤ ਤਾਰਨੀ ਪਵੇਗੀ”। ਭਾਅ ਜੀ ਗੁਰਸ਼ਰਨ ਸਿੰਘ ਨੇ ਜ਼ਿੰਦਗੀ ਭਰ ਔਰਤਾਂ ਲਈ ਬਰਾਬਰ ਸਮਾਜਿਕ ਦਰਜਾ, ਮਾਣ ਸਨਮਾਨ, ਉਹਨਾਂ ਦੇ ਹਿੱਤਾਂ ਦੀ ਰੱਖਿਆ ਲਈ ਲੜਾਈ ਜਾਰੀ ਰੱਖੀ ਕਿਉਂਕਿ ਉਹ ਸਮਝਦੇ ਸਨ ਜਦੋਂ ਤੱਕ ਔਰਤਾਂ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਨਹੀਂ ਖਲੋਣਗੀਆਂ ਲੋਕ ਸ਼ਕਤੀ ਨਹੀਂ ਬਣ ਸਕੇਗੀ। ਇਹ ਭਾਅ ਜੀ ਦੀ ਲੰਬੀ ਜਦੋ ਜਹਿਦ ਹੀ ਨਤੀਜਾ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜਾ ਕਾਰਡਾਂ ਵਿੱਚ ਮਾਂ ਦਾ ਨਾਮ ਵੀ ਦਰਜ ਹੋਣ ਲੱਗਾ ਹੈ। ਭਾਅ ਜੀ ਨੂੰ ਇਹ ਗੱਲ ਬਹੁਤ ਹੀ ਚੁੱਭਦੀ ਸੀ ਕਿ ਜਦੋਂ ਦੋ ਮਰਦ ਆਪਸ ਵਿੱਚ ਲੜਦੇ ਹਨ ਤਾਂ ਗਾਲਾਂ ਮਾਵਾਂ ਭੈਣਾਂ ਨੂੰ ਕੱਢੀਆਂ ਜਾਂਦੀਆਂ ਹਨ। ਪਰ ਔਰਤ ਨੂੰ ਅਸ਼ੀਰਵਾਦ ਦਿੰਦੇ ਸਮੇਂ ਵੀ ਲੁਕਵੇਂ ਢੰਗ ਨਾਲ ਅਸੀਸ ਮਰਦਾਂ ਨੂੰ ਦਿੱਤੀ ਜਾਂਦੀ ਹੈ ਜਿਵੇਂ ”ਬੁੱਢ ਸੁਹਾਗਣ ਹੋਵੇਂ” ਪਤੀ ਦੀ ਲੰਬੀ ਉਮਰ ਦੀ ਕਾਮਨਾ ਅਤੇ ”ਤੇਰੇ ਪੁੱਤ ਜੀਂਦੇ ਰਹਿਣ” ਪੁੱਤਰਾਂ ਨੂੰ ਅਸ਼ੀਰਵਾਦ। ਇਸੇ ਤਰਾਂ ਖੱਬੇਪੱਖੀ ਜਥੇਬੰਦੀਆਂ ਵਿੱਚ ਔਰਤਾਂ ਦੀ ਕਾਫੀ ਸ਼ਿਰਕਤ ਹੁੰਦੀ ਹੈ ਪਰ ਉਹਨਾਂ ਵਿੱਚੋਂ ਅਹੁਦੇਦਾਰ ਪ੍ਰਧਾਨ, ਸਕੱਤਰ, ਸੂਬਾ ਕਮੇਟੀ ਮੈਂਬਰ ਔਰਤਾਂ ਵਿੱਚੋਂ ਨਹੀਂ ਹੁੰਦੇ। ਉਹ ਤਾਂ ਬੱਸ ਮਿਹਨਤ ਨਾਲ ਕੰਮ ਕਰੀ ਜਾਂਦੀਆਂ ਹਨ। ਭਾਅ ਜੀ 1947 ਦੀ ਵੰਡ ਦੀ ਗੱਲ ਕਰਦੇ ਤਾਂ ਮਜਬੀ ਜਨੂੰਨ ਵਿੱਚ ਅੰਨੇ ਹੋਏ ਲੋਕਾਂ ਦੀ ਗੱਲ ਕਰਦੇ। ਅਕਾਲੀ ਆਗੂ ਈਸ਼ਰ ਸਿੰਘ ਮਝੈਲ ਅਤੇ ਊਧਮ ਸਿੰਘ ਨਾਗੋਕੇ ਦਾ ਨਾਮ ਲੈਂਦਿਆਂ ਹੀ ਉਹ ਰੋਹ ਵਿੱਚ ਆ ਜਾਂਦੇ ਜਿਨਾਂ ਨੇ ਅੰਮ੍ਰਿਤਸਰ ਵਿੱਚ ਹਾਲ ਬਜ਼ਾਰ ਤੋਂ ਲੈਕੇ ਮੋਚੀ ਬਜ਼ਾਰ ਤੱਕ ਔਰਤਾਂ ਦਾ ਨੰਗਾ ਜਲੂਸ ਕੱਢਿਆ ਸੀ। ਮਜਬੀ ਦਹਿਸ਼ਤਗਰਦੀ ਤੇ ਸਿਆਸਤ ਦੇ ਨਾਂ ਤੇ ਔਰਤਾਂ ਨੂੰ ਧੂਹੇ ਜਾਣ ਦਾ ਉਨਾਂ ਵਿਰੋਧ ਕੀਤਾ। ਖਾਲਸਤਾਨੀ ਲਹਿਰ ਵੇਲੇ ਜਦ ਜਨੂੰਨ ਦੀ ਹਨੇਰੀ ਚੱਲੀ ਤਾਂ ਉਹਨਾਂ ਹਰ ਤਰੀਕੇ ਨਾਲ ਇਸ ਦਾ ਵਿਰੋਧ ਤੇ ਮੁਕਾਬਲਾ ਕੀਤਾ। ਉਹ ਅਕਸਰ ਕਹਿੰਦੇ, ”ਮੇਰੀਆਂ ਦੋ ਧੀਆਂ ਨੇ ਤੇ ਉਹ ਕਿਸੇ ਮਜਬ ਦੇ ਨਾਂ ਤੇ ਉਸਰੇ ਸਮਾਜ ਵਿੱਚ ਬੰਦਸ਼ਾਂ ਭਰੀਆਂ ਜ਼ਿੰਦਗੀਆਂ ਜੀਣ, ਇਹ ਮੈਨੂੰ ਮਨਜੂਰ ਨਹੀਂ”। ਉਹ ਕਈ ਵਾਰ ਇਹ ਗੱਲ ਕਹਿੰਦਿਆਂ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ। ਇਹ ਗੱਲ ਉਹ ਸਿਰਫ ਆਪਣੀਆਂ ਹੀ ਧੀਆਂ ਵਾਸਤੇ ਨਹੀਂ ਸੀ ਕਹਿੰਦੇ ਸਗੋਂ ਇਸ ਧਰਤੀ ਦੀਆਂ ਸਮੁੱਚੀਆਂ ਧੀਆਂ ਦਾ ਉਹਨਾਂ ਨੂੰ ਫਿਕਰ ਸੀ। ਇਹ ਭਾਵਕਤਾ ਕਿਸੇ ਸਾਧਾਰਣ ਮਨੁੱਖ ਦੀ ਭਾਵੁਕਤਾ ਨਹੀਂ ਸੀ ਜੋ ਬਿਨਾਂ ਸੋਚ ਦੇ ਭਾਵੁਕ ਹੋ ਜਾਵੇ। ਕਮਿਊਨਿਸਟ ਹੋਣ ਕਰ ਕੇ ਇਹ ਸੰਵੇਦਨਸ਼ੀਲਤਾ ਉਹਨਾਂ ਨੂੰ ਉਸ ਫਿਲਾਸਫੀ ਤੋਂ ਮਿਲੀ ਸੀ। ਭਾਅ ਜੀ ਗੁਰਸ਼ਰਨ ਸਿੰਘ ਭਗਤ ਸਿੰਘ ਦੇ ਉਦੇਸ਼ਾਂ ਦੀ ਪੂਰਤੀ ਲਈ ਲਹਿਰ ਉਸਾਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੇ ਲਿਖੇ 200 ਤੋਂ ਵੱਧ ਨਾਟਕਾਂ ਦੀਆਂ ਆਪਣੇ ਮੌਲਿਕ ਅਤੇ ਨਿਵੇਕਲੇ ਅੰਦਾਜ ਅਤੇ ਸ਼ੈਲੀ ਵਿੱਚ ਹਜ਼ਾਰਾਂ ਪੇਸ਼ਕਾਰੀਆਂ ਕਰਕੇ ਅਤੇ ‘ਸਮਤਾ’ , ‘ਸਰਦਲ’ ਅਤੇ ‘ਚਿੰਤਨ’ ਮੈਗਜ਼ੀਨਾਂ ਰਾਹੀ ਉਹਨਾਂ ਦੇ ਆਦਰਸ਼ਾਂ, ਇਨਕਲਾਬ ਪ੍ਰਤੀ ਪਹੁੰਚ ਤੇ ਬਰਾਬਰੀ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਾਰੀ  ਉਮਰ ਲਾ ਦਿੱਤੀ। ਭਾਅ ਜੀ ਦੀ ਉਸਾਰੀ ਹੋਈ ਲਹਿਰ ਨੇ ਭਾਅ ਜੀ ਨੂੰ ਸਾਧਾਰਨ ਕਿਰਤੀ ਲੋਕਾਂ ਦਾ ਨਾਇਕ ਬਣਾ ਦਿੱਤਾ। ਮੋਗਾ ਜ਼ਿਲੇ ਦੇ ਪਿੰਡ ਕੁੱਸਾ ਵਿੱਚ 11 ਜਨਵਰੀ 2006 ਨੂੰ ਉਨ੍ਹਾਂ ਦੇ ਹੋਇਆ ਸਨਮਾਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਹਨਾਂ ਦੇ 27 ਸਤੰਬਰ 2011 ਨੂੰ ਹੋਏ ਵਿਛੋੜੇ ਤੋਂ ਬਾਅਦ 2 ਅਕਤੂਬਰ ਨੂੰ ਚੰਡੀਗੜ੍ਹ, 9 ਅਕਤੂਬਰ ਨੂੰ ਕੁੱਸਾ ਅਤੇ 23 ਅਕਤੂਬਰ ਨੂੰ ਮੋਗਾ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਉਹਨਾਂ ਪ੍ਰਤੀ ਲੋਕਾਂ ਦੇ ਪਿਆਰ ਅਤੇ ਸਤਿਕਾਰ ਦੇ ਸੂਚਕ ਹਨ। ਭਾਅ ਜੀ ਪ੍ਰਤੀ ਅਸਲੀ ਸਤਿਕਾਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ, ਬਰਾਬਰੀ ਵਾਲਾ ਸਮਾਜ ਸਿਰਜਣ ਅਤੇ ਸਮਾਜਵਾਦ ਦੀ ਉਸਾਰੀ ਲਈ ਚੱਲ ਰਹੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਵਿੱਚ ਹੀ ਹੈ।
647-924-9087

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …