ਪ੍ਰਿੰ. ਸਰਵਣ ਸਿੰਘ
ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬਲਬੀਰ ਸਿੰਘ ਚੇਅਰ ਦੀ ਸਥਾਪਨਾ ਕਰ ਕੇ ਸਨਮਾਨਿਤ ਕੀਤਾ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਤੇ ਬਲਬੀਰ ਸਿੰਘ ਦੋਹਾਂ ਨੂੰ ਮੁਬਾਰਕਾਂ। ਚੇਅਰ ਦੇ ਮੁੱਢਲੇ ਮੁਖੀ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੂੰ ਵੀ ਵਧਾਈਆਂ। ਮੇਰੀਆਂ ਬਲਬੀਰ ਸਿੰਘ ਨਾਲ ਮੁਲਾਕਾਤਾਂ ਹੁੰਦੀਆਂ ਹੀ ਰਹਿੰਦੀਐਂ। ਉਨ੍ਹਾਂ ਮੁਲਕਾਤਾਂ ‘ਚੋਂ ਹੀ ਉਹਦੀ ਜੀਵਨੀ ‘ਗੋਲਡਨ ਗੋਲ’ ਨਿਕਲੀ ਸੀ। ਉਹ ਕਹਿੰਦਾ ਹੈ, ”92 ਸਾਲ ਦੀ ਉਮਰ ਵਿਚ ਮੈਂ ਪਿੱਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉਥੇ ਮੈਂ ਮੁੰਡੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ ਜਦੋਂ ਮੋਗੇ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਕੀਲ ਲੈਂਦੀ, ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾਂ ਜਾਂ ਛਾਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ?ਮੈਂ ਹਾਕੀ ਦੀ ਮੰਗ ਕੀਤੀ ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ…।
ਮੇਰੇ ‘ਤੇ ਰੱਬ ਦੀ ਰਹਿਮਤ ਹੈ ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਅਨੁਸਾਸ਼ਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚਾਂ, ਟੀਮ ਸਾਥੀਆਂ, ਦੋਸਤਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸਰਦਾਰਨੀ ਸੁਸ਼ੀਲ ਕੌਰ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ, ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।”
ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ ‘ਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ ਹੈਟ ਟ੍ਰਿੱਕ’ ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ‘ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ‘ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ 64 ਸਾਲ ਪੁਰਾਣਾ ਰਿਕਾਰਡ ਹੈ!
ਉਹਦਾ ਜਨਮ 31 ਦਸੰਬਰ 1923 ਨੂੰ ਨਾਨਕੇ ਪਿੰਡ ਹਰੀਪੁਰ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਉਹਦਾ ਦਾਦਕਾ ਗੋਤ ਦੁਸਾਂਝ ਹੈ, ਨਾਨਕਾ ਧਨੋਆ। ਉਹਦੇ ਸਹੁਰੇ ਲਹੌਰੀਏ ਸੰਧੂ ਹਨ ਜਿਨ੍ਹਾਂ ਦਾ ਪਿਛਲਾ ਪਿੰਡ ਪਢਾਣਾ ਸੀ। ਉਹਦੇ ਪੁਰਖਿਆਂ ਦੀ ਬੰਸਾਵਲੀ ਵਿਚ ਦਸਵਾਂ ਪੁਰਖਾ ਭਾਈ ਬਿਧੀ ਚੰਦ ਸੀ। ਇਹ ਬੰਸਾਵਲੀ ਬਲਬੀਰ ਸਿੰਘ ਤੋਂ ਉਪਰ ਤੁਰਦੀ ਦਲੀਪ ਸਿੰਘ, ਬਸੰਤ ਸਿੰਘ, ਜੈਮਲ ਸਿੰਘ, ਦਲ ਸਿੰਘ, ਚੜ੍ਹਤ ਸਿੰਘ, ਗੁਰ ਸਿੰਘ, ਜੱਸੂ, ਦਲਪਤ, ਬਿਧੀ ਚੰਦ, ਡੱਲਾ, ਰਜਾਣੀਆਣ, ਸਾਬਾ ਤੇ ਦੁਸਾਂਝ ਤੋਂ ਹੁੰਦੀ ਹੋਈ ਸਰੋਇਆ ਤਕ ਜਾਂਦੀ ਹੈ।
ਲੰਡਨ ਓਲੰਪਿਕ-2012 ਦੀ ਨੁਮਾਇਸ਼ ਲਈ ਓਲੰਪਿਕ ਸਫ਼ਰ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਹੈ। ਸਾਰੀ ਦੁਨੀਆ ‘ਚੋਂ ਹਾਕੀ ਦਾ ਉਹ ਇਕੋ ਇਕ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?
