Breaking News
Home / ਨਜ਼ਰੀਆ / ਬੀਜੇਪੀ – ਅਕਾਲੀ ਸਿਆਸਤ ਤੇ ਨਵੀਆਂ ਪ੍ਰਸਥਿਤੀਆਂ

ਬੀਜੇਪੀ – ਅਕਾਲੀ ਸਿਆਸਤ ਤੇ ਨਵੀਆਂ ਪ੍ਰਸਥਿਤੀਆਂ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਬੀ.ਜੇ.ਪੀ. ਦਾ ਪਹਿਲਾਂ ਨਾਂ ਜਨਸੰਘ ਸੀ। 1966 ਵਿੱਚ ਪੰਜਾਬੀ ਸੂਬਾ ਨਾ ਮੁਕੰਮਲ ਬਣਿਆ। ਜਨਸੰਘ ਦੀ ਵਿਰੋਧਤਾ ਕਰਕੇ ਪੰਜਾਬੀ ਸੂਬਾ ਬਨਣ ਤੱਕ ਇਹ ਡਟ ਕੇ ਵਿਰੋਧ ਕਰਦੇ ਰਹੇ ਤੇ ਇਸ ਸੂਬੇ ਦੇ ਬਨਣ ਵਿੱਚ ਰੁਕਾਵਟਾਂ ਪਾਈਆਂ ਹਿੰਦੀ ਸੁਰੱਖਿਆ ਸੰਮਤੀ ਰਾਹੀਂ ਸੰਘਰਸ਼ ਵੀ ਕੀਤਾ। ਸੰਤ ਫਤਿਹ ਸਿੰਘ ਸਿਆਸੀ ਨਹੀਂ ਸਨ। ਸੂਬਾ ਬਨਣ ਪਿੱਛੋਂ 1967 ਦੀ ਚੋਣ ਵਿੱਚ ਅਕਾਲੀ ਦਲ,  ਜਨ ਸੰਘ ਤੇ ਕਮਿਊਨਿਸਟ ਰਲ ਕੇ ਚੋਣ ਲੜਨ ਤੋਂ ਬਾਅਦ ਸਰਕਾਰ ਬਣਾਉਣ ਵਿੱਚ ਸਮਰੱਥ ਹੋ ਗਏ। ਅਕਾਲੀ ਦਲ ਤੇ ਜਨ ਸੰਘ ਦਾ ਆਪਸ ਵਿੱਚ ਕੋਈ ਸਰੋਕਾਰ ਨਹੀਂ ਸੀ ਰਲਦਾ। ਸਰਕਾਰ ਲਈ ਸਾਰੇ ਇਕੱਠੇ ਹੋ ਗਏ। ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ। ਪਰ 1967 ਵਿੱਚ ਸ. ਲਛਮਣ ਸਿੰਘ ਗਿੱਲ ਨੇ ਕੁੱਝ ਵਿਧਾਇਕ ਲੈ ਕੇ ਕਾਂਗਰਸ ਤੋਂ ਮੱਦਦ ਲੈ ਕੇ ਸਰਕਾਰ ਬਣਾ ਲਈ। ਕਾਂਗਰਸ ਨੇ ਕੁੱਝ ਸਮਾਂ ਪਿੱਛੋਂ ਪੈਰ ਖਿੱਚ ਲਏ ਤੇ ਸਰਕਾਰ ਟੁੱਟ ਗਈ। ਮੁੱਢ 1969 ਵਿੱਚ ਫੇਰ ਅਕਾਲੀ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਰਹਿਨੁਮਾਈ ਥੱਲੇ ਬਣ ਗਈ। ਸੰਤ ਭਰਾਵਾਂ ਨੇ ਅਪ੍ਰੈਲ 1970 ਵਿੱਚ ਮੁੱਖ ਮੰਤਰੀ ਬਦਲ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬਣਾ ਲਿਆ ਕਿਉਂਕਿ ਜਸਟਿਸ ਸਾਹਿਬ ਜੱਥੇਦਾਰਾਂ ਤੇ ਵਿਧਾਇਕਾਂ ਦੀ ਹਰ ਗੱਲ ਨਹੀਂ ਸੀ ਮੰਨਦੇ ਤੇ ਹਰ ਕੰਮ ਜਾਬਤੇ ਅਨੁਸਾਰ ਹੀ ਕਰਦੇ ਸਨ।
1970 ਵਿੱਚ ਇਨ੍ਹਾਂ ਦੀ ਸਾਂਝੀ ਸਰਕਾਰ ਸੀ। ਮੈਂ ਸਹਾਇਕ ਥਾਣੇਦਾਰ ਮੁੱਖ ਅਫਸਰ ਸੰਗਤ ਸ. ਗੁਰਸ਼ਰਨ ਸਿੰਘ ਜੇਜੀ ਐਸ.ਐਸ.ਪੀ. ਨੇ ਲਾਇਆ। ਉਹ ਪੂਰੇ ਇਮਾਨਦਾਰ ਤੇ ਉੱਚੀ ਸੋਹਰਤ ਰੱਖਦੇ ਸਨ। ਪੁਲਿਸ ਅਫਸਰ ਹੁੰਦਿਆਂ ਭਜਨ ਪਾਠ ਵਿੱਚ ਵੀ ਯਕੀਨ ਸੀ। ਉਸ ਸਮੇਂ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪੰਜਵੇਂ ਤਖਤ ਦੀ ਨਵੀਂ ਇਮਾਰਤ ਸ਼ੁਰੂ ਹੋਣੀ ਸੀ। ਉਨ੍ਹਾਂ ਨੇ ਆਪਣੇ ਚਾਰ ਮੁੱਖ ਅਫਸਰਾਂ ਨੂੰ ਸੱਦ ਕੇ ਕਿਹਾ, ”ਤਖਤ ਦੀ ਨਵੀਂ ਇਮਾਰਤ ਦੀ ਉਸਾਰੀ ਸਾਂਝਾ ਕੰਮ ਹੈ, ਪੁਲਿਸ ਵਾਲੇ ਵੀ ਇਸ ਕੰਮ ਵਿੱਚ ਮਦਤ ਕਰ ਸਕਦੇ ਹਨ।” ਅਸੀਂ ਤਖਤ ਤੇ ਪੈਸੇ ਨਹੀਂ ਸੀ ਭਿਜਵਾਉਣੇ, ਲੋਕਾਂ ਨੂੰ ਪ੍ਰੇਰ ਕੇ ਤਖਤ ਦੀ ਉਸਾਰੀ ਲਈ ਸੀਮਿੰਟ, ਲੋਹਾ ਜਾਂ ਹੋਰ ਲੋੜੀਦਾ ਸਮਾਨ ਭਿਜਵਾਉਣਾ ਸੀ ਤੇ ਕਿਸੇ ਇੱਕ ਤੇ ਭਾਰ ਨਹੀਂ ਸੀ ਪੈਣਾ। ਇੱਕ ਪਿੰਡ ਵਿੱਚੋਂ ਤਕਰੀਬਨ 5 ਹਜ਼ਾਰ ਰੁਪਏ ਦਾ ਸਮਾਨ ਭਿਜਵਾਉਣ ਦੀ ਗੱਲ ਹੋਈ। ਪੈਸੇ ਲੋਕਾਂ ਦੇ ਸਨ, ਰਸੀਦ ਵੀ ਉਨ੍ਹਾਂ ਨੂੰ ਹੀ ਆਉਣੀ ਸੀ। ਲੋਕ ਉਸਤਤ ਕਰਦੇ ਕਹਿੰਦੇ ਸਨ ਕਿ ਸਾਡੇ ਪਿੰਡ ਪਹਿਲਾਂ ਆਓ, ਉਸ ਸਮੇਂ ਨਰਮੇ ਕਾਰਨ ਇਹ ਪੱਟੀ ਪੂਰੀ ਖੁਸ਼ਹਾਲ ਸੀ। ਅਸੀਂ ਥਾਣੇ ਸੰਗਤ ਵਿੱਚੋਂ ਫੱਲੜ, ਪੱਕਾ ਕਲਾਂ ਤੇ ਦੋ ਹੋਰ ਪਿੰਡਾਂ ਤੋਂ ਇਹ ਸਹਾਇਤਾ ਭਿਜਵਾਈ। ਉਸ ਸਮੇਂ ਸ੍ਰੀ ਹਿਤ ਅਭਿਲਾਸ਼ੀ ਵਜਾਰਤ ਵਿੱਚ ਸ਼ਾਮਲ ਸਨ, ਉਨ੍ਹਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਉਨ੍ਹਾਂ ਨੇ ਅਸੈਂਬਲੀ ਵਿੱਚ ਕਹਿ ਦਿੱਤਾ, ”ਬਠਿੰਡਾ ਦਾ ਐਸ.ਐਸ.ਪੀ. ਤਖਤ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾ ਰਿਹਾ ਹੈ।” ਹੁਕਮਨ ਇਹ ਬੰਦ ਹੋ ਗਿਆ। ਅਕਾਲੀ ਦਲ ਪੰਜਾਬ ਵਿੱਚ ਸਿੱਖਾਂ ਦੀ ਪ੍ਰਗਤੀ ਚਾਹੁੰਦਾ ਸੀ। ਜਨ ਸੰਘ ਹਿੰਦੁ ਜਮਾਤ ਸੀ। 1972 ਦੀ ਚੋਣ ਵਿੱਚ ਅਕਾਲੀ ਜਨ ਸੰਘ, ਕਮਿਊਨਿਸ਼ਟ ਪਿਛੜ ਗਏ, ਕਾਂਗਰਸ ਬਹੁਮੱਤ ਵਿੱਚ ਆ ਗਈ ਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ। ਉਹ ਤਕਰੀਬਨ 5-6 ਸਾਲ ਮੁੱਖ ਮੰਤਰੀ ਰਹੇ। ਅਕਾਲੀ ਦਲ ਨੇ ‘ਆਨੰਦਪੁਰ ਸਾਹਿਬ’ ਦਾ ਮਤਾ ਤਿਆਰ ਕੀਤਾ। ਇਸ ਵਿੱਚ ਵੱਧ ਅਧਿਕਾਰਾਂ ਦੀ ਗੱਲ ਕੀਤੀ ਤੇ ਪੰਜਾਬੀ ਸੂਬੇ ਵਿੱਚ ਰਹਿ ਗਈਆਂ ਘਾਟਾਂ ਪੂਰੀਆਂ ਕਰਨ ਲਈ ਜੋਰਦਾਰ ਅਵਾਜ ਉਠਾਉਣ ਦੀ ਗੱਲ ਕੀਤੀ। ਬੀ.ਜੇ.ਪੀ. ਆਨੰਦਪੁਰ ਸਾਹਿਬ ਦੇ ਮਤੇ ਨਾਲ ਸਹਿਮਤ ਨਹੀਂ ਸੀ ਸਗੋਂ ਪੂਰੀ ਵਿਰੋਧੀ ਸੀ ਤੇ ਹੁਣ ਵੀ ਹੈ। ਅਕਾਲੀ ਦਲ ਨੂੰ ਬੀ.ਜੇ.ਪੀ. ਦੀ ਝੋਲੀ ਪਾਉਣਾ ਮੇਰੀ ਸਮਝ ਅਨੁਸਾਰ ਸੰਤ ਫਤਿਹ ਸਿੰਘ ਹੋਰਾਂ ਦੀ ਇੱਕ ਸਿਆਸੀ ਗਲਤੀ ਸੀ, ਜੋ ਸੁਧਰ ਨਹੀਂ ਸਕਦੀ।
1975 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਸ੍ਰੀਮਤੀ ਇੰਦਰਾ ਗਾਂਧੀ ਦੀ ਚੋਣ ਨੂੰ ਨਿਕਾਰ ਕੇ ਸ੍ਰੀ ਰਾਜ ਨਰਾਇਣ ਜਿੱਤੇ ਘੋਸ਼ਿਤ ਕਰ ਦਿੱਤੇ। ਚਾਹੀਦਾ ਤਾਂ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਆਰਜੀ ਪ੍ਰਧਾਨ ਮੰਤਰੀ ਬਣਾ ਦਿੰਦੀ ਤੇ ਚੋਣ ਪਹਿਲਾਂ ਵੀ ਕਰਵਾ ਸਕਦੀ ਸੀ। ਪਰ ਉਹ ਗੱਦੀ ਛੱਡਣੀ ਨਹੀਂ ਸੀ ਚਾਹੁੰਦੇ ਤੇ ਐਮਰਜੈਂਸੀ ਲਾ ਦਿੱਤੀ। ਕਿਸੇ ਤੇ ਅਤਵਾਰ ਵੀ ਔਖਾ ਸੀ, ਕਹਿੰਦੇ ਹਨ ਕਿ ਸ. ਸਵਰਨ ਸਿੰਘ ਨੇ ਉਪਰ ਦਿੱਤੀ ਰਾਇ ਦਿੱਤੀ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ, ਉਨ੍ਹਾਂ ਦੇ ਵਫਾਦਾਰ ਰਹਿਣਗੇ। ਇਸ ਨਾਲ ਸਵਰਨ ਸਿੰਘ ਦੀ ਸ਼ਾਖ ਵੀ ਡਿੱਗੀ। ਦੇਸ਼ ਵਿੱਚ ਵਿਰੋਧੀ ਅਵਾਜ ਉੱਠ ਖੜੀ ਸੀ। ਸ੍ਰੀ ਜੈ ਪ੍ਰਕਾਸ਼ ਨਰਾਇਣ ਨੇ ਸਰਕਾਰ ਵਿਰੋਧੀ ਐਜੀਟੇਸ਼ਨ ਸ਼ੁਰੂ ਕਰ ਦਿੱਤੀ ਸੀ। ਲੁਧਿਆਣੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ। ਦੇਸ਼ ਵਿੱਚ ਆਮ ਲੋਕ ਖੜ੍ਹੇ ਹੋ ਗਏ ਤਾਂ ਐਮਰਜੈਂਸੀ ਲੱਗੀ। ਅਕਾਲੀ ਦਲ ਨੇ ਐਮਰਜੈਂਸੀ ਵਿੱਰੁਧ ਮੋਰਚਾ ਲਾਇਆ ਤੇ ਹਰ ਰੋਜ ਗ੍ਰਿਫਤਾਰੀਆਂ ਦਿੱਤੀਆਂ। ਮੋਰਚੇ ਦੇ ਪਹਿਲੇ ਡਿਕਟੇਟਰ ਜੱਥੇਦਾਰ ਮੋਹਨ ਸਿੰਘ ਤੁੜ ਸਨ। ਪਰ ਅਕਾਲੀਆਂ ਦੇ ਮੋਰਚੇ ਦੀ ਸਫਲਤਾ ਦਾ ਲਾਭ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਮਿਲਿਆ, ਕਿਉਂਕਿ ਉਹ ਨਿਰਵਿਘਨ ਮੋਰਚਾ ਚਲਾਉਂਦੇ ਰਹੇ। ਐਮਰਜੈਂਸੀ 1977 ਵਿੱਚ ਖਤਮ ਹੋਈ ਤਾਂ ਕਾਂਗਰਸ ਵਿਰੋਧੀ ਸਾਰੀ ਆਪੋਜੀਸ਼ਨ ਇਕੱਠੀ ਹੋ ਗਈ ਤੇ ਜਨਤਾ ਪਾਰਟੀ ਦਾ ਨਾਂ ਦਿੱਤਾ। ਅਕਾਲੀ ਜਨ ਸੰਘ ਇਕੱਠੇ ਹੀ ਲੜੇ। ਪਹਿਲੀ ਵਾਰੀ ਅਕਾਲੀ ਦਲ ਦੇ 9 ਮੈਂਬਰ ਲੋਕ ਸਭਾ ਵਿੱਚ ਪੁੱਜੇ। ਮੁਰਾਰਜੀ ਡਿਸਾਈ ਕੱਟੜ ਕਿਸਮ ਦੇ ਪ੍ਰਧਾਨ ਮੰਤਰੀ ਸਨ। ਸਰਕਾਰ ਬਹੁਤਾ ਸਮਾਂ ਚੱਲ ਨਾ ਸਕੀ।
ਕਾਂਗਰਸ ਵਿਰੁੱਧ ਅਕਾਲੀਆਂ ਨੂੰ ਹਿੰਦੂ ਵੋਟ ਦੀ ਲੋੜ ਮਹਿਸੂਸ ਹੁੰਦੀ ਸੀ, ਜੋ ਕਿ ਜਨਸੰਘ ਰਾਹੀਂ ਹੀ ਸੰਭਵ ਸੀ। ਇਸੇ ਤਰ੍ਹਾਂ ਜਨਸੰਘ ਨੂੰ ਸਿੱਖ ਵੋਟ ਦੀ ਲੋੜ ਸੀ, ਦੋਵਾਂ ਦੇ ਮਨ ਇੱਕ ਨਹੀਂ, ਪਰ ਸਮੇਂ ਦੀ ਲੋੜ ਮੁੱਖ ਰੱਖਦਿਆਂ ਇਹ ਸਮਝੌਤਾ ਚੱਲਦਾ ਰਿਹਾ। ਨੌਵੇਂ ਦਹਾਕੇ ਵਿੱਚ ਵਿੱਚ ਜਨਸੰਘ ਦਾ ਨਾਂ ਬੀ.ਜੇ.ਪੀ. ਬਣ ਗਿਆ। ਅੱਤਵਾਦ ਦੇ ਸਮੇਂ ਦੋਵਾਂ ਦੀ ਰੁਚੀ ਤੇ ਚਾਹਤ ਵੱਖੋ-ਵੱਖਰੀ ਸੀ।  1997 ਤੋਂ ਫੇਰ ਇਕੱਠੇ ਹੀ ਚੱਲ ਰਹੇ ਹਨ। ਵਾਜਪਾਈ ਜੀ ਦੀ ਸਰਕਾਰ ਵਿੱਚ ਸ. ਸੁਖਦੇਵ ਸਿੰਘ ਢੀਂਡਸਾ ਪੂਰੇ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਸਟੇਟ ਮੰਤਰੀ ਬਣੇ, ਪਰ ਪੂਰਾ ਮਹਿਕਮੇ ਸੁਖਵੀਰ ਬਾਦਲ ਨੂੰ ਮਿਲਿਆ। ਅਕਾਲੀਆਂ ਨੇ ਆਪਣੀਆਂ ਮੰਗਾਂ ਚੰਡੀਗੜ੍ਹ, ਭਾਖੜਾ, ਪੰਜਾਬੀ ਬੋਲਦੇ ਇਲਾਕੇ, ਆਲ ਇੰਡੀਆ ਗੁਰਦੁਆਰਾ ਐਕਟ ਛੱਡ ਦਿੱਤੀਆਂ। ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਤਾਂ ਹੁਣ ਇਹ ਕਰਨੀ ਹੀ ਭੁੱਲ ਗਏ ਤੇ ਵਜਾਰਤੀ ਕੁਰਸੀਆਂ ਮਾਣਦੇ ਰਹੇ। ਬੀ.ਜੇ.ਪੀ. ਅਕਾਲੀਆਂ ਦੀ ਦਿਲੋਂ ਹਮਦਰਦ ਨਹੀਂ, ਪਰ ਪੰਜਾਬ ਵਿੱਚ ਉਨ੍ਹਾਂ ਦੀ ਗੱਲ ਅਕਾਲੀਆਂ ਬਗੈਰ ਨਹੀਂ ਚੱਲਦੀ। ਇਹ ਦੋਵਾਂ ਦੀ ਮਜਬੂਰੀ ਹੈ। ਨਵਜੋਤ ਸਿੰਘ ਸਿੱਧੂ ਕ੍ਰਿਕਟਰ ਨੂੰ ਅੰਮ੍ਰਿਤਸਰ ਤੋਂ ਬੀ.ਜੇ.ਪੀ. ਨੇ ਐਮ.ਪੀ. ਬਣਵਾਇਆ। ਸਿੱਧੂ ਮਿਹਨਤੀ ਸਨ, ਕੰਮ ਕਰਦੇ ਰਹੇ, ਪਰ ਉਨ੍ਹਾਂ ਦੇ ਸਬੰਧ ਮਜੀਠੀਆ ਨਾਲ ਵਿਗੜ ਗਏ, ਕਿਉਂਕਿ ਦੋਵੇਂ ਅੰਮ੍ਰਿਤਸਰ ਦੀ ਸਰਦਾਰੀ ਚਾਹੁੰਦੇ ਸਨ। ਦੋਵੇਂ ਆਪਸ ਵਿੱਚ ਮੇਲ ਨਾ ਕਰ ਸਕੇ। ਸਿੱਧੂ ਦੀ ਪਹਿਲੀ ਕੇਂਦਰੀ ਲੀਡਰਸਿੱਪ ਵਿੱਚ ਚੱਲਦੀ ਸੀ, ਉਹ ਕਾਂਗਰਸ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਡਟ ਕੇ ਪ੍ਰਚਾਰ ਕਰਦੇ ਰਹੇ ਤਾਂ ਅਕਾਲੀ ਖੁਸ਼ ਸਨ, ਜਦੋਂ ਮਜੀਠੀਏ ਨਾਲ ਵਿਗਾੜ ਹੋਇਆ ਤਾਂ ਅਕਾਲੀਆਂ ਨੇ ਪੈਰ ਪਿੱਛੇ ਖਿੱਚ ਲਏ। ਭਾਵੇਂ ਬੀਬੀ ਸਿੱਧੂ ਮੁੱਖ ਪਾਰਲੀਮੈਂਟ ਸਕੱਤਰ ਹੈ ਅਤੇ ਅਖੀਰ ਤੱਕ ਬੀ.ਜੇ.ਪੀ. ਵਿੱਚ ਰਹਿਣ ਦੀ ਗੱਲ ਕਰਦੇ ਹਨ, ਬਹੁਤ ਚਿਰ ਲਟਕਾ ਕੇ ਸਿੱਧੂ ਨੇ ਬੀ.ਜੇ.ਪੀ. ਤੋਂ ਅਸਤੀਫਾ ਦਿੱਤਾ। ਆਪ ਵਾਲੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਸੀ ਮੰਨਦੇ ਨਾ ਹੀ ਤਕੜਾ ਕਰਨਾ ਚਾਹੁੰਦੇ ਸਨ।
ਵੇਖਣ ਵਾਲੀ ਗੱਲ ਹੈ ਕਿ ਸਿੱਧੂ ਰਾਜ ਸਭਾ ਤੋਂ ਮੁਕਤ ਹੋ ਗਏ। ਹਾਈ ਕਮਾਂਡ ਵਿਰੁੱਧ ਬੋਲੇ ਪਰ ਉਨ੍ਹਾਂ ਤੇ ਕੋਈ ਐਕਸ਼ਨ ਨਾ ਹੋਇਆ ਨਾ ਹੀ ਸੋਚਿਆ ਗਿਆ, ਵੱਡੀ ਪਾਰਟੀ ਹੋਵੇ ਮੋਦੀ ਸਾਹਿਬ ਵਰਗੇ ਪ੍ਰਧਾਨ ਮੰਤਰੀ ਹੋਣ ਤੇ ਚੁੱਪ ਕਰਕੇ ਸੁਣਦੇ ਰਹਿਣ, ਵਾਜਬ ਨਹੀਂ ਜਾਪਦਾ। ਸਿੱਧੂ ਬੀਬੀ ਅਕਾਲੀਆਂ ਦੀ ਵੱਡੀ ਅਲੋਚਕ ਹੈ, ਪਰ ਉਸਨੇ ਅਜੇ ਤੱਕ ਆਪਣਾ ਆਹੁਦਾ ਨਹੀਂ ਛੱਡਿਆ ਅਤੇ ਸਰਕਾਰ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਹਨ, ਮੁੱਖ ਮੰਤਰੀ ਚੁੱਪ ਹਨ, ਪੁੱਛ ਹੀ ਨਹੀਂ  ਰਹੇ। ਸਿੱਧੂ ਨਵੇਂ ਫਰੰਟ ਵੱਲ ਚੱਲ ਪਏ ਹਨ ਤੇ ਬੀ.ਜੇ.ਪੀ. ਤੋਂ ਮੁਕਤ ਹੋ ਗਏ ਕੁੱਝ ਬੋਲੇ ਨਹੀਂ। ਇਹ ਕਹਿੰਦੇ ਹਨ ਕਿ ਆਪਣੀਆਂ ਸਰਗਰਮੀਆਂ ਵਧਾਉਣਗੇ, ਪਰ ਬੀਬੀ ਸਰਕਾਰ ਵਿੱਚ ਹੀ ਹੈ, ਇਹ ਗੱਲ ਹਜਮ ਨਹੀਂ ਹੋ ਰਹੀ।
ਪ੍ਰਤੀਤ ਹੁੰਦਾ ਹੈ, ਕਿ ਬੀ.ਜੇ.ਪੀ. ਵੀ ਅਕਾਲੀਆਂ ਵਿਰੁੱਧ ਸੁਹਿਰਦ ਨਹੀਂ, ਉਹ ਸਿੱਧੂ ਜੋੜੀ ਨੂੰ ਖਤਮ ਕਰਨਾ ਨਹੀਂ ਚਾਹੁੰਦੀ। ਪੰਜਾਬ ਨੂੰ ਕੇਂਦਰ ਤੋਂ ਕੋਈ ਮਦਤ ਨਹੀਂ ਮਿਲ ਰਹੀ। ਚੋਣਾਂ ਸਿਰ ਤੇ ਹਨ, ਪੰਜਾਬ ਸਿਰ 175 ਹਜ਼ਾਰ ਕਰੋੜ ਦਾ ਕਰਜਾ ਖੜ੍ਹਾ ਹੈ। ਕਰਜੇ ਦਾ ਵਿਆਜ ਵੀ ਮੁੜ ਨਹੀਂ ਰਿਹਾ। ਹੁਣ ਸੁੱਚਾ ਸਿੰਘ ਛੋਟੇਪੁਰ ਵੀ ਇਸ ਫਰੰਟ ਵੱਲ ਝੁਕਾਅ ਕਰ ਗਏ ਹਨ। ਬੈਂਸ ਭਰਾ ਛੇਤੀ ਕੀਤੇ ਅਨੁਸ਼ਾਸ਼ਨ ਵਿੱਚ ਨਹੀਂ ਰਹਿ ਸਕਣਗੇ। ਅਗਲੇ ਦਿਨਾਂ ਵਿੱਚ ਨਵੇਂ ਸਬੰਧ ਬਨਣਗੇ, ਪਰ ਛੇਤੀ ਇੱਕ ਦੂਜੇ ਤੇ ਇਤਬਾਰ ਕਰਨਾ ਵੀ ਔਖਾ ਹੋ ਜਾਏਗਾ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …