Breaking News
Home / ਨਜ਼ਰੀਆ / ਬਲਾਤਕਾਰ, ਦਹੇਜ, ਭਰੂਣ ਹੱਤਿਆ : ਕੀ ਕੁੜੀ ਹੋਣਾ ਇਕ ਪਾਪ?

ਬਲਾਤਕਾਰ, ਦਹੇਜ, ਭਰੂਣ ਹੱਤਿਆ : ਕੀ ਕੁੜੀ ਹੋਣਾ ਇਕ ਪਾਪ?

ਡਾ. ਵੰਦਨਾ ਭਾਰਗਵ
ਰਿਸਰਚਰ ਤੇ ਸਕਾਲਰ
ਬਲਾਤਕਾਰ* ਕੀ ਧਵਨਿ ਪੈਦਾ ਕਰਦਾ ਹੈ, ਇਹ ਸ਼ਬਦ ਇਨਸਾਨ ਦੇ ਅੰਦਰ? ਇੱਕ ਇਸਤਰੀ ਦੇ ਪ੍ਰਤੀ ਕਿਸੀ ਪੁਰਸ਼ ਦਾ ਜਬਰਨ ਅੱਤਿਆਚਾਰ, ਇਸ ਤੋਂ ਜ਼ਿਆਦਾ ਜਾਂ ਇਸਤਰੀ ਆਦਮੀ ਦੀ ਹਵਸ ਪੂਰੀ ਕਰਨ ਦਾ ਸਾਧਨ ਹੀ ਹੈ? ਬੱਚੀ ਹੋਵੇ ਜਾਂ ਇੱਕ ਜਵਾਨ ਇਸਤਰੀ ਨੂੰ ਇਨ੍ਹਾਂ ਬਲਾਤਕਾਰੀਆਂ ਨੇ ਇਕ ਹਵਸ ਪੂਰਤੀ ਦਾ ਸਾਧਨ ਹੀ ਜਾਣਿਆ ਹੈ। ਹਾਲ ਹੀ ਵਿੱਚ ਭਾਰਤ ਦੇ ਰਾਜ ਉਤਰ ਪ੍ਰਦੇਸ਼, ਹਾਥਰਸ ਵਿੱਚ ਇੱਕ 19 ਸਾਲ ਦੀ ਕੁੜੀ ਨਾਲ ਹੋਏ ਸਮੂਹਿਕ ਬਲਾਤਕਾਰ ਨੂੰ ਇਨਸਾਨੀਅਤ ਦੇ ਦਾਇਰੇ ਵਿੱਚ ਹੀ ਨਹੀਂ ਲਿਆ ਜਾ ਸਕਦਾ। ਇਨ੍ਹਾਂ ਹਵਸ ਦੇ ਦਰਿੰਦਿਆਂ ਵੱਲੋਂ ਬਲਾਤਕਾਰ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਲੜਕੀ ਦੀ ਜੀਭ ਕੱਟ ਦਿੱਤੀ ਤੇ ਰੀੜ੍ਹ ਦੀ ਹੱਡੀ ਤੋੜ ਦਿੱਤੀ, ਜਿਸ ਤੋਂ ਬਾਅਦ ਉਸ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ।
ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਹਾਥਰਸ ਵਿੱਚ ਹੋਈ ਇਸ ਸ਼ਰਮਸਾਰ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ/ਪੁਲਿਸ ਅਧਿਕਾਰੀਆਂ ਵਲੋਂ ਪੀੜਤਾ ਦੀ ਦੇਹ ਨੂੰ ਉਸਦੇ ਪਰਿਵਾਰ ਨੂੰ ਬਿਨਾ ਦੱਸੇ ਰਾਤ ਦੇ 2.30 ਵਜੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜਿਸ ਉਤੇ ਅਧਿਕਾਰ ਸਿਰਫ ਉਸਦੇ ਪਰਿਵਾਰ ਦਾ ਹੀ ਬਣਦਾ ਸੀ, ਜੋ ਕਿ ਉਨ੍ਹਾਂ ਤੋਂ ਇਹ ਅਧਿਕਾਰ ਖੋਹ ਲਿਆ ਗਿਆ। ਮੌਜੂਦਾ ਸਮੇਂ ਉਤਰ ਪ੍ਰਦੇਸ਼ ਮਾਤਰ ਇੱਕ ਬਲਾਤਕਾਰ ਦੀ ਰਾਜਧਾਨੀ ਬਣ ਕੇ ਹੀ ਰਹਿ ਗਿਆ ਹੈ। ਜਿੱਥੇ ਹਰ ਰੋਜ਼ ਕਿੰਨੇ ਹੀ ਜਬਰ ਜਨਾਹ ਹੁੰਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਤੇ ਰਾਜ ਸਰਕਾਰ ਦੀ ਨਾਕਾਮੀ ਸਾਫ ਨਜ਼ਰ ਆਉਂਦੀ ਹੈ। ਕਿੰਨੀਆਂ ਹੀ ਸਰਕਾਰਾਂ ਆਈਆਂ ਤੇ ਗਈਆਂ ਪਰ ਇਸਤਰੀ ਦੀ ਆਬਰੂ ਤੇ ਜਾਨ ਦੀ ਰੱਖਿਆ ਨਾ ਕਰ ਸਕੀਆਂ। ਵੋਟਾਂ ਦੇ ਸਮੇਂ ਝੂਠੇ ਦਿਲਾਸੇ ਤੇ ਵਾਅਦੇ ਕਰਕੇ ਇਹ ਸਰਕਾਰਾਂ ਭੋਲੀ ਭਾਲੀ ਜਨਤਾ ਦੇ ਵਿਸ਼ਵਾਸ ਨੂੰ ਠੱਗ ਕੇ ਆਪ ਹਾਕਮ ਬਣ ਕੇ ਇਨ੍ਹਾਂ ਨੂੰ ਰੋਲ ਦਿੰਦੀਆਂ ਹਨ।
ਭਾਰਤ ਵਿਚ ਹਰ 54 ਮਿੰਟਾਂ ਵਿਚ ਕੁੜੀਆਂ ਨਾਲ ਇਹ ਦੁਸ਼ਕਰਮ ਹੁੰਦਾ ਹੈ। ਜਿਸ ਵਿਚ ਭਾਰਤ ਦੀ ਸਰਕਾਰ ਗੂੰਗੀ ਅਤੇ ਅੰਨ੍ਹੀ ਬਣੀ ਹੋਈ ਹੈ। ਸਾਲ 2019 ਵਿਚ ਡਾ.ਪ੍ਰੀਯੰਕਾ ਰੇਡੀ ਨਾਲ ਹੋਏ ਸਮੂਹਿਕ ਬਲਾਤਕਾਰ ਤੋਂ ਬਾਅਦ ਬਲਾਤਕਾਰੀਆਂ ਵਲੋਂ ਉਸ ਨੂੰ ਜਿੰਦਾ ਜਲਾ ਦਿੱਤਾ ਗਿਆ ਸੀ, ਹੁਣ ਪਤਾ ਨਹੀਂ ਰੋਜ਼ ਕਿੰਨੀਆਂ ਨਿਰਭਯਾ ਇਸ ਹਵਸ ਦੇ ਦਰਿੰਦੀਆਂ ਦੀ ਬਲੀ ਚੜ੍ਹਦੀਆਂ ਹਨ। ਕੀ ਕੁੜੀ ਹੋਣਾ ਇਕ ਪਾਪ ਹੈ? ਕਦੇ ਇਹ ਕੁੜੀ ਬਣ ਕੇ ਜਾਂ ਤਾਂ ਭਰੂਣ ਵਿਚ ਮਾਰੀ ਜਾਂਦੀ ਹੈ, ਜਾਂ ਫਿਰ ਬੜੇ ਹੋ ਕੇ ਬਲਾਤਕਾਰ ਦਾ ਸ਼ਿਕਾਰ ਹੋ ਕੇ ਜਾਂ ਇਕ ਵਿਆਹੁਤਾ ਬਣ ਕੇ ਦਹੇਜ਼ ਦੀ ਬਲੀ ਚੜ੍ਹ ਜਾਵੇ, ਜਲਾਈ ਜਾਂ ਸਾੜੀ ਜਾਵੇ। ਕੀ ਕੁੜੀ ਬਣ ਕੇ ਉਸਦੀ ਕਿਸਮਤ ਵਿਚ ਇਹ ਹੀ ਸਹਿਣਾ ਧੁਰ ਤੋਂ ਹੀ ਲਿਖ ਦਿੱਤਾ ਗਿਆ ਸੀ। ਕੀ ਇਕ ਔਰਤ ਸਮਾਜ ਦੀਆਂ ਇਛਾਵਾਂ ਦੀ ਪੂਰਤੀ ਦਾ ਸਾਧਨ ਬਣਨ ਲਈ ਹੀ ਪੈਦਾ ਹੁੰਦੀ ਹੈ? ਘਰੇਲੂ ਹਿੰਸਾ, ਸੈਕਸੂਅਲ ਹਿੰਸਾ, ਸਰੀਰਕ/ਮਾਨਸਿਕ ਹਿੰਸਾ ਔਰਤ ਨੂੰ ਹਰ ਤਰ੍ਹਾਂ ਨਾਲ ਪ੍ਰਤਾੜਿਤ ਕੀਤਾ ਜਾਂਦਾ ਹੈ। ਇਹ ਪੁਰਸ਼ ਪ੍ਰਧਾਨ ਸਮਾਜ ਨੇ ਆਪਣੇ ਹੀ ਮਾਪਦੰਡ ਬਣਾ ਕੇ ਔਰਤ ਨੂੰ ਆਪਣੀ ਹਵਸਪੂਰਤੀ ਦਾ ਸਾਧਨ ਬਣਾ ਛੱਡਿਆ ਹੈ। ਸਾਡੀਆਂ ਸਰਕਾਰਾਂ ਔਰਤਾਂ ਦੇ ਪ੍ਰਤੀ ਹੁੰਦੇ ਇਸ ਅਪਰਾਧਾਂ ਦੇ ਪ੍ਰਤੀ ਪੂਰੀ ਤਰ੍ਹਾਂ ਨਾਕਾਮ ਤੇ ਅਪਰਾਧੀਆਂ ਸਾਹਮਣੇ ਨਤਮਸਤਕ ਹੈ। ਕਈ ਵਾਰ ਤਾਂ ਇਨ੍ਹਾਂ ਦੇ ਆਪਣੀ ਹੀ ਸਰਕਾਰ ਦੇ ਨੁਮਾਇੰਦੇ ਹੀ ਇਨ੍ਹਾਂ ਬਲਾਤਕਾਰ ਵਰਗੇ ਅਪਰਾਧਾਂ ਵਿਚ ਸ਼ਾਮਲ ਹੁੰਦੇ ਹਨ, ਜਿਸ ਕਰਕੇ ਸਰਕਾਰ ਉਸ ਮਸਲੇ ਨੂੰ ਠੰਡਾ ਪਾ ਕੇ ਬੰਦ ਕਰ ਦਿੰਦੀ ਹੈ। ਪੀੜਤਾਂ ਨੂੰ ਇਨਸਾਫ ਮਿਲਦਾ ਹੀ ਨਹੀਂ, ਤਾਰੀਖ ‘ਤੇ ਤਾਰੀਖ, ਸਾਲ ਬਰ ਸਾਲ ਨਿਕਲ ਜਾਂਦੇ ਹਨ, ਪਰ ਇਨਸਾਫ ਨਹੀਂ ਮਿਲਦਾ। ਬਲਾਤਕਾਰੀਆਂ ਨਾਲ ਹਮਦਰਦੀ ਦਾ ਰੁਖ ਵਰਤ ਕੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਜਾਂ 10 ਸਾਲ ਦੀ ਸਜ਼ਾ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਕਈ ਵਾਰ ਇਨ੍ਹਾਂ ਬਲਾਤਕਾਰੀਆਂ ਵਿਰੁੱਧ ਅਦਾਲਤ ਵਿਚ ਪੁਖਤੇ ਸਬੂਤ ਨਾ ਪੇਸ਼ ਹੋਣ ਕਾਰਨ ਇਨ੍ਹਾਂ ਬਲਾਤਕਾਰੀਆਂ ਨੂੰ ਮਾਨਯੋਗ ਅਦਾਲਤ ਵਲੋਂ ਬਰੀ ਵੀ ਕਰ ਦਿੱਤਾ ਜਾਂਦਾ ਹੈ। ਜਿਸਦੇ ਸਿੱਟੇ ਵਜੋਂ ਹੋਰ ਅਪਰਾਧੀ/ਬਲਾਤਕਾਰੀ ਵੀ ਇਸ ਤੋਂ ਮਨੋਬਲ ਲੈ ਕੇ ਬਿਨਾ ਕਿਸੇ ਡਰ ਤੋਂ ਹੋਰ ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਹੋ ਜਾਂਦੇ ਹਨ। ਸਰਕਾਰ ਕੋਲ ਔਰਤਾਂ ਪ੍ਰਤੀ ਹੋ ਰਹੀ ਹਿੰਸਾ ਨੂੰ ਰੋਕਣ ਦਾ ਕੋਈ ਪ੍ਰਾਵਧਾਨ ਨਹੀਂ ਹੈ ਅਤੇ ਨਾ ਹੀ ਸਰਕਾਰ ਇਸ ਵਿਚ ਕੋਈ ਦਿਲਚਸਪੀ ਦਿਖਾਉਂਦੀ ਹੈ। ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਆਏ ਦਿਨ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਆਪਣੇ ਫਾਇਦੇ ਦੀਆਂ ਲੱਖ ਗੱਲਾਂ ਕਰ ਜਾਂਦੇ ਹਨ, ਪਰ ਸਮਾਜ ਵਿਚ ਫੈਲੇ ਹੋਏ ਇਸ ਬਲਾਤਕਾਰ ਵਰਗੇ ਜਾਂ ਔਰਤਾਂ ਪ੍ਰਤੀ ਹੋ ਰਹੀ ਹਿੰਸਾ ਬਾਰੇ ਕਦੇ ਨਹੀਂ ਬੋਲਦੇ। ਦੁਨੀਆ ਭਰ ਦੇ ਮੁੱਦਿਆਂ ‘ਤੇ ਜਿੰਨਾ ਮਰਜ਼ੀ ਬੋਲ ਲਵੇ ਭਾਵੇਂ ਰਾਮ ਮੰਦਰ ਬਣਵਾ ਲਵੋ ਜਾਂ ਬਾਬਰੀ ਮਸਜਿਦ ਢਾਅ ਲੈਣ ਆਦਿ। ਜੋ ਇਸਤਰੀ ਇਸ ਸਮਾਜ ਨੂੰ ਜਨਮ ਦਿੰਦੀ ਹੈ ਜਾਂ ਚਲਾ ਰਹੀ ਹੈ, ਉਸ ਪ੍ਰਤੀ ਕੋਈ ਕਾਨੂੰਨ ਜਾਂ ਉਸਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਹੈ। ਇਹ ਸਰਕਾਰ ਗੂੰਗੀ ਹੋਣ ਦੇ ਨਾਲ-ਨਾਲ ਅੰਨ੍ਹੀ ਵੀ ਹੈ, ਜਿਸ ਨੂੰ ਔਰਤਾਂ ਦੀ ਇਹ ਦਰਦ ਭਰੀ ਪੁਕਾਰ ਨਹੀਂ ਸੁਣਦੀ ਅਤੇ ਨਾ ਹੀ ਇਨ੍ਹਾਂ ਦਾ ਦਰਦ ਦਿਸਦਾ ਹੈ। ਔਰਤ ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ ਹੋਵੇ ਉਸ ‘ਤੇ ਜੁਲਮ ਹੋਣਾ ਨਿਸ਼ਚਿਤ ਹੀ ਹੈ। ਕੁਦਰਤ ਨੇ ਔਰਤ ਨੂੰ ਜਨਮ ਦੇਣ ਦਾ ਵਰਦਾਨ ਦਿੱਤਾ, ਇਨ੍ਹਾਂ ਬਲਾਤਕਾਰੀਆਂ ਨੇ ਇਸ ਵਰਦਾਨ ਨੂੰ ਸ਼ਰਾਪ ਵਿਚ ਬਦਲ ਦਿੱਤਾ ਹੈ। 11 ਸਾਲ ਦੀ ਬੱਚੀ ਨਾਲ ਹੋਏ ਬਲਾਤਕਾਰ ਨੇ ਉਸ ਨੂੰ ਗਰਭਵਤੀ ਕਰਕੇ ਉਸਦੀ ਜ਼ਿੰਦਗੀ ਤਬਾਹ ਕਰ ਦਿੱਤੀ। ਸਮਾਜ ਵਿਚ ਉਸਦੀ ਸਥਿਤੀ ਸ਼ਰਮ ਨਾਲ ਭਰ ਦਿੱਤੀ। ਇਸ ਬਦਨਾਮੀ ਜਾਂ ਘ੍ਰਿਣਿਤ ਅਪਰਾਧ ਉਨ੍ਹਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੰਦਾ ਹੈ ਅਤੇ ਉਸ ਤੋਂ ਜਿਊਣ ਦਾ ਅਧਿਕਾਰ ਵੀ ਖੋਹ ਲੈਂਦਾ ਹੈ। ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਵਿਆਹ ‘ਤੇ ਦਹੇਜ ਦੇਣ ਤੋਂ ਬਾਅਦ ਵੀ ਜਲਾ ਦਿੱਤੀ ਜਾਂਦੀ ਹੈ। ਕਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਜਾਂ ਸਰੀਰਕ ਹਿੰਸਾ ਦਾ ਸ਼ਿਕਾਰ ਬਣਾ ਕੇ ਪ੍ਰੇਸ਼ਾਨ ਕੀਤੀ ਜਾਂਦੀ ਹੈ। ਭਰੂਣ ਹੱਤਿਆ ਵਿਚੋਂ ਬਚ ਵੀ ਗਈ ਤਾਂ ਇਸ ਦੁਨੀਆ ਵਿਚ ਆ ਕੇ ਹੋਰ ਵੀ ਬੁਰੇ ਤਰੀਕੇ ਨਾਲ ਮਾਰੀ ਜਾਂਦੀ ਹੈ। ਕੀ ਔਰਤ ਦੀ ਇਹ ਹੀ ਕਹਾਣੀ ਬਣ ਕੇ ਰਹਿ ਗਈ ਹੈ? ਕਿੱਥੇ ਹੈ ਸਮਾਜ ਜਿਸ ਦੀਆਂ ਜੜ੍ਹਾਂ ਇੰਨੀਆਂ ਖੋਖਲੀਆਂ ਹਨ ਕਿ ਉਸ ਨੂੰ ਇਨਸਾਫ ਜਾਂ ਉਸ ਲਈ ਲੜ ਨਾ ਸਕਣ।
‘ਬੇਟੀ ਬਚਾਓ ਤੇ ਬੇਟੀ ਪੜ੍ਹਾਓ’ ਦਾ ਨਾਅਰਾ ਦੇਣ ਵਾਲੀ ਇਹ ਭਾਰਤ ਸਰਕਾਰ ਇਕ ਖੋਖਲਾ ਜਿਹਾ ਨਾਅਰਾ ਦੇ ਕੇ ਬੇਟੀ ਦੀ ਪੜ੍ਹਾਈ ਤੇ ਬੇਟੀ ਸੁਰੱਖਿਆ ਤੋਂ ਮੁਕਤ ਹੋ ਕੇ ਰਹਿ ਗਈ ਹੈ। ਪਰ ਇਸ ਨਾਅਰੇ ਨੂੰ ਆਪਣੀ ਮੰਜ਼ਿਲ ਤੱਕ ਨਾ ਪਹੁੰਚਾ ਸਕੀ।
ਰੋਜ਼ ਕਿੰਨੀਆਂ ਹੀ ਬੇਟੀਆਂ, ਭੈਣਾਂ, ਬਹੂਆਂ ਇਸ ਸਮਾਜ ਦੇ ਰੀਤੀ ਰਿਵਾਜ਼ਾਂ ਤੇ ਹਵਸ ਦੀ ਬਲੀ ਚੜ੍ਹਦੀਆਂ ਹਨ। ਸਰਕਾਰ ਨੇ ਕਿਹੜੀ ਬੇਟੀ ਬਚਾਈ ਤੇ ਕਿਹੜੀ ਪੜ੍ਹਾਈ? ਸਰਕਾਰ ਕੇਵਲ ਝੂਠੇ, ਖੋਖਲੇ ਦਾਅਵੇ ਤੇ ਨਾਅਰੇ ਹੀ ਦੇ ਸਕਦੀ ਹੈ। ਕਿਉਂ ਨਾ ਇਨ੍ਹਾਂ ਹਵਸ ਦੇ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ, ਕਿਉਂ ਕਾਨੂੰਨ ਵਿਚ ਇੰਨੀ ਢਿੱਲ ਦਿੱਤੀ ਗਈ ਹੈ ਕਿ ਹਰ ਹਵਸ ਦਾ ਜਾਨਵਰ ਰੋਜ਼ ਇਕ ਮਾਸੂਮ ਦੀ ਆਬਰੂ ਨੂੰ ਤਾੜ-ਤਾੜ ਕਰਕੇ ਉਸ ਨੂੰ ਮੌਤ ਦੀ ਅੱਗ ਵਿਚ ਝੋਕ ਦਿੰਦਾ ਹੈ ਅਤੇ ਇਨ੍ਹਾਂ ਹੀ ਖੋਖਲੇ ਕਾਨੂੰਨਾਂ ਦਾ ਫਾਇਦਾ ਚੁੱਕ ਕੇ ਆਪਣੇ ਆਪ ਨੂੰ ਸਜ਼ਾ ਦੇਣ ਤੋਂ ਬਚਾ ਲੈਂਦਾ ਹੈ। ਯੂਪੀ ਵਿਚ ਯੋਗੀ ਸਰਕਾਰ ਨੂੰ ਬਣੇ ਹੋਏ ਕਿੰਨਾ ਹੀ ਸਮਾਂ ਹੋ ਚੁੱਕਾ ਹੈ, ਪਰ ਇਹ ਸਰਕਾਰ ਇਸਤਰੀ ਦੀ ਆਬਰੂ ਦੀ ਰਾਖੀ ਲਈ ਜਾਂ ਉਨ੍ਹਾਂ ਦੇ ਅਧਿਕਾਰਾਂ ਲਈ ਕੀ ਕਰ ਪਾਈ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸਤਰੀ ਦੀ ਆਬਰੂ ਤੇ ਜਾਨ ਦੀ ਰਾਖੀ ਲਈ ਪੁਰਾਣੇ ਬਣਾਏ ਹੋਏ ਕਾਨੂੰਨਾਂ ਵਿਚ ਸੋਧ ਕਰਕੇ ਨਵੇਂ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਫਾਂਸੀ ਦੀ ਸਜ਼ਾ ਮੁਕੱਰਰ ਕੀਤੀ ਜਾਵੇ ਤਾਂ ਜੋ ਕੋਈ ਵੀ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਜਾਂ ਉਸਦੇ ਜ਼ਹਿਨ ਵਿਚ ਇਹ ਕਰਨ ਦਾ ਵਿਚਾਰ ਹੀ ਨਾ ਆਵੇ। ਦਹੇਜ਼ ਪ੍ਰਥਾ, ਘਰੇਲੂ ਹਿੰਸਾ ਅਤੇ ਸੈਕਸੂਅਲ ਹਰਾਸਮੈਂਟ ‘ਤੇ ਨਕੇਲ ਪਾਉਣ ਲਈ ਸਖਤੀ ਵਰਤੀ ਜਾਵੇ, ਕੜੇ ਕਾਨੂੰਨ ਬਣਾਏ ਜਾਣ ਤੇ ਇਸਤਰੀ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਤਾਂ ਜੋ ਕੋਈ ਘਰ ਕੁੜੀ ਦੇ ਜਨਮ ‘ਤੇ ਦੁੱਖ ਨਾ ਮਨਾਵੇ, ਭਰੂਣ ਹੱਤਿਆ ਜਾਂ ਜਨਮ ਤੋਂ ਬਾਅਦ ਜ਼ਹਿਰ ਦੇ ਕੇ ਮਾਰਨ ਬਾਰੇ ਨਾ ਸੋਚੇ। ਇਕ ਐਸੇ ਸਮਾਜ ਦੀ ਸਥਾਪਨਾ ਕੀਤੀ ਜਾਵੇ, ਜਿੱਥੇ ਇਸਤਰੀ ਵੀ ਆਪਣੀ ਜ਼ਿੰਦਗੀ ਜਿਊਣ ਲਈ ਸੁਤੰਤਰ ਹੋਵੇ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …