ਅਜੀਤ ਸਿੰਘ ਰੱਖੜਾ
ਪਿਛਲੇ ਹਫਤੇ, ਬਰੈਂਪਟਨ ਦੇ ਈਸਟ ਵਿਚ ‘ਜਾਫਰੀ ਕਮਿਓਨਿਟੀ ਸੈਂਟਰ’ ਵਿਖੇ ਇਕ ਮੁਸਲਿਮ ਸ਼ਾਦੀ ਵੇਖਣ ਦਾ ਮੌਕਾ ਮਿਲਿਆ। ਮੇਰੇ ਲਈ ਸਭ ਕੁਝ ਬਹੁਤ ਨਵਾਂ ਅਤੇ ਵਚਿਤਰ ਸੀ ਕਿਓਂ ਕਿ ਮੁਸਲਿਮ ਸ਼ਾਦੀ ਕਦੇ ਵੇਖੀ ਨਹੀਂ ਸੀ। ਦਿਲ ਕੀਤਾ ਕਿ ਆਪਣੇ ਪਾਠਕਾਂ ਤਕ ਇਹ ਜਾਣਕਾਰੀ ਦਿਤੀ ਜਾਵੇ। ਪਾਠਕਾ ਨੂੰ ਕਨੇਡਾ ਵਰਗੇ ਬਹੁਸਭਿਅਕ ਸਮਾਜ ਵਿਚ ਵਿਚਰਣ ਦੀੰ ਸੋਝੀ ਮਿਲੇ। ਇਹ ਫਸਿਲਟੀ ਇਕ ਕਮਿਓਨਿਟੀ ਹਾਲ ਨਾ ਹੋਕੇ ਇਕ ਧਾਰਮਿਕ, ਸੋਸ਼ਿਲ ਐਜੂਕੇਸ਼ਨ ਅਤੇ ਸਿਹਤ ਕੇਂਦਰ ਹੈ। ਡਿਕਸੀ ਗੁਰੂ ਘਰ ਤੋ ਘਟੋ ਘਟ 2 ਗੁਣਾ ਵਡਾ ਹੈ। ਇਸ ਵਿਚਲੀ ਮਸਜਿਦ ਇਸਮਾਈਲੀ ਮੁਸਲਿਮ ਭਾਈਚਾਰੇ ਨਾਲ ਤੁਅਲਕ ਰਖਦੀ ਹੈ। ਇਸ ਇਮਾਰਤ ਵਿਚ ਮਸਜਿਦ, ਲਾਇਬਰੇਰੀ, ਜਿਮ-ਹਾਲ, ਬੈਂਕਟਹਾਲ ਅਤੇ ਹਾਈਸਕੂਲ ਤਕ ਪੜਾਈ ਲਈ ਸੁਵਿਧਾ ਹੈ। ਮਰਦ ਅਤੇ ਔਰਤਾਂ ਦੇ ਏਰੀਏ ਵੱਖ ਵੱਖ ਹਨ। ਕਿਸੇ ਸਮਾਗਮ ਉਪਰ ਮੀਆਂ ਬੀਵੀ ਨੂੰ ਮਸਜਦ ਪਹੁੰਚਦਿਆਂ ਹੀ ਵੱਖ ਵੱਖ ਹੋਣਾ ਪੈ ਜਾਂਦਾ ਹੈ। ਮਰਦਾਂ ਦਾ ਗੇਟ ਇਕ ਤਰਫ ਅਤੇ ਔਰਤਾਂ ਦਾ ਗੇਟ ਬਿਲਕੁਲ ਦੂਸਰੇ ਐਡ ਉਪਰ ਹੈ। ਮੀਆਂ ਬੀਵੀ ਸਮਾਗਮ ਸਮੇਂ ਇਕ ਦੂਸਰੇ ਨੂੰ ਨਾ ਮਿਲ ਸਕਦੇ ਹਨ ਅਤੇ ਨਾ ਹੀ ਇਕ ਦੂਸਰੇ ਨੂੰ ਵੇਖ ਸਕਦੇ ਹਨ। ਗੱਲਬਾਤ ਕਰਨਾ ਹੈ ਤਾਂ ਪਾਰਕਿੰਗ ਏਰੀਆ ਵਿਚ ਜਾਕੇ ਕਰੋ।
ਜਿਸ ਪਰਿਵਾਰ ਦੀ ਲੜਕੀ ਦਾ ਨਿਕਾਹ ਸੀ, ਅਸੀਂ ਉਨ੍ਹਾਂ ਦੇ ਮਹਿਮਾਨ ਸਾਂ। ਐਟਰੀ ਦਾ ਸਮਾ 6 ਵਜੇ ਸੀ। ਅਸੀਂ ਘਰੋ ਬਿਨਾਂ ਕੁਝ ਖਾਧੇ ਪੀਤੇ ਤੁਰ ਪਏ। ਅਕਸਰ ਵਿਆਹ ਉਪਰ ਜਾ ਰਹੇ ਸਾਂ ਜਿਥੇ ਪਹੁੰਚਦਿਆਂ ਹੀ ਸਟਾਰਟਰ ਮਿਲਣਗੇ। ਉੇਥੇ 8 ਵਜ ਗਏ, ਖਾਣ ਪੀਣ ਦਾ ਕੋਈ ਨਾਮੋ ਨਿਸ਼ਾਨ ਕਿਧਰੇ ਨਜ਼ਰੀ ਨਾਂ ਪਿਆ। ਇਧਰੋਂ ਉਧਰੋਂ ਪੁੱਛਿਆਂ ਪਤਾ ਲਗਾ ਕਿ ਨਿਮਾਜ ਬਾਅਦ ਨੀਚੇ ਬੈਂਕਟ ਹਾਲ ਵਿਚ ਚਾਹ ਪਾਣੀ ਮਿਲੇਗਾ। ਨਿਕਾਹ ਦੀ ਰਸਮ 10 ਮਿੰਟ ਵਿਚ ਸੰਪਨ ਹੋ ਗਈ। ਸਟੇਜ ਦੇ ਇਕ ਪਾਸੇ ਦੋਵਾਂ ਪਰਿਵਾਰਾਂ ਦੇ ਆਪਣੇ ਆਪਣੇ ਇਮਾਮ ਕੁਰਸੀਆਂ ਉਪਰ ਬੈਠੇ ਹੋਏ ਸਨ। ਉਨ੍ਹਾਂ ਦੇ ਨਾਲ ਵਿਆਂਧੜ ਮੁੰਡਾ ਅਤੇ ਸਰਵਾਲਾ ਬੈਠੇ ਸਨ। ਦੋਨਾਂ ਬੱਚਿਆਂ ਦੇ ਬਾਪ ਮੂਹਰੇ ਦਰੀਆਂ ਉਪਰ ਬਿਰਾਜਮਾਨ ਸਨ। ਵਿਆਹ ਦੀ ਰਸਮ ਵਜੋਂ ਕੇਵਲ ਕੁਰਸੀਆਂ ਉਪਰ ਬੈਠੇ ਚਾਰੋਂ ਬੰਦਿਆਂ ਦੇ ਬਚਨ ਬਿਲਾਸ ਜਾਂ ਇਕ ਰਜਿਸਟਰ ਉਪਰ ਦਸਖਤ ਹੋਏ। ਸਭ ਕੁਝ ਟੀਵੀ ਸਕਰੀਨਾਂ ਰਾਹੀਂ ਸਾਰੀ ਬਿਲਡਿੰਗ ਵਿਚ ਵੇਖਿਆ ਜਾ ਰਿਹਾ ਸੀ। ਜਨਾਨਖਾਨੇ ਵਿਚ ਵਿਆਂਧੜ ਕੁੜੀ ਇਕ ਕੁਰਸੀ ਉਪਰ ਬੈਠੀ ਇਹ ਸਾਰੀ ਕਾਰਵਾਈ ਵੇਖਦੀ ਰਹੀ, ਪਰ ਕੁੜੀ ਜਾਂ ਔਰਤਾਂ ਨੂੰ ਟੀਵੀ ਕਵਰੇਜ਼ ਦਾ ਹਿੱਸਾ ਨਹੀਂ ਬਣਾਇਆ ਗਿਆ। ਮੇਰੇ ਵਰਗੇ ਮਹਿਮਾਨਾ ਲਈ ਇਹ ਕਾਰਜ ਕੇਵਲ ਮਰਦਾਂ ਦਾ ਆਯੋਜਿਨ ਸੀ ਜਿਥੇ ਕਿਸੇ ਔਰਤ ਦਾ ਕੋਈ ਯੋਗਦਾਨ ਨਹੀਂ।
ਵਿਆਹ ਅਤੇ ਨਿਮਾਜ਼ ਬਾਅਦ ਅਸੀਂ ਕੁੜੀ ਦੇ ਬਾਪ ਨੂੰ ਮੁਬਾਰਕਾ ਕਹੀਆਂ ਅਤੇ ਉਸਨੇ ਇਕ ਕੁਲਫੀ (ਡਖੇ ਵਾਲੀ) ਮੈਨੂੰ ਅਤੇ ਮੇਰੇ ਆਲੇ ਦੁਆਲੇ ਬੈਠਿਆਂ ਨੂੰ ਭੇਂਟ ਕੀਤੀ। ਇਸ ਦੇ ਨਾਲ ਹੀ ਹਰ ਇਕ ਨੂੰ ਆਉਣ ਲਈ ਧੰਨਵਾਦ ਕਹਿ ਦਿਤਾ। ਪੰਜਾਬੀ ਭਾਈਚਾਰੇ ਵਾਲਿਆਂ ਲਈ ਤਾਂ ਇਸ ਤਰ੍ਹਾਂ ਦੀ ਖੁਸ਼ਕੀ, ਬੇਇੱਜ਼ਤੀ ਕਰਨ ਤੁਲ ਸੀ, ਪਰ ਉਨ੍ਹਾਂ ਦਾ ਇਹ ਕਾਰਜ ਇਕ ਧਾਰਮਿਕਤਾ ਸੀ ਅਤੇ ਸਰਬ ਪ੍ਰਵਾਨਿਤ ਰੀਤ ਸੀ। ਜਿਸਨੂੰ ਇਕ ਚੰਗੀ ਰਵਾਇਤ ਕਿਹਾ ਜਾ ਸਕਦੈ। ਇਸ ਪਰੰਪਰਾ ਅਨੁਸਾਰ ਇਕ ਗਰੀਬ ਤੋਂ ਗਰੀਬ ਬੰਦਾ ਵੀ ਆਪਣੀ ਬੇਟੀ ਦੀ ਸ਼ਾਦੀ ਬਿਨਾ ਕਿਸੇ ਫਜ਼ੂਲ ਖਰਚੀ ਦੇ ਕਰ ਸਕਦਾ ਹੈ। ਨੀਚੇ ਜਾਕੇ ਚਾਹ ਪਾਣੀ ਪੀਣ ਦੀ ਖਬਰ ਵੀ ਲੋਕਾਂ ਦੇ ਆਪਣੇ ਅੰਦਾਜ਼ੇ ਸਨ ਕੋਈ ਬੰਦੋਬਸਤ ਨਹੀਂ ਸੀ। ਕੋਈ ਸ਼ਗਨ ਨਹੀਂ ਦਿਤੇ ਲਏ, ਕੋਈ ਕੀਰਤਨ ਨਹੀਂ ਹੋਇਆ ਅਤੇ ਨਾ ਕਿਸੇ ਵੀ ਆਈ ਪੀ ਨੂੰ ਬੋਲਣ ਲਈ ਕਿਹਾ ਗਿਆ। ਮੈਂਨੂੰ ਇਕੱਲੇ ਸਰਦਾਰ ਨੂੰ ਵੇਖ ਇਕ ਨੌ ਜੁਆਨ ਨੇ ਸਾਰੀ ਬਿਲਡਿੰਗ ਦਾ ਟੂਰ ਕਰਨ ਦੀ ਪੇਸ਼ਕਸ਼ ਕੀਤੀ। ਮੇਰੇ ਲਈ ਇਕ ਵਧੀਆ ਮੌਕਾ ਬਣਿਆਂ ਜਾਣਕਾਰੀਆਂ ਲੈਣ ਦਾ। ਉਸਨੇ ਇਕ ਅਜਾਇਬ ਘਰ ਵਰਗਾ ਕਮਰਾ ਵਿਖਾਇਆ ਜਿਥੇ ਸ਼ੀਸ਼ੇ ਜੜੀਆਂ 18 ਵੱਖ ਵੱਖ ਧਾਰਮਿਕ ਬਿਲਡਿੰਗਾਂ ਦੇ ਮਾਡਲ ਸਨ। ਜਿਵੇਂ ਮੱਕਾ, ਮਦੀਨਾ ਅਤੇ ਕਰਬਲਾ ਵਗੈਰਾ। ਇਹ 18 ਮਾਡਲ ਸੰਸਾਰ ਵਿਚ ਮੁਸਲਿਮ ਧਰਮ ਨਾਲ ਜੁੜੀਆਂ ਇਤਹਾਸਿਕ ਮਸਜਿਦਾਂ ਦੇ ਸਿਲਵਰ ਅਤੇ ਗੋਲਡ ਰੰਗ ਦੇ ਮੈਟਲ ਨਾਲ ਬਣਾਏ ਹੋਏ ਸਨ। ਤਾਜ ਮਹੱਲ ਜਾਂ ਸਿੱਖਾ ਦੇ ਹਰੀਮੰਦਰ ਸਾਹਿਬ ਦੀਆਂ ਕਲਾਕਿਰਤੀਆ ਵਾਂਗ ਹੀ ਇਹ ਮਾਡਲ ਸਨ, ਪਰ ਬਹੁਤ ਹੀ ਬੇਸ਼ਕੀਮਤੀ। ਇਨ੍ਹਾਂ ਵਿਚ ਤਿੰਨ ਮਾਡਲ ਔਰਤਾਂ ਦੀ ਯਾਦਗਾਰ ਸਨ। ਬੀਬੀ ਉਮ, ਬੀਬੀ ਫਾਤਿਮਾ ਅਤੇ ਬੀਬੀ ਸਕੀਨਾ (ਪੈਗੰਬਰ ਮੁਹੰਮਦ ਦੀਆਂ ਪਰਿਵਾਰੀ ਔਰਤਾਂ) ਹਰ ਮਾਡਲ ਉਪਰ ਗੁਰੁ ਨਾਨਕ ਦੇ ਪੰਜੇ ਵਾਂਗ ਇਕ ਸੁੰਦਰ ਪੰਜਾ ਦਿਖਦਾ ਹੈ, ਜੋ ਪੈਗੰਬਰ ਮੁਹੰਮਦ ਦੇ 5 ਪ੍ਰੀਵਾਰੀਆਂ ਦਾ ਪ੍ਰਤੀਕ ਦੱਸਿਆ ਗਿਆ। ਲੜਕੇ ਨੇ ਦੱਸਿਆ ਸਾਡਾ ਧਰਮ ਸਿੱਖਾਂ ਨਾਲ ਬਹੁਤ ਮਿਲਦਾ ਜੁਲਦਾ ਹੈ। ਅਸੀ ਇਨ੍ਹਾਂ ਪੰਜਾਂ ਨੂੰ ਤੁਹਾਡੇ ਪੰਜ ਪਿਆਰਿਆਂ ਵਾਗ ਮੰਨਦੇ ਹਾਂ। ਜਿਵੇਂ ਗੁਰੁਦੁਆਰਿਆਂ ਵਿਚ ਬਾਹਰ ਕੜੇ ਅਤੇ ਗੁਟਕੇ ਮੁਫਤ ਭੇਂਟ ਵਜੋਂ ਰੱਖੇ ਹੁੰਦੇ ਹਨ ਇਸੇ ਤਰਜ ਉਪਰ ਉਸ ਕਮਰੇ ਦੇ ਬਾਹਰ ਤਸਵੀ (ਜਪਲੀ ਮਾਲਾ) ਅਤੇ ਕਰਬਲੇ ਸ਼ਹਿਰ ਦੀ ਮਿਟੀ ਦੀਆਂ ਠੀਕਰੀਆਂ ਰੱਖੀਆਂ ਹੋਈਆ ਸਨ।
ਅਭਿਲਾਸੀ ਬੜੇ ਅਦਬ ਨਾਲ ਉਸ ਮਿਟੀ ਨੂੰ ਮਥੇ ਨਾਲ ਲਗਾਉ ਦੇ ਸਨ। ਗੁਰੂ ਘਰਾਂ ਵਾਂਗ ਖੜਕੇ ਅਤੇ ਬੋਲਕੇ ਅਰਦਾਸ ਕਰਨ ਦੀ ਪ੍ਰੰਪਰਾ ਹੈ। ਨਿਮਾਜ਼ ਪਹਿਲੋਂ ਖੜਕੇ ਸ਼ੁਰੂ ਹੁੰਦੀ ਹੈ ਅਤੇ ਉਸ ਤੋਂ ਬਾਅਦ ਮੱਥਾ ਟੇਖਣ ਵਾਂਗ ਕਈ ਵਾਰ ਗੋਡੇ ਰੇਣੀ ਹੋਇਆ ਜਾਂਦਾ ਹੈ। ਜਿਵੇਂ ਗੁਰੁ ਘਰਾਂ ਵਿਖੇ ਸਤਿਨਾਮ ਵਾਹਿਗੁਰੂ ਦੀ ਗੂੰਜ ਕਈ ਵਾਰ ਸੁਣਦੀ ਹੈ, ਇਵੇਂ ਹੀ ‘ਆਮੀਨ’ ਦੀ ਕਈ ਵਾਰ ਆਵਾਜ਼ ਸੁਣਦੀ ਹੈ। ਮਸਜਿਦ ਵਿਚ ਗੁਰੂ ਘਰਾਂ ਵਾਂਗ ਖੁਸ਼ੀ ਦਾ ਇਜ਼ਹਾਰ ਕਰਨ ਲਈ ਤਾੜੀ ਨਹੀਂ ਵੱਜਦੀ। ਸ਼ਰਾਬ ਸਾਰੇ ਨਿਕਾਹ ਦੌਰਾਨ ਕਿਸੇ ਸਮੇਂ ਵੀ ਨਹੀਂ ਵਰਤਾਈ ਜਾਂਦੀ।
ਗਾਈਡ ਲੜਕੇ ਨੇ ਇਕ ਬੜੀ ਚੰਗੀ ਗਲ ਦੱਸੀ। ਕਹਿੰਦਾ ਸੀ ਕਿ ਸਾਡਾ ਪਰਿਵਾਰ ਕੇਵਲ 150 ਸਾਲ ਪਹਿਲਾਂ ਹਿੰਦੂ ਧਰਮ ਤੋਂ ਇਸਮਾਈਲੀ ਧਰਮ ਵਿਚ ਸ਼ਾਮਲ ਹੋਇਆ ਸੀ, ਇਸੇ ਕਾਰਨ ਸਾਡਾ ਗੋਤ ਸ਼ਿਵਜੀ ਹੈ। ਮੇਰੀ ਦਾਦੀ ਦੱਸਿਆ ਕਰਦੀ ਸੀ ਕਿ ਸਾਡੀਆਂ ਔਰਤਾਂ ਵਿਚ ਇਕ ਧਾਰਨਾ ਹੈ ਕਿ ਜੇ ਕਦੇ ਬਿਪਤਾ ਸਮੇ ਕਿਸੇ ਮਰਦ ਦੀ ਜ਼ਰੂਰਤ ਬਣ ਜਾਵੇ ਤਾਂ ਕਿਸੇ ਸਿੱਖ ਦੀ ਮੱਦਦ ਲੈਣੀ ਜਾਇਜ਼ ਮੰਨੀ ਜਾਂਦੀ ਹੈ। ਇਹ ਲੋਕ ਭਰੋਸੇਯੋਗ ਹੁੰਦੇ ਹਨ ਅਤੇ ਕਿਸੇ ਸਿੱਖ-ਮਰਦ ਸ਼ੋਹ ਨੂੰ ਔਰਤਾਂ ਬੁਰਾ ਨਹੀਂ ਮੰਨਦੀਆਂ। ਇਹ ਵੀ ਪਤਾ ਲਗਾ ਕਿ ਇਸੇ ਫਸਿਲਟੀ ਵਿਚ ਫੀਊਨਰਲ ਕਰਨ ਦਾ ਬੰਦੋਬਸਤ ਵੀ ਉਨ੍ਹਾਂ ਦਾ ਆਪਣਾ ਹੈ। ਮੁੰਡੇ ਦੀਆਂ ਜਾਣਕਾਰੀਆਂ ਸੁਣ ਅਤੇ ਸਾਰੀ ਬਿਲਡਿੰਗ ਨੂੰ ਵੇਖ ਮੈਂ ਹੈਰਾਨ ਹੋ ਰਿਹਾਂ ਸਾਂ ਕਿ ਇਹ ਕਿਹੋ ਜਹੀ ਚੰਗੀ ਕੌਮ ਹੈ ਜਿਨ੍ਹਾਂ ਨੇ ਬਾਵਜੂਦ ਸਿੱਖਾਂ ਤੋਂ ਕਿਤੇ ਘਟ ਗਿਣਤੀ ਹੋਣਦੇ ਕਿਡੀ ਵਡੀ ਫਸਿਲਟੀ ਬਣਾ ਰੱਖੀ ਹੈ। ਸਾਡੇ ਸਿੱਖਾਂ ਕੋਲ ਜਿਨ੍ਹਾਂ ਨੂੰ ਇਹ ਲੋਕ ਐਡੇ ਚੰਗੇ ਗਿਣਦੇ ਹਨ ਅਜਿਹਾ ਕੁਝ ਵੀ ਸਾਂਝਾ ਉਪਲੱਬਤ ਨਹੀਂ ਹੈ। ਕੇਵਲ ਇਕ ਦੂਸਰੇ ਦੀਆਂ ਲੱਤਾਂ ਖਿੱਚਣ ਜੋਗੇ ਹਨ।