ਉਹ ਕਹਿੰਦਾ ਹੈ, ”ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ। ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ।” ਕੀ ਸਰਕਾਰ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹੈ? ਪੰਜਾਬ ਯੂਨੀਵਰਸਿਟੀ ਨੇ ਤਾਂ ਆਪਣਾ ਫ਼ਰਜ਼ ਪਛਾਣ ਲਿਐ, ਭਾਰਤ ਸਰਕਾਰ ਪਤਾ ਨਹੀਂ ਕਦੋਂ ਪਛਾਣੇਗੀ?
ਓਲੰਪਿਕ ਖੇਡਾਂ ਦੇ ਤਿੰਨ, ਏਸ਼ਿਆਈ ਖੇਡਾਂ ਦਾ ਇਕ ਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੱਤ ਮੈਡਲ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਹਾਲੇ ਤਕ ਕਿਸੇ ਸਰਕਾਰ ਨੇ ਕੋਈ ਵੱਡਾ ਮਾਣ ਸਨਮਾਨ ਨਹੀਂ ਦਿੱਤਾ। ਉਲਟਾ ਉਹਦੀਆਂ ਸਪੋਟਰਸ ਅਥਾਰਟੀ ਆਫ਼ ਇੰਡੀਆ ਨੂੰ ਭੇਟ ਕੀਤੀਆਂ ਅਨਮੋਲ ਖੇਡ ਨਿਸ਼ਾਨੀਆਂ ‘ਗੁਆ’ ਦਿੱਤੀਆਂ ਹਨ। ਹਿੰਦ-ਚੀਨ ਜੰਗ ਸਮੇਂ ਉਸ ਨੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਇਹ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਮੈਡਲ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ।
ਓਲੰਪਿਕ ਖੇਡਾਂ ਦਾ ਗੋਲਡ ਮੈਡਲ ਭਾਰਤੀ ਹਾਕੀ ਟੀਮ ਨੇ ਭਾਵੇਂ ਅੱਠ ਵਾਰ ਜਿੱਤਿਆ ਪਰ ਵਿਸ਼ਵ ਹਾਕੀ ਕੱਪ ਕੇਵਲ ਇਕ ਵਾਰ ਹੀ ਜਿੱਤਿਆ ਜੋ 1975 ਵਿਚ ਕੁਆਲਾ ਲੰਪੁਰ ਖੇਡਿਆ ਗਿਆ ਸੀ। ਉਦੋਂ ਹਾਕੀ ਟੀਮ ਤਿਆਰ ਕਰਨ ਦੀ ਮੁੱਖ ਜ਼ਿਮੇਵਾਰੀ ਬਲਬੀਰ ਸਿੰਘ ਦੀ ਸੀ।
ਬਲਬੀਰ ਸਿੰਘ ਨੂੰ ਅੱਖੋਂ ਪਰੋਖੇ ਕਰ ਧਿਆਨ ਚੰਦ ਨੂੰ ਪਦਮ ਭੂਸ਼ਨ ਅਵਾਰਡ ਦਿੱਤਾ ਗਿਆ। ਪਟਿਆਲੇ ਦੇ ਕੌਮੀ ਖੇਡ ਸੰਸਥਾਨ ਵਿਚ ਧਿਆਨ ਚੰਦ ਹੋਸਟਲ ਤੇ ਦਿੱਲੀ ਨੈਸ਼ਨਲ ਸਟੇਡੀਅਮ ਦਾ ਨਾਂ ਧਿਆਨ ਚੰਦ ਹਾਕੀ ਸਟੇਡੀਅਮ ਰੱਖਿਆ ਗਿਆ।
ਧਿਆਨ ਚੰਦ ਦੇ ਨਾਂ ਉਤੇ ਭਾਰਤ ਦਾ ਨਾਮੀ ਖੇਡ ਪੁਰਸਕਾਰ ਦਿੱਤਾ ਜਾ ਰਿਹੈ ਤੇ ਉਹਦੇ ਜਨਮ ਦਿਨ ਨੂੰ ਭਾਰਤ ਦੇ ਖੇਡ ਦਿਵਸ ਵਜੋਂ ਮਨਾਇਆ ਜਾ ਰਿਹੈ। ਪਰ ਬਲਬੀਰ ਸਿੰਘ ਦਾ ਨਾਮ ਕੁਝ ਦਿਨ ਪਹਿਲਾਂ ਤਕ ਕਿਤੇ ਵੀ ਨਹੀਂ ਸੀ ਜੋੜਿਆ ਗਿਆ। ਮੁਹਾਲੀ ਦੇ ਹਾਕੀ ਸਟੇਡੀਅਮ ਨਾਲ ਵੀ ਨਹੀਂ। ਖਿਡਾਰੀਆਂ ਦਾ ਆਪਸੀ ਮੁਕਾਬਲਾ ਕਰਨਾ ਵਾਜਬ ਨਹੀਂ ਪਰ ਜੇ ਨਿਰਪੱਖਤਾ ਨਾਲ ਘੋਖਿਆ ਜਾਵੇ ਤਾਂ ਬਲਬੀਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਧਿਆਨ ਚੰਦ ਨਾਲੋਂ ਵੱਧ ਹਨ। ਬਤੌਰ ਖਿਡਾਰੀ, ਟੀਮ ਕੈਪਟਨ, ਕੋਚ/ਮੈਨੇਜਰ, ਖੇਡ ਪ੍ਰਬੰਧਕ, ਖੇਡ ਲੇਖਕ ਤੇ ਜੈਂਟਲਮੈਨ ਸਪੋਰਟਸਮੈਨ ਵਜੋਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਧਿਆਨ ਚੰਦ ਨੂੰ ਨਹੀਂ, ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ ਦਾ ਆਈਕੋਨ ਚੁਣਿਆ।
ਇਹਦੇ ਬਾਵਜੂਦ ਬਲਬੀਰ ਸਿੰਘ ਦੇ ਮਨ ਵਿਚ ਧਿਆਨ ਚੰਦ ਲਈ ਸਤਿਕਾਰ ਹੈ ਕਿਉਂਕਿ ਬਚਪਨ ਵਿਚ ਉਹ ਉਸ ਦਾ ਰੋਲ ਮਾਡਲ ਸੀ। ਉਦੋਂ ਨਹੀਂ ਸੀ ਪਤਾ ਕਿ ਹਾਕੀ ਦੀ ਖੇਡ ਵਿਚ ਉਸ ਦੀਆਂ ਪ੍ਰਾਪਤੀਆਂ ਉਸ ਦੇ ਰੋਲ ਮਾਡਲ ਤੋਂ ਵੀ ਵਧ ਜਾਣਗੀਆਂ। 1948 ਦੇ ਆਸ ਪਾਸ ਫ਼ਿਰੋਜ਼ਪੁਰ ਹਾਕੀ ਦੇ ਮੈਚ ਹੁੰਦੇ ਤਾਂ ਧਿਆਨ ਚੰਦ ਆਰਮੀ ਦੀ ਟੀਮ ਦਾ ਕੈਪਟਨ ਹੁੰਦਾ ਤੇ ਬਲਬੀਰ ਸਿੰਘ ਸਿਵਲੀਅਨ ਟੀਮ ਦਾ। ਦੋਵੇਂ ਸੈਂਟਰ ਫਾਰਵਰਡ ਖੇਡਦੇ ਤੇ ਮੈਚ ਅਕਸਰ ਬਲਬੀਰ ਸਿੰਘ ਦੀ ਟੀਮ ਜਿੱਤਦੀ।
ਕਈ ਵਾਰ ਤੱਥਾਂ ਤੋਂ ਬਿਨਾਂ ਖਿਡਾਰੀਆਂ ਬਾਰੇ ਦੰਦ ਕਥਾਵਾਂ ਚੱਲ ਪੈਂਦੀਆਂ ਤੇ ਘੱਟ ਪ੍ਰਾਪਤੀਆਂ ਵਾਲੇ ਖਿਡਾਰੀ ਵੱਧ ਪ੍ਰਾਪਤੀਆਂ ਵਾਲੇ ਖਿਡਾਰੀਆਂ ਨਾਲੋਂ ਵੱਡੇ ਦਰਸਾ ਦਿੱਤੇ ਜਾਂਦੇ ਨੇ। ਧਿਆਨ ਚੰਦ ਤੇ ਬਲਬੀਰ ਸਿੰਘ ਦੇ ਕੇਸ ਵਿਚ ਵੀ ਅਜਿਹਾ ਹੀ ਹੋਇਐ। ਕੀ ਅਜੋਕੀ ਸਰਕਾਰ ਏਧਰ ਧਿਆਨ ਦੇਵੇਗੀ? (‘ਗੋਲਡਨ ਗੋਲ’ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਿਤ ਕੀਤੀ ਹੈ ਜਿਨ੍ਹਾਂ ਦਾ ਫੋਨ 92090-00001 ਹੈ)